ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਪੰਜ-ਭਾਸ਼ਾਈ ਕਵੀ ਦਰਬਾਰ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 14 ਅਗਸਤ:
ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ’ਤੇ ਰਾਣੀ ਲਕਸ਼ਮੀ ਬਾਈ ਭਵਨ, ਸੈਕਟਰ-38, ਚੰਡੀਗੜ੍ਹ ਵਿਖੇ ਪੰਜ-ਭਾਸ਼ਾਈ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਕਵੀਆਂ ਤੇ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਮੁੱਖ ਮਹਿਮਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਨਵੀਨ ਕੁਮਾਰ ਸਨ। ਸਾਹਿਤ ਅਕਾਦਮੀ ਦੇ ਚੇਅਰਮੈਨ ਅਤੇ ਪ੍ਰਸਿੱਧ ਲੇਖਕ ਡਾ. ਮਨਮੋਹਨ ਨੇ ਮਹਿਮਾਨਾਂ ਅਤੇ ਕਵੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਹਿਤ ਅਕਾਦਮੀ ਦਾ ਉਦੇਸ਼ ਚੰਡੀਗੜ੍ਹ ਦੇ ਸਾਹਿਤਕਾਰਾਂ ਨੂੰ ਮੰਚ ਪ੍ਰਦਾਨ ਕਰਨਾ ਹੈ, ਭਾਵੇਂ ਉਹ ਕਿਸੇ ਵੀ ਭਾਸ਼ਾ ਵਿੱਚ ਸਿਰਜਣਾ ਕਰਦੇ ਹੋਣ। ਉਨ੍ਹਾਂ ਕਿਹਾ ਕਿ ਪੰਜ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਦਾ ਇੱਕ ਮੰਚ ’ਤੇ ਇਕੱਠੇ ਹੋਣਾ ਨਾ ਸਿਰਫ਼ ਸਾਡੀ ਭਾਸ਼ਾਈ ਵਿਭਿੰਨਤਾ, ਸਗੋਂ ਸਾਡੀ ਸੱਭਿਆਚਾਰਕ ਏਕਤਾ ਅਤੇ ਸਾਹਿਤਕ ਸਮ੍ਰਿੱਧੀ ਦਾ ਵੀ ਪ੍ਰਤੀਕ ਹੈ। ਇਸ ਮੌਕੇ ਅਕਾਦਮੀ ਦੇ ਉਪ-ਪ੍ਰਧਾਨ ਡਾ. ਅਨੀਸ਼ ਗਰਗ ਅਤੇ ਸਕੱਤਰ ਸੁਭਾਸ਼ ਭਾਸਕਰ ਵੀ ਹਾਜ਼ਰ ਸਨ।

ਕਵੀ ਦਰਬਾਰ ਦੀ ਸ਼ੁਰੂਆਤ ਨੌਜਵਾਨ ਪੰਜਾਬੀ ਕਵੀ ਸੁਰਖ਼ਾਬ ਦੀਆਂ ਕਵਿਤਾਵਾਂ ਨਾਲ ਹੋਈ। ਉਰਦੂ ਕਵੀ ਸਨੀ ਕਬੀਰ ਨੇ ਆਪਣੇ ਖ਼ੂਬਸੂਰਤ ਸ਼ੇਅਰ “ਝੂਠ ਬੋਲਤਾ ਹੂੰ ਮੈਂ, ਕੈਸਾ ਆਈਨਾ ਹੂੰ ਮੈਂ/ ਜਬ ਸੇ ਉਸਕੋ ਦੇਖਾ ਹੈ, ਤਬ ਸੇ ਲਾਪਤਾ ਹੂੰ ਮੈਂ।” ਸੁਣਾ ਕੇ ਸਮਾਂ ਬੰਨ੍ਹ ਦਿੱਤਾ। ਸੰਸਕ੍ਰਿਤ ਦੇ ਕਵੀ ਓਮਨਦੀਪ ਨੇ ਭਾਵਪੂਰਨ ਕਵਿਤਾ ‘ਜਯ ਜਯ ਭਾਰਤਮ’ ਪੇਸ਼ ਕੀਤੀ। ਹਿੰਦੀ ਦੀ ਕਵਯਿਤਰੀ ਬਬੀਤਾ ਕਪੂਰ ਨੇ ਆਪਣੀ ਗ਼ਜ਼ਲ “ਅਪਨੀ ਖਿੜਕੀਆਂ ਸਾਰੀ ਕੀ ਸਾਰੀ ਖੋਲਕਰ ਸੋਚਤੀ ਹੂੰ ਆਜ਼ਾਦ ਹੂੰ/ ਜਿਸਕੇ ਗੁਮ ਹੋਨੇ ਸੇ ਗੁਮਸੁਮ ਸਭੀ/ ਮੈਂ ਉਸੀ ਕਿਰਦਾਰ ਕੀ ਆਵਾਜ਼ ਹੂੰ” ਸੁਣਾਈ। ਨੌਜਵਾਨ ਉਰਦੂ ਸ਼ਾਇਰ ਸ਼ਮਸ਼ੇਰ ਸਾਹਿਲ ਨੇ ਆਪਣੇ ਕਲਾਮ “ਰੰਗਤ ਚੁਰਾ ਕੇ ਲੇ ਗਈ ਗੁਲ ਸੇ ਨਈ ਫ਼ਜ਼ਾ/ ਕੈਸਾ ਅਜੀਬ ਦੌਰ ਹੈ, ਬੱਚੇ ਉਦਾਸ ਹੈਂ” ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਪੰਜਾਬੀ ਸ਼ਾਇਰ ਸੰਦੀਪ ਸਿੰਘ ਨੇ ਗ਼ਜ਼ਲ ਪੇਸ਼ ਕੀਤੀ “ਐਸ ਤਿਲਿਸਮੀ ਗਲਵਕੜੀ ਸੇ ਆਖ਼ਿਰ ਕੋ ਜੀ ਭਰਿਆ ਹੈ/ ਤੈਥੋਂ ਹੱਥ ਛੁੜਾ ਕੇ ਮੇਲਾ ਦੇਖਣ ਨੂੰ ਜੀ ਕਰਿਆ ਹੈ”, ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਮਿਲੀ। ਉਰਦੂ ਦੇ ਸ਼ਾਇਰ ਜਤਿੰਦਰ ਪਰਵਾਜ਼ ਨੇ ਆਪਣੀ ਗ਼ਜ਼ਲ ਦੇ ਇਨ੍ਹਾਂ ਬੋਲਾਂ ਨਾਲ ਸਮਾਜਿਕ ਸਰੋਕਾਰਾਂ ਨੂੰ ਆਵਾਜ਼ ਦਿੱਤੀ “ਸਹਮਾ ਸਹਮਾ ਹਰ ਏਕ ਚਿਹਰਾ, ਮੰਜ਼ਰ ਮੰਜ਼ਰ ਖ਼ੂਨ ਮੇਂ ਤਰ/ ਸ਼ਹਿਰ ਸੇ ਜੰਗਲ ਹੀ ਅੱਛਾ ਹੈ, ਚਲ ਚਿੜੀਆ ਤੂ ਅਪਨੇ ਘਰ/ ਅਖ਼ਬਾਰੋਂ ਮੇਂ ਖ਼ੂਨੀ ਮੰਜ਼ਰ ਮਤ ਛਾਪੋ/ ਬੱਚੇ ਇਨ ਤਸਵੀਰੋਂ ਸੇ ਡਰ ਜਾਤੇ ਹੈਂ।” ਸੰਦੀਪ ਸ਼ਰਮਾ ਨੇ ਆਪਣੀ ਆਜ਼ਾਦ ਨਜ਼ਮ ਪੇਸ਼ ਕਰਦਿਆਂ ਕਿਹਾ “ਮੁਝੇ ਕਾਹਲ ਨਹੀਂ ਕੋਈ, ਨਾ ਜ਼ਿਦ ਹੈ/ ਮੈਂ ਸਮੇਂ ਸੇ ਆਗੇ ਨਹੀਂ ਲੰਘਣਾ, ਨਾ ਸਾਥ ਸਾਥ ਚਲਣਾ/ ਮੈਂ ਤੋ ਪੀਛੇ ਰਹਕਰ ਹੀ ਪਹੁੰਚੂੰਗਾ/ ਗਾਹੇ ਹੂਏ ਰਾਹੋਂ ਕੀ ਖ਼ੁਸ਼ਬੂ ਸਾਥ ਲੇਕਰ।”
