ਰੂਟਸ ਕੰਟਰੀ ਸਕੂਲ, ਪੰਚਕੂਲਾ ਨੇ ਮਨਾਇਆ ਲਾਇਬ੍ਰੇਰੀ ਦਿਵਸ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 13 ਅਗਸਤ:
ਰੂਟਸ ਕੰਟਰੀ ਸਕੂਲ, ਪੰਚਕੂਲਾ (ਹਰਿਆਣਾ) ਨੇ ਬੀਤੇ ਮੰਗਲਵਾਰ ਸਕੂਲ ਦੇ ਕਾਨਫਰੰਸ ਹਾਲ ਵਿੱਚ ‘ਲਾਇਬ੍ਰੇਰੀ ਦਿਵਸ’ ਮਨਾਇਆ। ਇਸ ਖਾਸ ਮੌਕੇ ‘ਤੇ ਸਕੂਲ ਪ੍ਰਬੰਧਕਾਂ ਨੇ ਨਾਮਵਰ ਲੇਖਕਾਂ ਜਸਵਿੰਦਰ ਸਿੰਘ ਕਾਈਨੌਰ, ਰਜਿੰਦਰ ਸਿੰਘ ਧੀਮਾਨ ਅਤੇ ਗੁਰਮਨ ਸੈਣੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਤਾਂ ਜੋ ਉਹ ਆਪਣੀਆਂ ਸਾਹਿਤਕ ਯਾਤਰਾਵਾਂ, ਰਚਨਾਤਮਕ ਪ੍ਰੇਰਨਾਵਾਂ ਅਤੇ ਸਮਾਜ ਨੂੰ ਘੜਨ ਵਿੱਚ ਲਾਇਬ੍ਰੇਰੀਆਂ ਅਤੇ ਸਾਹਿਤ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਣ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਮੀਨਾਕਸ਼ੀ ਸੋਲੋਮਨ ਦੁਆਰਾ ਨਿੱਘੇ ਜੀ ਆਇਆਂ ਆਖਣ ਨਾਲ ਹੋਈ, ਜਿਨ੍ਹਾਂ ਨੇ ਕਈ ਵਿਦਿਆਰਥੀਆਂ ਨੂੰ ਆਪਣੀਆਂ ਕਵਿਤਾਵਾਂ ਪੜ੍ਹਨ ਲਈ ਮੰਚ ‘ਤੇ ਬੁਲਾਇਆ। ਇਸ ਤੋਂ ਬਾਅਦ ਜੇ. ਐੱਸ. ਕਾਈਨੌਰ ਨੇ ਆਪਣੇ ਸਾਹਿਤਕ ਸਫ਼ਰ ਦੇ ਪ੍ਰਮੁੱਖ ਪੜਾਵਾਂ, ਲਾਇਬ੍ਰੇਰੀਆਂ ਦੇ ਇਤਿਹਾਸ ਤੇ ਮਹੱਤਵ ਅਤੇ ਸਾਹਿਤ ਦੇ ਪ੍ਰਮੁੱਖ ਰੂਪਾਂ ‘ਤੇ ਚਾਨਣਾ ਪਾਉਂਦਾ ਇੱਕ ਗਿਆਨਵਰਧਕ ਭਾਸ਼ਣ ਦਿੱਤਾ। ਮਨੁੱਖਾਂ ਅਤੇ ਕਿਤਾਬਾਂ ਵਿਚਕਾਰ ਦੇ ਅਟੁੱਟ ਰਿਸ਼ਤੇ ‘ਤੇ ਜ਼ੋਰ ਦਿੰਦਿਆਂ ਕਾਈਨੌਰ ਨੇ ਕਿਹਾ ਕਿ ਪੜ੍ਹਨ ਤੋਂ ਬਿਨਾਂ ਕਿਸੇ ਵਿਅਕਤੀ ਦਾ ਦ੍ਰਿਸ਼ਟੀਕੋਣ ਅਧੂਰਾ ਰਹਿੰਦਾ ਹੈ ਅਤੇ ਪੜ੍ਹਨ ਦੀ ਆਦਤ ਪਾਉਣ ਨਾਲ ਮਨੁੱਖ ਦੇ ਗਿਆਨ ਦੇ ਭੰਡਾਰ ਵਿੱਚ ਵਾਧਾ ਹੁੰਦਾ ਹੈ।
ਭਾਰਤ ਦੀਆਂ ਜਨਤਕ ਲਾਇਬ੍ਰੇਰੀਆਂ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਜਦੋਂ ਕਿ ਕਲਕੱਤਾ ਪਬਲਿਕ ਲਾਇਬ੍ਰੇਰੀ (1836 ਵਿੱਚ ਸਥਾਪਿਤ) ਵਰਗੀਆਂ ਸੰਸਥਾਵਾਂ ਪਹਿਲਾਂ ਹੀ ਮੌਜੂਦ ਸਨ, ਭਾਰਤ ਸਰਕਾਰ ਨੇ 1891 ਵਿੱਚ ਕਲਕੱਤਾ ਵਿੱਚ ਇੰਪੀਰੀਅਲ ਲਾਇਬ੍ਰੇਰੀ ਦੀ ਸਥਾਪਨਾ ਕਰਕੇ ਇੱਕ ਵੱਡੀ ਪਹਿਲਕਦਮੀ ਕੀਤੀ। ਮੂਲ ਰੂਪ ਵਿੱਚ ਉੱਚ ਅਧਿਕਾਰੀਆਂ ਲਈ ਰਾਖਵੀਂ ਸਰਕਾਰੀ ਸਕੱਤਰੇਤ ਲਾਇਬ੍ਰੇਰੀਆਂ ਦੇ ਸੁਮੇਲ ਤੋਂ ਬਣੀ ਇਸ ਲਾਇਬ੍ਰੇਰੀ ਨੂੰ ਬਾਅਦ ਵਿੱਚ ਕਲਕੱਤਾ ਪਬਲਿਕ ਲਾਇਬ੍ਰੇਰੀ ਵਿੱਚ ਮਿਲਾ ਕੇ 1903 ਵਿੱਚ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਤਾਂ ਜੋ ਗਿਆਨ ਤੱਕ ਸਭ ਦੀ ਪਹੁੰਚ ਹੋ ਸਕੇ। ਆਜ਼ਾਦੀ ਤੋਂ ਬਾਅਦ, 1948 ਵਿੱਚ ਇੰਪੀਰੀਅਲ ਲਾਇਬ੍ਰੇਰੀ ਦਾ ਨਾਂ ਬਦਲ ਕੇ ਨੈਸ਼ਨਲ ਲਾਇਬ੍ਰੇਰੀ (ਰਾਸ਼ਟਰੀ ਲਾਇਬ੍ਰੇਰੀ) ਰੱਖ ਦਿੱਤਾ ਗਿਆ ਅਤੇ 1 ਫਰਵਰੀ 1953 ਨੂੰ ਕੇਂਦਰੀ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੁਆਰਾ ਅਧਿਕਾਰਤ ਤੌਰ ‘ਤੇ ਦੇਸ਼ ਨੂੰ ਸਮਰਪਿਤ ਕੀਤਾ ਗਿਆ। ਇਸ ਨੇ ਪੂਰੇ ਭਾਰਤ ਵਿੱਚ ਜਨਤਕ ਲਾਇਬ੍ਰੇਰੀ ਪ੍ਰਣਾਲੀ ਦੀ ਨੀਂਹ ਰੱਖੀ, ਜਿਸ ਨਾਲ ਨਾਗਰਿਕ ਮਾਮੂਲੀ ਮੈਂਬਰਸ਼ਿਪ ਫੀਸਾਂ ਰਾਹੀਂ ਕਿਤਾਬਾਂ ਉਧਾਰ ਲੈਣ ਦੇ ਯੋਗ ਹੋਏ।ਕਾਈਨੌਰ ਨੇ ਵਿਦਿਆਰਥੀਆਂ ਨੂੰ ਸਾਹਿਤ ਦੇ ਮੂਲ ਤੱਤਾਂ ਤੋਂ ਵੀ ਜਾਣੂ ਕਰਵਾਇਆ, ਇਸ ਨੂੰ ਮਨੁੱਖੀ ਆਤਮਾ ਦੀ ਆਵਾਜ਼ ਅਤੇ ਮਾਨਵੀ ਸਭਿਅਤਾ ਵਿੱਚ ਇੱਕ ਬੇਮਿਸਾਲ ਯੋਗਦਾਨ ਪਾਉਣ ਵਾਲਾ ਦੱਸਿਆ। ਇਹ ਸਮਝਾਉਂਦੇ ਹੋਏ ਕਿ ‘ਸਾਹਿਤ’ ਸ਼ਬਦ ਸੰਸਕ੍ਰਿਤ ਦੇ ਧਾਤੂ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ “ਸਮੂਹਿਕ ਭਲਾ”। ਉਨ੍ਹਾਂ ਨੇ ਸਾਹਿਤ ਨੂੰ ਮਨੁੱਖੀ ਤਜ਼ਰਬਿਆਂ, ਭਾਵਨਾਵਾਂ ਅਤੇ ਵਿਚਾਰਾਂ ਦੀ ਕਲਾਤਮਕ ਪ੍ਰਗਟਾਵੇ ਵਜੋਂ ਪਰਿਭਾਸ਼ਿਤ ਕੀਤਾ – ਜੋ ਸਾਡੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਦਰਸਾਉਂਦਾ ਇੱਕ ਸੱਚਾ ਸ਼ੀਸ਼ਾ ਹੈ। ਉਨ੍ਹਾਂ ਨੇ ਇਸ ਦੇ ਦੋ ਮੁੱਖ ਹਿੱਸਿਆਂ ਕਾਵਿ (ਪੋਇਟਰੀ) ਅਤੇ ਵਾਰਤਕ (ਪ੍ਰੋਜ਼) ਦੇ ਨਾਲ-ਨਾਲ ਵੱਖ-ਵੱਖ ਰੂਪਾਂ ਦਾ ਵੇਰਵਾ ਦਿੱਤਾ, ਜਿਨ੍ਹਾਂ ਵਿੱਚ ਗੀਤ, ਗ਼ਜ਼ਲ, ਨਜ਼ਮ, ਰੁਬਾਈ, ਖੁੱਲ੍ਹੀ ਕਵਿਤਾ, ਮਹਾਂਕਾਵਿ, ਕਿੱਸਾ, ਨਿੱਕੀ ਕਹਾਣੀ, ਨਾਵਲ, ਨਾਟਕ, ਇਕਾਂਗੀ, ਨਿਬੰਧ, ਸਫਰਨਾਮਾ, ਸਵੈ-ਜੀਵਨੀ ਅਤੇ ਜੀਵਨੀ ਸ਼ਾਮਲ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਹਿਤ ਇੱਕ ਹਾਂ-ਪੱਖੀ ਸਮਾਜਿਕ ਤਬਦੀਲੀ ਲਈ ਇੱਕ ਰਚਨਾਤਮਕ ਸ਼ਕਤੀ ਹੈ ਅਤੇ ਸੱਭਿਆਚਾਰਕ ਪਛਾਣ ਨੂੰ ਸੰਭਾਲਣ ਅਤੇ ਇੱਕ ਪ੍ਰਬੁੱਧ ਸਮਾਜ ਦੇ ਨਿਰਮਾਣ ਲਈ ਪੜ੍ਹਨ ਦੀਆਂ ਆਦਤਾਂ ਨੂੰ ਵਿਕਸਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜੇਕਰ ਕੋਈ ਲੇਖਕ ਨਹੀਂ ਵੀ ਬਣਦਾ, ਤਾਂ ਵੀ ਉਹ ਹਮੇਸ਼ਾ ਸਾਹਿਤ ਦਾ ਪ੍ਰੇਮੀ ਬਣ ਸਕਦਾ ਹੈ।

ਇਸ ਤੋਂ ਇਲਾਵਾ ਰਜਿੰਦਰ ਸਿੰਘ ਧੀਮਾਨ ਨੇ ਆਪਣੀ ਸਾਹਿਤਕ ਯਾਤਰਾ ਤੋਂ ਵਿਚਾਰ ਸਾਂਝੇ ਕੀਤੇ ਅਤੇ ਆਪਣੇ ਸਫ਼ਰਨਾਮੇ ਦ ਯੂ.ਕੇ. ਜਰਨੀ; ਅ ਡ੍ਰੀਮ ਟ੍ਰਿਪ ਟੂ ਲੰਡਨ ਐਂਡ ਐਡਿਨਬਰਗ ਬਾਰੇ ਚਰਚਾ ਕੀਤੀ, ਜਦੋਂਕਿ ਗੁਰਮਨ ਸੈਣੀ ਨੇ ਭਾਗੀਦਾਰਾਂ ਲਈ ਰਚਨਾਤਮਕ ਲੇਖਣੀ ਦੀਆਂ ਤਕਨੀਕਾਂ ‘ਤੇ ਇੱਕ ਸੈਸ਼ਨ ਕਰਵਾਇਆ। ਭਾਸ਼ਣਾਂ ਤੋਂ ਬਾਅਦ ਇੱਕ ਸਵਾਲ-ਜਵਾਬ ਸੈਸ਼ਨ ਹੋਇਆ, ਜਿੱਥੇ ਮਹਿਮਾਨਾਂ ਨੇ ਸਰੋਤਿਆਂ ਦੇ ਉਤਸ਼ਾਹੀ ਸਵਾਲਾਂ ਦੇ ਜਵਾਬ ਦਿੱਤੇ। ਇਸ ਸਮਾਗਮ ਵਿੱਚ ਤੀਜੀ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ, ਅਧਿਆਪਕਾਂ, ਸਟਾਫ਼ ਮੈਂਬਰਾਂ ਅਤੇ ਰਣਜੀਤ ਕੌਰ ਕਾਈਨੌਰ ਨੇ ਸ਼ਿਰਕਤ ਕੀਤੀ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਪੂਰੀ ਵੀਡੀਓਗ੍ਰਾਫੀ ਦਾ ਪ੍ਰਬੰਧ ਕੀਤਾ ਗਿਆ ਸੀ। ਆਪਣੇ ਸਮਾਪਤੀ ਭਾਸ਼ਣ ਵਿੱਚ, ਪ੍ਰਿੰਸੀਪਲ ਮੀਨਾਕਸ਼ੀ ਸੋਲੋਮਨ ਨੇ ਮਹਿਮਾਨ ਬੁਲਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ (ਮੈਮੈਂਟੋ) ਭੇਟ ਕੀਤੇ ਅਤੇ ਦੱਸਿਆ ਕਿ ਇਹ ਸਮਾਗਮ ਵਿਦਿਆਰਥੀਆਂ ਅਤੇ ਸਟਾਫ ਦੋਵਾਂ ਲਈ ਕਿੰਨਾ ਲਾਭਕਾਰੀ ਸੀ। ਸਮਾਗਮ ਦੀ ਸਮਾਪਤੀ ਰਸਮੀ ਧੰਨਵਾਦੀ ਮਤੇ (ਵੋਟ ਆਫ਼ ਥੈਂਕਸ) ਨਾਲ ਹੋਈ।