ਡਿਜੀਟਲ ਸਕ੍ਰੀਨਾਂ ਦਾ ਪਰਛਾਵਾਂ ਅਤੇ ਸਮਾਜਿਕ ਨਿਘਾਰ/ ਗੁਰਸ਼ਰਨ ਸਿੰਘ ਕਾਕਾ

ਖਰੜ (ਸਹਿਜਧਾਰਾ ਬਿਊਰੋ), 02 ਅਕਤੂਬਰ: ਤਰੱਕੀ ਨੇ ਸਾਡੇ ਬਹੁਤ ਸਾਰੇ ਕੰਮ ਆਸਾਨ ਕਰ ਦਿੱਤੇ ਹਨ। ਮਲਟੀਮੀਡੀਆ ਨੇ ਸਾਡੀਆਂ ਦੂਰੀਆਂ ਬੇਸ਼ੱਕ ਘਟਾ ਦਿੱਤੀਆਂ ਹਨ ਅਤੇ ਸਾਨੂੰ ਇੱਕੋ ਪਲੇਟਫਾਰਮ ‘ਤੇ ਸਭ ਕੁਝ ਮੁਹੱਈਆ ਕਰਵਾ ਦਿੱਤਾ ਹੈ। ਪਰ ਇਸ ਦੇ ਨਾਲ-ਨਾਲ ਸਭ ਤੋਂ ਵੱਡਾ ਘਾਟਾ ਸਾਨੂੰ ਸਮਾਜਿਕ ਨਿਘਾਰ ਦੇ ਰੂਪ ਵਿੱਚ ਪਿਆ ਹੈ। ਅੱਜ ਪਰਿਵਾਰਾਂ ਵਿੱਚੋਂ ਆਪਸੀ ਸੰਵਾਦ (ਗੱਲਬਾਤ) ਲਗਭਗ ਖਤਮ ਹੁੰਦਾ ਜਾ ਰਿਹਾ ਹੈ। ਇੱਕੋ ਛੱਤ ਹੇਠ ਬੈਠੇ ਹੋਣ ਦੇ ਬਾਵਜੂਦ ਵੀ ਹਰ ਕੋਈ ਆਪਣੇ ਮੋਬਾਈਲ ਦੀ ਦੁਨੀਆਂ ਵਿੱਚ ਗੁੰਮ ਹੈ, ਜਿਸ ਨਾਲ ਘਰਾਂ ਵਿੱਚੋਂ ਸਾਂਝ ਅਤੇ ਆਪਣਾਪਣ ਖਤਮ ਹੋ ਰਿਹਾ ਹੈ। ਇਸ ਨੂੰ ਬਚਾਉਣ ਦੀ ਲੋੜ ਹੈ। ਬੱਚੇ ਹੁਣ ਮਾਂ-ਪਿਓ ਦੇ ਕਹਿਣੇ ਵਿੱਚ ਨਹੀਂ ਰਹੇ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਥਾਂ ਅਪਣੱਤ ਨੇ ਲੈ ਲਈ ਹੈ। ਪੈਸੇ ਦੇ ਲਾਲਚ ਅਤੇ ਰਾਤੋ-ਰਾਤ ਅਮੀਰ ਬਣਨ ਦੀ ਹੋੜ ਵਿੱਚ ਅਸੀਂ ਲੋਕ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦੇ ਆਦੀ ਹੋ ਗਏ ਹਾਂ। ਜਦੋਂ ਅਸੀਂ ਆਪ ਇਹ ਨਕਾਰਾਤਮਕ ਪ੍ਰਥਾ ਅਪਣਾ ਲਈ, ਤਾਂ ਸਾਡੇ ਬੱਚਿਆਂ ਨੇ ਵੀ ਸਾਨੂੰ ਦੇਖ ਕੇ ਉਹੀ ਸਿੱਖਣਾ ਹੈ ਜੋ ਅਸੀਂ ਕਰ ਰਹੇ ਹਾਂ। ਇਸ ਸਮਾਜਿਕ ਨਿਘਾਰ ਵਿੱਚ ਇੱਕ ਹੋਰ ਵੱਡਾ ਰੋਲ ਸਾਡੀਆਂ ਫਿਲਮਾਂ ਅਤੇ ਸੋਸ਼ਲ ਮੀਡੀਆ ਦਾ ਵੀ ਰਿਹਾ ਹੈ, ਜਿਨ੍ਹਾਂ ਨੇ ਅਸਲ ਜੀਵਨ ਤੋਂ ਸਾਦਗੀ ਖਤਮ ਕਰਕੇ ਦਿਖਾਵੇ (Fashion and Show-off) ਨੂੰ ਪਹਿਲ ਦਿੱਤੀ ਹੈ। ਅੱਜ ਦੇ ਸਮਾਜ ਵਿੱਚ ਸਹਿਣਸ਼ੀਲਤਾ ਅਤੇ ਲਿਹਾਜ਼ ਦੀ ਭਾਰੀ ਘਾਟ ਦੇਖਣ ਨੂੰ ਮਿਲਦੀ ਹੈ; ਛੋਟੀਆਂ-ਛੋਟੀਆਂ ਗੱਲਾਂ ‘ਤੇ ਗੁੱਸਾ ਅਤੇ ਹਿੰਸਕ ਰਵੱਈਆ ਆਮ ਹੋ ਗਿਆ ਹੈ। ਇੱਕ-ਦੂਜੇ ਦੀ ਇੱਜ਼ਤ ਕਰਨ ਦਾ ਰਿਵਾਜ ਘੱਟ ਗਿਆ ਹੈ ਅਤੇ ਵੱਡੇ-ਛੋਟੇ ਦਾ ਲਿਹਾਜ਼ ਤੇ ਸਨਮਾਨ ਵੀ ਖਤਮ ਹੁੰਦਾ ਜਾ ਰਿਹਾ ਹੈ।

ਗੁਰਸ਼ਰਨ ਸਿੰਘ ਕਾਕਾ