ਹਿੰਦੀ ਦੇ ਸੀਨੀਅਰ ਕਵੀ ਵਿਜੈ ਕਪੂਰ ਨੇ ਆਪਣੀ ਰਚਨਾ ਰਾਹੀਂ ਵਿਚਾਰ ਅਤੇ ਊਰਜਾ ਦੇ ਸਰੋਕਾਰ ਪੇਸ਼ ਕੀਤੇ “ਮੈਂ ਵਿਚਾਰ ਨਹੀਂ, ਵਿਚਾਰੋਂ ਕੋ ਜਨਮ ਦੇਨੇ ਵਾਲਾ ਆਕਾਸ਼ ਹੂੰ/ ਮੈਂ ਦੇਹ ਨਹੀਂ, ਦੇਹ ਮੇਂ ਧੜਕਤੀ ਹੁਈ ਵਹ ਊਰਜਾ ਹੂੰ/ ਜੋ ਸਵਯੰ ਪ੍ਰਕਾਸ਼ ਹੈ।”

ਪੰਜਾਬੀ ਗ਼ਜ਼ਲਕਾਰ ਮਨਜੀਤ ਪੁਰੀ ਦੀਆਂ ਗ਼ਜ਼ਲਾਂ “ਯਾਤਰਾ ਹਮਾਰੀ ਉਦਾਸੀ ਇਸ ਲਿਏ ਨਾ ਬਨ ਸਕੀ/ ਚਲਨੇ ਲਗੇ ਤੋ ਘਰੋਂ ਕੋ ਸਾਥ ਸਾਥ ਲੇ ਲੇਤੇ ਥੇ।” ਅਤੇ “ਮੇਰੀ ਦੀਵਾਨਗੀ ਕੀ ਸ਼ਿਖਰ ਭੀ ਬਸ ਹੋਨੇ ਵਾਲੀ ਹੈ/ ਤੁਮ ਬਸ ਅਪਨੀ ਮਰਜ਼ੀ ਕੇ ਪੱਥਰ ਭਾਲ ਕੇ ਰਖੋ।” ਨੇ ਮਹੌਲ ਨੂੰ ਵਿਚਾਰਮਗਨ ਕਰ ਦਿੱਤਾ। ਅੰਗਰੇਜ਼ੀ ਦੀ ਕਵਯਿਤਰੀ ਸੁਨੀਤ ਮਦਾਨ ਨੇ “I Have a Dead Fish in My Heart/ It Was Burned Fluent in the Grammar” ਪੇਸ਼ ਕੀਤੀ। ਪੰਜਾਬੀ ਸ਼ਾਇਰ ਜਗਦੀਪ ਸਿੱਧੂ ਨੇ ‘ਵਾਹ ਤਾਜ਼’ ਅਤੇ ‘ਮੇਰਾ ਬੱਚਾ’ ਕਵਿਤਾਵਾਂ ਸੁਣਾਕੇ ਸਰੋਤਿਆਂ ਨੂੰ ਭਾਵਵਿਭੋਰ ਕੀਤਾ। ਹਿੰਦੀ ਕਵੀ ਸੁਦੇਸ਼ ਮੋਦਗਿਲ ਨੇ “ਭਾਰਤ ਮਾਤਾ ਕੀ ਜ਼ੰਜੀਰੋਂ ਕੋ ਜਿਨ ਵੀਰੋਂ ਨੇ” ਅਤੇ ਉਰਦੂ ਸ਼ਾਇਰ ਮੁਸੱਵਿਰ ਫ਼ਿਰੋਜ਼ਪੁਰੀ ਨੇ “ਦੋਨੋਂ ਨੇ ਹੀ ਖੋ ਦਿਏ ਹੈਂ ਜ਼ਰ, ਜ਼ਮੀਨ, ਅਹਬਾਬ, ਰਿਸ਼ਤੇ” ਸੁਣਾਕੇ ਖ਼ੂਬ ਰੰਗ ਜਮਾਇਆ। ਲੁਧਿਆਣਾ ਤੋਂ ਆਏ ਉਰਦੂ ਦੇ ਪ੍ਰਸਿੱਧ ਸ਼ਾਇਰ ਮੁਕੇਸ਼ ਆਲਮ ਨੇ “ਰੇਗਜ਼ਾਰੋਂ ਮੇਂ ਸਮੰਦਰ ਕੀ ਕਹਾਨੀ ਸੁਨਕਰ/ ਪਿਆਸ ਇਤਨੀ ਥੀ ਕਿ ਹਮ ਰੋ ਪੜੇ ਪਾਨੀ ਸੁਨਕਰ।” ਸੁਣਾਕੇ ਕਵੀ ਦਰਬਾਰ ਨੂੰ ਇੱਕ ਸ਼ਾਨਦਾਰ ਮੁਕਾਮ ਤੱਕ ਪਹੁੰਚਾਇਆ। ਹਿੰਦੀ ਕਵਯਿਤਰੀ ਸ਼ਿਪਰਾ ਸ਼੍ਰੀਵਾਸਤਵ ਨੇ ‘ਆਸਮਾਨ ਸੇ ਆਜ ਐਸੀ ਬਾਰਿਸ਼ ਹੁਈ’, ਪੰਜਾਬੀ ਕਵੀ ਮੱਖਣ ਮਾਨ ਨੇ ‘ਵਹ ਮੇਰੇ ਕੋਲ ਇਵੇਂ ਆਉਂਦੀ ਜਿਵੇਂ’, ਸਵਰਨਜੀਤ ਸਵੀ ਨੇ ‘ਪਲ ਭਰ ਕੇ ਲਿਏ ਸੰਤੂਰ ਉਦਾਸ ਹੋ ਗਿਆ’, ਮਨਜੀਤ ਪਾਲ ਸਿੰਘ ਨੇ ‘ਪਾਣੀ ਬਣ ਕੰਢਿਆਂ ਵਿਚਕਾਰ’ ਅਤੇ ਮਹੇਸ਼ਵਰ ਸਿੰਘ ਨੇ ‘ਸ਼ਾਇਰ ਕੀ ਜਾਤ ਹੂੰ’ ਪੇਸ਼ ਕਰਕੇ ਮਹਿਫ਼ਲ ਨੂੰ ਸਿਖਰ ਤੱਕ ਪਹੁੰਚਾਇਆ।

ਅੰਤ ਵਿੱਚ ਉਰਦੂ ਦੇ ਪ੍ਰਸਿੱਧ ਸ਼ਾਇਰ ਸ਼ਮਸ ਤਬਰੇਜ਼ੀ ਨੇ “ਕਿਆ ਕਹੂੰ, ਕਿਤਨੀ ਬੇਕਰਾਰੀ ਹੈ/ ਆਂਖੋਂ ਆਂਖੋਂ ਮੇਂ ਸ਼ਬ ਗੁਜ਼ਾਰੀ ਹੈ” ਸੁਣਾਕੇ ਕਵੀ ਦਰਬਾਰ ਨੂੰ ਖ਼ੂਬਸੂਰਤ ਅੰਜਾਮ ਦਿੱਤਾ। ਸ਼ਮਸ਼ੇਰ ਸਾਹਿਲ ਨੇ ਵੀ ਆਪਣੇ ਸ਼ੇਅਰ “ਇਸ਼ਕ਼ ਮੇਂ ਜਾਨ ਲਗਾ ਸਕਤਾ ਹੂੰ ਮੈਂ ਭੀ ਲੇਕਿਨ/ ਮੈਂ ਅਕੇਲਾ ਹੂੰ ਮੇਰੇ ਘਰ ਮੇਂ ਕਮਾਨੇ ਵਾਲਾ” ਨਾਲ ਸਰੋਤਿਆਂ ਦੀ ਵਾਹ-ਵਾਹ ਖੱਟੀ। ਕਵੀ ਦਰਬਾਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਮੌਕੇ ਹਿੰਦੀ, ਉਰਦੂ ਅਤੇ ਪੰਜਾਬੀ ਦੇ ਸੀਨੀਅਰ ਤੇ ਪ੍ਰਤਿਸ਼ਠਿਤ ਸ਼ਾਇਰਾਂ ਸਤਿਆਪਾਲ ਸਹਿਗਲ, ਗੁਰਦੀਪ ਗੁਲ ਅਤੇ ਸੁਰਿੰਦਰ ਗਿੱਲ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਅਕਾਦਮੀ ਦੇ ਉਪ-ਪ੍ਰਧਾਨ ਡਾ. ਅਨੀਸ਼ ਗਰਗ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਬਹੁ-ਭਾਸ਼ਾਈ ਕਵੀ ਦਰਬਾਰ ਵਿੱਚ ਸਾਰੇ ਕਵੀਆਂ ਨੇ ਆਪਣੀ-ਆਪਣੀ ਭਾਸ਼ਾ ਅਤੇ ਸ਼ਬਦਾਂ ਦੇ ਰੰਗਾਂ ਨਾਲ ਇੱਕ ਖ਼ੂਬਸੂਰਤ ਤਿਰੰਗਾ ਸਿਰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਕੇਵਲ ਪ੍ਰੇਮ ਅਤੇ ਸੁੰਦਰਤਾ ਦੀ ਅਭਿਵਿਅਕਤੀ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਦੇਸ਼, ਸਮਾਜ ਅਤੇ ਰਾਸ਼ਟਰ ਪ੍ਰਤੀ ਆਪਣੇ ਫ਼ਰਜ਼ ਨੂੰ ਵੀ ਸ਼ਬਦ ਦੇਣੇ ਚਾਹੀਦੇ ਹਨ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ “ਯੂੰ ਨਾ ਮੁਹੱਬਤ ਪਰ ਬੇਹਿਸਾਬ ਲਿਖਾ ਕਰੋ/ ਅਪਨੀ ਕਲਮ ਸੇ ਕਹ ਦੋ, ਇਨਕਲਾਬ ਲਿਖਾ ਕਰੋ।”