ਬੁਲੰਦ ਆਵਾਜ਼ ਦਾ ਹਰਮਨ ਪਿਆਰਾ ਗਾਇਕ ਭੁਪਿੰਦਰ ਸਿੰਘ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 4 ਸਤੰਬਰ:

ਸੁਰ ਸੰਗੀਤ ਦੀ ਕਲਾ ਦੇ ਖੂਬਸੂਰਤ ਰੰਗ, ਮਨ ਦੀਆਂ ਪਰਤਾਂ ‘ਚੋਂ ਜਦ ਪਾਣੀ ਦੀਆਂ ਛੱਲਾਂ ਵਾਂਗ ਲਹਿਰਾਉਂਦੇ ਹਨ ਤਾਂ ਇਸ ਦੀ ਮਸਤੀ ਦੇ ਲੋਰ ਦਾ ਆਲਮ ਹੀ ਕੁਝ ਹੋਰ ਹੁੰਦਾ ਹੈ। ਇਸ ਦੇ ਜਾਦੂ ਦਾ ਅਸਰ ਜਦ ਸਿਰ ਚੜ੍ਹ ਬੋਲਦਾ ਹੈ ਤਾਂ ਹਰ ਕੋਈ ਜਿਵੇਂ ਕੀਲਿਆ ਹੀ ਤਾਂ ਜਾਂਦਾ ਹੈ। ਇਸ ਤਰਾਂ ਦੀਆਂ ਸੁਰੀਲੀਆਂ ਸੁਰਾਂ ਦੀ ਚੁੰਬਕੀ ਖਿੱਚ ਹੈ, ਚੰਡੀਗੜ੍ਹ ਪੁਲਿਸ ਦੀ ਟਰੈਫਿਕ ਵਿੰਗ ਵਿੱਚ ਤਾਇਨਾਤ ਰਹੇ ਬੁਲੰਦ ਆਵਾਜ਼ ਦੇ ਗਾਇਕ ਭੁਪਿੰਦਰ ਸਿੰਘ ਦੀ ਗਾਇਕੀ ਵਿੱਚ। ਜਦ ਉਹ ਆਪਣੀ ਗਾਇਕੀ ਦੇ ਪੂਰੇ ਜਲੌਅ ਵਿੱਚ ਆ ਕੇ ਚੰਡੀਗੜ੍ਹ ਦੀਆਂ ਨਿਯਮਤ ਸੜਕਾਂ ‘ਤੇ ਲਾਈਟ ਪੁਆਇੰਟਾਂ ‘ਤੇ ਭੀੜ-ਭਾੜ ਵਾਲੀਆਂ ਪਾਰਕਿੰਗਾਂ ‘ਤੇ ਆਮ ਹੀ ਅਵਾਮ ਨੂੰ ਟਰੈਫਿਕ ਨਿਯਮਾਂ ਬਾਰੇ ਆਪਣੇ ਹੀ ਲਿਖੇ ਗੀਤਾਂ ਰਾਹੀਂ ਗਾ ਕੇ ਜਾਗ੍ਰਿਤ ਕਰਦਿਆਂ ਕਰਦਿਆਂ, ਉਸ ਦੀ ਗਾਈਨ ਕਲਾ ਹਰੇਕ ਵੱਲੋਂ ਬੇਹਦ ਪਸੰਦ ਕੀਤੀ ਗਈ। ਭਾਵੇਂ ਕਿ ਉਸਦੀ ਗਾਇਕੀ ‘ਚ ਆਮ ਗਾਇਕਾਂ ਵਾਂਗ ਪ੍ਰੋਫੈਸ਼ਨਲ ਪੱਖ ਭਾਰੂ ਨਹੀਂ ਰਿਹਾ, ਫਿਰ ਵੀ ਉਹ ਕਿਤੇ ਨਾ ਕਿਤੇ ਵੱਡੀ ਪੱਧਰ ‘ਤੇ ਬਿਊਟੀਫੁੱਲ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਦੀ ਜਨਤਾ ਨੂੰ ਗਾਹੇ-ਬਗਾਹੇ ਸੜਕ ‘ਤੇ ਚਲਦਿਆਂ ਟਰੈਫਿਕ ਦੇ ਕਾਇਦੇ ਕਾਨੂੰਨ ਨੂੰ ਆਪਣੇ ਗੀਤਾਂ ਰਾਹੀਂ ਮਨੋਰੰਜਨ ਦੇ ਤੌਰ ਤਰੀਕਿਆਂ ਨਾਲ ਪਾਠ ਪੜਾਉਂਦਾ ਆਪਣੇ ਅਨੇਕਾਂ ਗੀਤਾਂ ਰਾਹੀਂ ਜਿਨ੍ਹਾਂ ਵਿੱਚੋਂ ਖਾਸ ਕਰਕੇ “ਚੰਡੀਗੜ੍ਹ ਦਾਰੂ ਪੀ ਕੇ ਨਾ ਆਈ ਓਏ, ਰਾਤੀ ਨਾਕੇ ਲੱਗਦੇ, ਜਿਸ ਨੇ ਖੂਬ ਚਰਚਾ ਤੇ ਹਰੇਕ ਵੱਲੋਂ ਵਾਹਵਾ ਖੱਟੀ। ਇਸ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੇ ਗੀਤ, ਗੱਡੇ ਤੇ ਨਾ ਚੜ੍ਹਦੀ, ਗਡਰੀਏ ਤੇ ਨਾ ਚੜਦੀ ਗੀਤ ਦੇ ਵਰਜਨ ‘ਤੇ ਭੁਪਿੰਦਰ ਦਾ ਗੀਤ “ਗੱਡੀ ਨੂੰ ਕਰੇਨ ਲੈ ਗਈ, ਬੋਲੋ ਤਾਰਾ ਰਾਰਾ… ਚੰਡੀਗੜ੍ਹ ਸੈਕਟਰ 19 ਵਿੱਚ ਗਾਇਆ ਤਾਂ ਗਾਣੇ ਦਾ ਵੀਡੀਓ ਜਿਉਂ ਹੀ ਵਾਇਰਲ ਹੋਇਆ ਤਾਂ ਭੁਪਿੰਦਰ ਕੇਰਾਂ ਸਟਾਰ ਗਾਇਕ ਬਣ ਗਿਆ। ਦਲੇਰ ਮਹਿੰਦੀ ਸਮੇਤ ਕਈ ਹਿੰਦੀ ਫਿਲਮ ਦੇ ਸਟਾਰ ਐਕਟਰਾਂ ਚੋਂ ਆਸ਼ੂਮਾਨ ਖੁਰਾਣਾ ਤੇ ਇੰਡੀਅਨ ਆਈਡਲ ਟੀਮ ਦੇ ਜੱਜ ਵਿਸ਼ਾਲ ਦਾਦਲਾਣੀ ਆਦਿ ਨੇ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਭੁਪਿੰਦਰ ਨੂੰ ਖੁਦ ਮਿਲ ਕੇ ਉਸਦੀ ਗਾਇਕੀ ਦੀ ਖੂਬ ਪ੍ਰ਼ਸੰਸਾ ਕੀਤੀ।

ਸਰਹੱਦੀ ਜਿਲ੍ਹੇ ਦੇ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਜੋੜੀਆਂ ਕਲਾਂ ਦੀਆਂ ਜੂਹਾਂ ਵਿੱਚ ਜੰਮ ਪਲ ਕੇ ਗੱਭਰੂ ਹੋਏ ਭੁਪਿੰਦਰ ਨੇ ਸਾਲ 1987 ਵਿੱਚ ਚੰਡੀਗੜ੍ਹ ਪੁਲਿਸ ਵਿੱਚ ਬਤੌਰ ਸਿਪਾਹੀ ਸਰਵਿਸ ਦੀ ਸ਼ੁਰੂਆਤ ਕੀਤੀ। ਭੁਪਿੰਦਰ ਦਾ ਕਹਿਣਾ ਹੈ ਕਿ ਉਸ ਨੂੰ ਵੀ ਹੋਰ ਗਾਇਕਾਂ ਦੀ ਤਰ੍ਹਾਂ ਚੜਦੀ ਉਮਰੇ ਹੀ ਗੀਤ ਸੰਗੀਤ ਨਾਲ ਬਹੁਤ ਲਗਾਓ ਹੋ ਗਿਆ ਸੀ, ਜਿਸ ਨੇ ਸਾਲ 2002 ਵਿੱਚ ਉੱਘੇ ਸੰਗੀਤਕਾਰ ਬਰਿੰਦਰ ਬਚਨ ਦੇ ਮਿਊਜਿਕ ਵਿੱਚ ਪਲੇਠੀ ਕੈਸਟ “ਲੰਬੜਾਂ ਦੀ ਖੂਹੀ” ਸਰੋਤਿਆਂ ਦੇ ਸਨਮੁੱਖ ਕੀਤੀ ਸੀ। ਭਾਵੇਂ ਕਿ ਬਹੁਤੀ ਵਧੀਆ ਗੱਲ ਨਾ ਬਣ ਸਕੀ, ਪਰ ਉਸਨੇ ਹੱਠ ਦਾ ਪੱਲਾ ਨਾ ਛੱਡਿਆ। ਪੁਲਿਸ ਡਿਊਟੀ ਦੇ ਨਾਲ ਨਾਲ ਉਹ ਆਪਣੀ ਗਾਇਕੀ ਦੇ ਸ਼ੌਕ ਦੇ ਤੰਦ ਵੀ ਪਾਉਂਦਾ ਰਿਹਾ। ਖਾਸ ਕਰਕੇ ਸਾਲ 2012 ਤੋਂ ਟ੍ਰੈਫਿਕ ਡਿਊਟੀ ਦੌਰਾਨ ਆਮ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਵਿੱਚ ਵਰਤੀ ਜਾਂਦੀ ਅਣਗਹਿਲੀ ਤੇ ਲਾਪਰਵਾਹੀ ਨੂੰ ਗੀਤਾਂ ਰਾਹੀਂ ਪੇਸ਼ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਵਿੱਚ ਉਹ ਕਰੀਬ ਦੋ ਢਾਈ ਦਰਜਨ ਗੀਤਾਂ ਦੀ ਖੁਦ ਰਚਨਾ ਕਰਕੇ ਗਾ ਚੁੱਕਿਆ ਹੈ। ਗੀਤਾਂ ਨਾਲ ਟ੍ਰੈਫਿਕ ਲਾਈਟ ਪੁਆਇੰਟਾਂ ‘ਤੇ ਹੋਰ ਭੀੜ ਭੜੱਕੇ ਵਾਲੀਆਂ ਮਾਰਕੀਟ ਪਾਰਕਿੰਗਾਂ ਦੇ ਇਕੱਠ ਵਿੱਚ ਇੱਕ ਤੋਂ ਇੱਕ ਵੱਧ ਕੇ ਮਨੋਰੰਜਨ ਭਰਪੂਰ ਗੀਤਾਂ ਰਾਹੀਂ ਜਿਨ੍ਹਾਂ ਵਿੱਚੋਂ ਖਾਸ ਕਰਕੇ ਨੋ ਪਾਰਕਿੰਗ ਨੋ ਪਾਰਕਿੰਗ, ਚੰਡੀਗੜ੍ਹ ਆ ਕੇ ਚਲਾਨ ਹੋ ਗਿਆ, ਬਿਨਾਂ ਗੱਲ ਤੋਂ ਹਾਰਨ ਕਿਉਂ ਵਜਾਈ ਜਾਂਦਾ ਐ, ਚੰਡੀਗੜ੍ਹ ਵਿੱਚ ਸਿਰ ‘ਤੇ ਹੈਲਮਟ ਪਾਉਣ ਕੁੜੀਆਂ, ਗੇੜੀ ਰੂਟ ਚੰਡੀਗੜ੍ਹ ਲਾਉਂਦਾ, ਸਿਰ ਤੇ ਹੈਲਮਟ ਨਾ ਪਾਉਂਦਾ ਆਦਿ ਗੀਤ ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ ‘ਤੇ ਅਤੇ ਉਸਦੇ ਚੈਨਲ ‘ਤੇ ਵਾਹਵਾ ਬੱਲੇ ਬੱਲੇ ਬਟੋਰ ਰਹੇ ਹਨ। ਭੁਪਿੰਦਰ ਦੀਆਂ ਪੁਲਿਸ ਸੇਵਾਵਾਂ ਨੂੰ ਤੇ ਉਸਦੀ ਗਾਇਕੀ ਕਲਾ ਨੂੰ ਦੇਖਦਿਆਂ ਬਹੁਤ ਸਾਰੀਆਂ ਸੰਸਥਾਵਾਂ ਤੇ ਖਾਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 15 ਅਗਸਤ 2017 ਨੂੰ ਉਸ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਭੁਪਿੰਦਰ ਸਿੰਘ ਅੱਜ ਕੱਲ੍ਹ ਬਤੌਰ ਇੰਸਪੈਕਟਰ ਪੁਲਿਸ ਮਹਿਕਮੇ ‘ਚੋਂ ਸੇਵਾ-ਮੁਕਤੀ ਉਪਰੰਤ ਖਰੜ ਸ਼ਹਿਰ ਵਿੱਚ ਪਰਿਵਾਰਕ ਮੈਂਬਰਾਂ ਨਾਲ ਆਨੰਦਮਈ ਜੀਵਨ ਬਤੀਤ ਕਰ ਰਿਹਾ ਹੈ ਤੇ ਗਾਇਕੀ ਵਿੱਚ ਉਹ ਆਉਣ ਵਾਲੇ ਦਿਨਾਂ ਵਿੱਚ ਸਰੋਤਿਆਂ ਨੂੰ ਹੋਰ ਵੀ ਮਨੋਰੰਜਨ ਭਰਪੂਰ ਗੀਤ ਦੇਣ ਜਾ ਰਿਹਾ ਹੈ। ਸ਼ਾਲਾ ! ਉਸਦੀ ਗਾਇਕੀ ਹੋਰ ਵੀ ਸਫਲਤਾ ਨਾਲ਼ ਮੰਜ਼ਿਲਾਂ ਤੈਅ ਕਰੇ।
