ਜਿਹਨੂੰ ਰੱਬ ਰੱਖੇ, ਉਹਨੂੰ ਮਾਰੇ ਕੌਣ? ਵਾਲ਼ ਵਾਲ਼ ਬਚਿਆ ਕਾਰ ਚਾਲਕ, ਗੱਡੀ ਨੁਕਸਾਨੀ

ਖਰੜ (ਰਾਜੂ ਲਾਂਬਾ), 06 ਅਕਤੂਬਰ: ‘ਜਿਹਨੂੰ ਰੱਬ ਰੱਖੇ, ਉਹਨੂੰ ਮਾਰੇ ਕੌਣ?’ ਇਹ ਕਹਾਵਤ ਅੱਜ ਓਸ ਵੇਲ਼ੇ ਸੱਚ ਸਾਬਤ ਹੋਈ, ਜਦੋਂ ਨਿਊ ਚੰਡੀਗੜ੍ਹ ਤੋਂ ਗੋਪਾਲ ਸਵੀਟਸ ਵੱਲ ਏਅਰਪੋਰਟ ਰੋਡ ਉੱਤੇ ਆ ਰਹੀ ਤੇਜ਼ ਰਫਤਾਰ ਇੱਕ ਗੱਡੀ ਫਲੱਡ ਲਾਈਟਾਂ ਦੇ ਖੰਭਿਆਂ ਨੂੰ ਲਤਾੜਦੀ ਹੋਈ ਡਿਵਾਈਡਰ ‘ਤੇ ਜਾ ਚੜ੍ਹੀ। ਮੌਕਾ ਵੇਖਣ ਅਨੁਸਾਰ ਇਹ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਸਮੇਂ ਰਾਹਗੀਰਾਂ ਨੇ ਕਾਰ ਚਾਲਕ ਨੂੰ ਕਾਰ ਵਿੱਚੋਂ ਬਾਹਰ ਕੱਢਿਆ। ਘਟਨਾ ਸਥਾਨ ਦੇ ਨੇੜੇ ਵੀਰ ਆਲਮ ਫਰਨੀਚਰ ਹਾਊਸ ਦੇ ਮਾਲਕ ਐਮ.ਡੀ. ਰਾਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਰ ਚਾਲਕ ਬਿਲਕੁਲ ਠੀਕ ਸੀ, ਜਿਸ ਦੇ ਜ਼ਿਆਦਾ ਸੱਟਾਂ ਨਹੀਂ ਸਨ ਲੱਗੀਆਂ।

ਜ਼ਿਕਰਯੋਗ ਹੈ ਕਿ ਇਹ ਏਅਰਪੋਰਟ ਰੋਡ ਦਿਨ-ਬ-ਦਿਨ ਤੇਜ਼ ਰਫ਼ਤਾਰ ਗੱਡੀਆਂ ਦੇ ਚਾਲਕਾਂ ਦੇ ਕਹਿਰ ਦਾ ਅੱਡਾ ਬਣਦੀ ਜਾ ਰਹੀ ਹੈ। ਲੋਕ ਆਮ ਤੌਰ ‘ਤੇ ਸੜਕੀ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਗਲਤ ਤਰੀਕੇ ਨਾਲ਼ ਤੇਜ਼ ਰਫਤਾਰ ਗੱਡੀਆਂ ਚਲਾਉਂਦੇ ਹਨ, ਜਿਸ ਨਾਲ਼ ਨਿੱਤ ਦਿਨ ਦੁਰਘਟਨਾਵਾਂ ਹੋ ਰਹੀਆਂ ਹਨ। ਇਸ ਦੇ ਨਾਲ਼ ਹੀ ਗੋਪਾਲ ਸਵੀਟਸ ਅਤੇ ਅਰਿਸਟਾ ਹੋਟਲ ਦੇ ਕੋਲ਼ ਪੈਂਦੇ ਚੁਰਸਤੇ ਉੱਤੇ ਗੋਲ ਚੱਕਰ ਜਾਂ ਲਾਈਟਾਂ ਆਦਿ ਨਾ ਹੋਣ ਕਾਰਨ ਦੋਵਾਂ ਪਾਸਿਆਂ ਤੋਂ ਆਉਂਦੇ ਤੇਜ਼ ਰਫ਼ਤਾਰ ਵਾਹਨ ਆਮ ਬੰਦੇ ਦੀ ਜਾਨ ਦਾ ਖੌਅ ਬਣਦੇ ਜਾ ਰਹੇ ਹਨ। ਰਾਹਗੀਰਾਂ ਅਤੇ ਕੁਝ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇੱਥੇ ਲਾਈਟਾਂ ਲਗਵਾਈਆਂ ਜਾਣ ਅਤੇ ਨਾਲ਼ ਹੀ ਇੱਥੇ ਚੌਕ ਬਣਾਇਆ ਜਾਵੇ।
