ਬਹੁ-ਪੱਖੀ ਸ਼ਖਸੀਅਤ ਦਾ ਮਾਲਕ – ਮਲਕੀਅਤ ਸਿੰਘ ਔਜਲਾ/ ਸੁਰਜੀਤ ਸੁਮਨ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 04 ਸਤੰਬਰ:

(ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਮਿਤੀ 06 ਸਤੰਬਰ, 2026 ਨੂੰ ਮਲਕੀਅਤ ਸਿੰਘ ਔਜਲਾ ਦਾ ਰੂਬਰੂ ਤੇ ਸਨਮਾਨ ਕਰਵਾਇਆ ਜਾ ਰਿਹਾ ਹੈ। ਅਦਾਰਾ ਸਹਿਜਧਾਰਾ ਡਾਟ ਇਨ ਮਲਕੀਅਤ ਸਿੰਘ ਔਜਲਾ ਨੂੰ ਇਸ ਮੌਕੇ ਲਈ ਦਿਲੋਂ ਮੁਬਾਰਕ ਪੇਸ਼ ਕਰਦਾ ਹੈ – ਸੁਰਜੀਤ ਸੁਮਨ, ਸੰਪਾਦਕ।)
ਸਮਾਜਿਕ, ਸਾਹਿਤਕ ਤੇ ਸਭਿਆਚਾਰਕ ਹਲਕਿਆਂ ਵਿੱਚ ਮਲਕੀਅਤ ਸਿੰਘ ਔਜਲਾ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਗੀਤ ਸਿਰਜਦਾ ਹੈ, ਗਾਉਂਦਾ ਹੈ ਤੇ ਵਾਰਤਕ ਵੀ ਲਿਖਦਾ ਹੈ। ਓਹਦੇ ਗੀਤ ਬਿਨਾਂ ਕਿਸੇ ਵਿੰਗ-ਵਲ਼ ਦੇ ਸਿੱਧਾ ਆਮ ਸਰੋਤੇ/ ਦਰਸ਼ਕ ਦੇ ਦਿਲ ਵਿੱਚ ਉਤਰਦੇ ਚਲੇ ਜਾਂਦੇ ਹਨ। ਉਸ ਦੇ ਲਿਖੇ ਗੀਤ ਕਈ ਗਾਇਕਾਂ ਵੱਲੋਂ ਗਾਏ ਗਏ ਹਨ, ਪਰੰਤੂ ‘ਤੇਰਾ ਢੋਲ ਨੀਂ ਪੰਜਾਬੋ ਅੰਗਰੇਜ਼ੀ ਬੋਲਦਾ’ ਗੀਤ ਵਿਲੱਖਣ ਨਜ਼ਾਰਾ ਪੇਸ਼ ਕਰਦਾ। ਨੇੜਲੀ ਰਿਸ਼ਦੇਤਾਰੀ ਵਿੱਚੋਂ ਭਰਾ ਲਗਦੇ ਸੰਸਾਰ ਪ੍ਰਸਿੱਧ ਗਾਇਕ ਸੁਰਜੀਤ ਬਿੰਦਰਖੀਆ ਦੇ ਬੇਵਕਤ ਵਿਛੋੜੇ ਨੇ ਉਸ ਦੇ ਮਨ ‘ਤੇ ਗਹਿਰਾ ਅਸਰ ਪਾਇਆ, ਜਿਸ ਨੇ ਉਸ ਨੂੰ ਕਲਮ ਚੁੱਕਣ ਲਈ ਮਜ਼ਬੂਰ ਕਰ ਦਿੱਤਾ। ਸੁਰਜੀਤ ਬਿੰਦਰਖੀਆ ਓਹਦੇ ਸੁਫਨਿਆਂ ਵਿੱਚ ਆਉਣ ਲੱਗਾ। ਉਸ ਨੂੰ ਆਪਣੀ ਜ਼ਿੰਦਗਾਨੀ ਦੀ ਦਾਸਤਾਨ ਸੁਣਾਉਂਦਾ। ਉਹਦੇ ਨਾਲ਼ ਗੱਲਾਂ ਕਰਦਾ। ਇਸੇ ਭੰਨ-ਤੋੜ ਵਿੱਚੋਂ ਮਲਕੀਅਤ ਔਜਲਾ ਦੀ ਪਲੇਠੀ ਪੁਸਤਕ ‘ਸੁਰਜੀਤ ਬਿੰਦਰਖੀਆ ਜੀਵਨ ਤੇ ਗਾਇਕੀ’ ਨੇ ਜਨਮ ਲਿਆ। ਮੇਰਾ ਸਹਿਕਰਮੀ ਹੋਣ ਨਾਤੇ ਉਸ ਨੇ ਆਪਣੀ ਪਲੇਠੀ ਪੁਸਤਕ ਮੈਨੂੰ ਵੀ ਭੇਟ ਕੀਤੀ। ਬਿੰਦਰਖੀਆ ਦੇ ਰੋਪੜ੍ਹ ਦੀ ਧਰਤੀ ਤੋਂ ਉੱਠ ਦੇ ਆਪਣੀ ਨਿਵੇਕਲ਼ੀ ਗਾਇਨ ਸ਼ੈਲੀ ਰਾਹੀਂ ਸੰਸਾਰ ਪੱਧਰ ‘ਤੇ ਛਾ ਜਾਣ ਵਾਲ਼ੇ ਪਲਾਂ ਨੂੰ ਉਸ ਬਾਖੂਬੀ ਚਿਤਰਿਆ ਹੈ। ਔਜਲਾ ਦਾ ਬਿੰਦਰਖੀਆ ਪ੍ਰਤੀ ਸਨੇਹ, ਪਿਆਰ ਤੇ ਸਮਰਪਣ ਇਸ ਗੱਲੋਂ ਵੀ ਛਲ਼ਕਦਾ ਹੈ ਕਿ ਜਦੋਂ ਉਹ ਇਹ ਕਹਿੰਦਾ, ‘ਸੁਰਜੀਤ ਬਿੰਦਰਖੀਆ ਮੈਨੂੰ ਸੁਫਨੇ ਵਿੱਚ ਆ ਕੇ ਲਿਖਣ ਲਈ ਪ੍ਰੇਰਿਤ ਕਰਦਾ ਰਿਹਾ ਹੈ।’ ਔਜਲਾ ਇਸ ਰਚਨਾ ਨੂੰ ਨਿਰੀ ਕਲਪਨਾ ਦੀ ਕਸਵੱਟੀ ‘ਤੇ ਢਾਲ਼ ਕੇ ਹੀ ਨਹੀਂ ਲਿਖਦਾ, ਸਗੋਂ ਬਿੰਦਰਖੀਆ ਦੇ ਜੀਵਨ, ਉਸ ਦੇ ਰਸੂਖ, ਮਿਲਵਰਤਣ ਤੇ ਉਸ ਦੀ ਗਾਇਨ ਕਲਾ ਦਾ ਡੂੰਘਾ ਅਧਿਅਨ ਪੇਸ਼ ਕਰਨ ਵਿੱਚ ਸਫਲ ਹੋਇਆ ਹੈ।

ਚੰਡੀਗੜ੍ਹ ਵਸਾਉਣ ਲਈ ਉਜਾੜੇ ਗਏ ਪੁਆਧ ਦੇ 28 ਪਿੰਡਾਂ ਦੇ ਦਰਦ ਨੂੰ ਉਹ ਵੱਖ ਵੱਖ ਚੈਨਲਾਂ ਦੇ ਪੌਡਕਾਸਟਾਂ ਰਾਹੀਂ ਰੂਪਮਾਨ ਕਰਦਾ ਹੈ। ਸਦਾ ਲਈ ਪੁਆਧ ਦੀ ਧਰਤੀ ਤੋਂ ਮਿਟਾ ਦਿੱਤੇ ਗਏ ਇਨ੍ਹਾਂ ਪਿੰਡਾਂ ਦਾ ਨਾਂ, ਥਾਂ ਤੇ ਲੋਕ ਦਰਦ ਦਾ ਛਰਾਟਾ ਓਹਦੇ ਮਨ ਨੂੰ ਹਮੇਸ਼ਾ ਛਲ਼ਣੀ-ਛਲ਼ਣੀ ਕਰਦਾ ਰਹਿੰਦਾ ਹੈ। ਉਸ ਦਾ ਇੱਕ ਵਿਸ਼ੇਸ਼ ਕਾਰਣ ਇਹ ਵੀ ਹੈ ਕਿ ਮੁੱਲਾਂਪੁਰ ਗਰੀਬਦਾਸ ਦਾ ਜੰਮਪਲ ਹੋਣ ਕਰਕੇ ਓਹਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰੀਆਂ ਤੇ ਸਮਾਜ ਦੇ ਉਨ੍ਹਾਂ ਲੋਕਾਂ ਨੂੰ ਮਿਲ਼ ਕੇ ਅਕਸਰ ਉਹ ਉਨ੍ਹਾਂ ਦੇ ਦੁੱਖ-ਦਰਦ ਵਿੱਚੋਂ ਲੰਘਦਾ ਰਹਿੰਦਾ ਹੈ। ਉਸ ਸਮੇਂ ਦੀ ਯਾਦ ਵਜੋਂ ਅੱਜ ਵੀ ਬਚੇ ਖੜ੍ਹੇ ਪਿੱਪਲ, ਬੋਹੜ, ਖੂਹ, ਗੁਰੂ ਘਰ ਜਾਂ ਹੋਰ ਕਈ ਅਵਸ਼ੇਸ਼ ਉਸ ਨੂੰ ਆਪਣੇ ਵੱਲ ਖਿੱਚਦੇ ਹਨ। ਜਿਨ੍ਹਾਂ ਲੋਕਾਂ ਦੀ ਜੁਆਨੀ ਵੇਲ਼ੇ ਹੀ ਉਨ੍ਹਾਂ ਦੇ ਪਿੰਡ ਇਸ ਖਿੱਤੇ ਦੇ ਨਕਸ਼ੇ ਵਿੱਚੋਂ ਮਿਟਾ ਦਿੱਤੇ ਗਏ, ਹੁਣ ਜਦੋਂ ਜ਼ਿੰਦਗੀ ਦੇ ਅਖੀਰਲੇ ਪੜਾਅ ‘ਤੇ ਇਨ੍ਹਾਂ ਬਚੀਆਂ-ਖੁਚੀਆਂ ਯਾਦਾਂ ਨੂੰ ਛੇੜਦੇ ਹਨ, ਤਾਂ ਔਜਲਾ ਉਨ੍ਹਾਂ ਨੂੰ ਦੇ ਨਾਲ਼ ਨਾਲ਼ ਤੁਰ ਪੈਂਦਾ ਹੈ। ਉਨ੍ਹਾਂ ਨਾਲ਼ ਸੰਵਾਦ ਰਚਾਉਂਦਾ ਹੈ। ਉਨ੍ਹਾਂ ਦੇ ਦਿਲਾਂ ਵਿੱਚ ਬਣੇ ਨਾਸੂਰ ‘ਤੇ ਅਪਣੱਤ ਦਾ ਫਹਾ ਧਰਦਾ ਹੈ। ਔਜਲਾ ਨੂੰ ਇਨ੍ਹਾਂ ਲੋਕਾਂ ਦਾ ਦਰਦ ਸੰਤਾਲ਼ੀ ਦੇ ਉਜਾੜੇ ਦੇ ਦਰਦ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਲਗਦਾ। ਇਹ ਲੋਕ ਜਦੋਂ ਆਪਣੇ ਮਲਕੀਅਤੀ ਖੇਤਾਂ ਵਿੱਚ ਅੱਜ ਚੰਡੀਗੜ੍ਹ ਦੇ ਸ਼ਾਪਿੰਗ ਮਾਲ, ਸ਼ੋਅ ਰੂਮ ਤੇ ਹੋਰ ਖਿੜੀਆਂ ਗੁਲਜ਼ਾਰਾਂ ਦੇਖਦੇ ਹਨ, ਤਾਂ ਤੜਫ ਕੇ ਰਹਿ ਜਾਂਦੇ ਹਨ। ਇਨ੍ਹਾਂ ਲੋਕਾਂ ਦੀਆਂ ਪੀੜ੍ਹੀਆਂ ਦੇ ਇਸ ਦਰਦ ਨੂੰ ਮੌਜੂਦਾ ਸਮੇਂ ਵਿੱਚ ਵਸਾਏ ਗਏ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਵਿਉਂਤਬੱਧ ਉਸਾਰੀ ਨੂੰ ਵੀ ਆਪਣੀ ਪੈਨੀ ਨਜ਼ਰ ਨਾਲ਼ ਦੇਖਦਾ, ਵਾਚਦਾ ਤੇ ਸੀਨੇ ‘ਤੇ ਪੱਥਰ ਰੱਖ ਦੇ ਜਰਦਾ ਹੈ। ਇਹੋ ਮਲਕੀਅਤ ਸਿੰਘ ਔਜਲਾ ਦਾ ਮੀਰੀ ਗੁਣ ਹੈ, ਜਿਸ ਨੂੰ ਉਹ ਆਪਣੀਆਂ ਰਚਨਾਵਾਂ ਰਾਹੀਂ ਸਰੋਤੇ/ ਪਾਠਕ ਦੇ ਦਿਲ ‘ਤੇ ਗਹਿਰਾ ਅਸਰ ਕਰਨ ਦੇ ਵਜੂਦ ਵਜੋਂ ਦੇਖਦਾ ਹੈ।

ਮਲਕੀਅਤ ਸਿੰਘ ਔਜਲਾ ਇੱਕ ਸਸ਼ਕਤ ਪ੍ਰਬੰਧਕ ਤੇ ਜਥੇਬੰਦਕ ਆਗੂ ਵਜੋਂ ਵੀ ਉੱਭਰਿਆ ਹੈ। ਪੰਜਾਬ ਸਿਵਲ ਸਕੱਤਰੇਤ ਵਿਖੇ ਉੱਚ ਅਅਧਿਕਾਰੀਆਂ ਤੇ ਮਨਿਸਟਰਜ਼ ਨਾਲ਼ ਬਤੌਰ ਨਿੱਜੀ ਸਹਾਇਕ ਤੇ ਨਿੱਜੀ ਸਕੱਤਰ ਵਿਚਰਦਿਆਂ ਜਦੋਂ ਉਸ ਨੂੰ ਪੰਜਾਬ ਸਕੱਤਰੇਤ ਪ੍ਰਸਨਲ ਸਟਾਫ ਐਸੋਸੀਏਸ਼ਨ ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲ਼ਦਾ ਹੈ, ਤਾਂ ਉਹ ਆਪਣੇ ਸਾਥੀਆਂ ਨਾਲ਼ ਇੱਕ ਸੁਚੱਜੀ ਟੀਮ ਅਗਵਾਈ ਪ੍ਰਦਾਨ ਕਰਦਾ ਹੋਇਆ ਦਿਖਾਈ ਦਿੰਦਾ ਹੈ। ਸਹਿਕਰਮੀਆਂ, ਜੂਨੀਅਰ ਤੇ ਸੀਨੀਅਰਜ਼ ਦੇ ਦੁੱਖਾਂ-ਸੁੱਖਾਂ ਵਿੱਚ ਸ਼ਾਮਿਲ ਹੋਣਾ ਆਪਣਾ ਕਰਮ ਬਣਾ ਲੈਂਦਾ ਹੈ। ਇਸੇ ਰਫਤਾਰ ਵਿੱਚੋਂ ਫਿਰ ਉਸ ਨੂੰ ਜਦੋਂ ਮਰੀ-ਮੁੱਕੀ ਪੰਜਾਬ ਸਕੱਤਰੇਤ ਸਾਹਿਤ ਸਭਾ ਨੂੰ ਜੀਵੰਤ ਕਰਨ ਲਈ ਮੋਹਰੀ ਭੂਮਿਕਾ ਅਦਾ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਹ ਇਸ ਨੂੰ ਵੀ ਖਿੜੇ ਮੱਥੇ ਸਵੀਕਾਰਦਿਆਂ ਇਸ ਨੂੰ ਬੁਲੰਦੀਆਂ ‘ਤੇ ਲਿਜਾਣ ਲਈ ਦਿਨ ਰਾਤ ਮਿਹਨਤ ਕਰਨ ਦੀ ਠਾਣ ਲੈਂਦਾ ਹੈ। ਸਿੱਟੇ ਵਜੋਂ ਦੂਜੀ ਪੁਸਤਕ ਕਾਵਿਕ ਕਿਰਨਾਂ ਦਾ ਸੰਪਾਦਨ ਕਰਦਿਆਂ ਉਹ ਸਾਰੇ ਨਵੇਂ-ਪੁਰਾਣੇ ਸਾਹਿਤਕਾਰਾਂ ਨੂੰ ਇੱਕ ਮਾਲ਼ਾ ਵਿੱਚ ਮੁੜ ਪਰੋਅ ਲੈਣ ਵਿੱਚ ਕਾਮਯਾਬ ਹੋ ਜਾਂਦਾ ਹੈ। ਆਪਣੇ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਉੱਘੇ ਸੁਤੰਤਰਤਾ ਸੰਗਰਾਮੀ ਮਹਿਮਾ ਸਿੰਘ ਧਾਲੀਵਾਲ ਦੀ ਜੀਵਨ ਗਾਥਾ ਲਿਖਦਿਆਂ ਉਹਦੇ ਮਨ ਦੇ ਤ੍ਰਿੰਝਣ ਵਿੱਚ ਕੱਤੀਆਂ ਜਾ ਰਹੀਆਂ ਪੂਣੀਆਂ ਦਾ ਥਾਹ ਪਾਉਣੀ ਆਸਾਨ ਹੋ ਜਾਂਦੀ ਹੈ। ਇਸੇ ਤਰ੍ਹਾਂ ਹਾਲਾਂ ਕਿ ਉਹ ਸਾਹਿਤਕ ਖੇਤਰ ਵਿੱਚ ਆਪਣਾ ਨਾਂ, ਥਾਂ ਬਣਾਉਣ ਵਿੱਚ ਸਫਲ ਹੋ ਜਾਂਦਾ ਹੈ ਪਰੰਤੁ ਪੁਆਧ ਦੇ ਉੱਘੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਜੀ ਨੂੰ ਆਪਣਾ ਗੁਰੂ ਧਾਰ, ਉੱਚ ਪਰੰਪਰਾਵਾਂ ਗ੍ਰਹਿਣ ਕਰਦਾ ਹੈ। ਕੈਨੇਡਾ ਫੇਰੀ ਦੌਰਾਨ ਮਲਕੀਅਤ ਸਿੰਘ ਔਜਲਾ ਨੂੰ ਐਡਮਿੰਟਨ ਦੇ ਮੈਂਬਰ ਪਾਰਲੀਮੈਂਟ ਟਿੰਮ ਉੱਪਲ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਨਿਵਾਜਿਆ ਗਿਆ ਤੇ ਬਰੈਂਪਟਨ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਵੀ ਸਨਮਾਨਿਆ ਗਿਆ। ਇਸ ਤਰ੍ਹਾਂ ਹਾਲੇ ਉਸ ਨੇ ਹੋਰ ਕਈ ਪੰਧ ਸਰ ਕਰਨੇ ਹਨ।