ਪੀ.ਐਸ.ਪੀ.ਸੀ.ਐਲ. ਵੱਲੋਂ ਬਿਜਲੀ ਬੱਚਤ ਜਾਗਰੂਕਤਾ ਸਮਾਗਮ
ਪਟਿਆਲਾ (ਸਹਿਜਧਾਰਾ ਬਿਊਰੋ), 13 ਅਗਸਤ:
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨਜ਼ ਪਟਿਆਲਾ ਵਿਖੇ “ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਕਰੀਏ” ਵਿਸ਼ੇ ਉੱਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪਾਵਰ ਕਾਰਪੋਰੇਸ਼ਨ ਦੇ ਡੀ.ਐਸ.ਐਮ ਦਫਤਰ ਦੇ ਅਧਿਕਾਰੀ ਇੰਜ: ਸ਼ੰਮੀ ਜਿੰਦਲ ਵਧੀਕ ਨਿਗਰਾਨ ਇੰਜੀਨੀਅਰ, ਇੰਜ: ਗਰੀਸ਼ ਕੁਮਾਰ ਮਹਾਜਨ ਸਹਾਇਕ ਇੰਜੀਨੀਅਰ, ਇੰਜ ਕਰਮਜੀਤ ਸਿੰਘ ਏ.ਏ.ਈ, ਇੰਜ: ਪੰਕਜ ਸੂਦ, ਏ.ਏ.ਈ, ਇੰਜ: ਅਮਰਜੀਤ ਸਿੰਘ ਏ.ਏ.ਈ, ਇੰਜ ਅਮਨਦੀਪ ਕੌਰ ਜੇ.ਈ ਅਤੇ ਸਕੂਲ ਦੇ ਪ੍ਰਿੰਸੀਪਲ ਸੀਮਾ ਓਪਲ, ਵਾਈਸ ਪ੍ਰਿੰਸੀਪਲ ਰਾਮ ਲਾਲ ਗੋਇਲ ਅਤੇ ਹੋਰ ਲੈਕਚਰਾਰ ਸਮੀਰਾ ਮਲਿਕ, ਮੋਨਿਕਾ ਸ਼ਰਮਾ, ਅਮਨਦੀਪ ਕੌਰ, ਨਵਨੀਤ, ਜਸਵੀਰ, ਰਾਣੀ ਸਿੰਗਲਾ, ਕਨਵਰਜੀਤ ਸਿੰਘ, ਅਭਿਸੇਕ ਜਲੋਟਾ, ਮਨਜੀਤ ਕੌਰ, ਨਵਨੀਤ ਕੌਰ, ਸੁਖਵਿੰਦਰ ਕੌਰ ਅਤੇ ਸ਼੍ਰੀ ਪਰਦੀਪ ਕੁਮਾਰ ਨੇ ਹਿੱਸਾ ਲਿਆ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਵੱਖ-ਵੱਖ ਵਿਧੀਆਂ, ਊਰਜਾ ਬੱਚਤ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਤਾਂ ਜੋ ਕਿ ਵਿਦਿਆਰਥੀਆਂ ਵਿੱਚ ਊਰਜਾ ਬੱਚਤ ਬਾਰੇ ਦਿਲਚਸਪੀ ਪੈਦਾ ਹੋ ਸਕੇ। ਵਿਦਿਆਰਥੀਆਂ ਨੇ ਇਨ੍ਹਾਂ ਤਕਨੀਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਕੀਤਾ। ਇਸ ਸਮਾਗਮ ਦੋਰਾਨ ਵਿਦਿਆਰਥੀਆਂ ਵੱਲੋਂ ਊਰਜਾ ਸੰਜਮਤਾ ਵਿਸ਼ੇ ਉੱਤੇ ਪੇਪਰ ਪੜ੍ਹੇ ਗਏ ਅਤੇ ਉਨਾਂ ਵੱਲੋਂ ਊਰਜਾ ਬੱਚਤ ਉੱਤੇ ਬਣਾਈਆਂ ਗਈਆਂ ਪੇਂਟਿੰਗਾਂ ਵੀ ਕਾਬਿਲ-ਏ-ਤਾਰੀਫ਼ ਸਨ।
ਪ੍ਰੋਗਰਾਮ ਦਾ ਸਭ ਤੋਂ ਪਹਿਲਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਟੀਮ ਨਾਲ ਤਾਲਮੇਲ ਕੀਤਾ ਗਿਆ। ਇਸ ਤੋਂ ਬਾਅਦ ਸਕੂਲ ਦੀ ਅੰਗਰੇਜ਼ੀ ਦੀ ਲੈਕਚਰਾਰ ਸਮੀਰਾ ਮਲਿਕ ਵੱਲੋਂ ਇਸ ਨੂੰ ਬਹੁਤ ਹੀ ਸੁਚੱਜੇ, ਪ੍ਰਭਾਵਸ਼ਾਲੀ ਅਤੇ ਵਿਵਸਥਿਤ ਢੰਗ ਨਾਲ ਆਯੋਜਿਤ ਕੀਤਾ ਗਿਆ। ਵਿਗਿਆਨ ਅਧਿਆਪਕਾ ਅਮਨਦੀਪ ਕੌਰ ਨੇ ਮੰਚ ਸੰਚਾਲਨ ਦੀ ਕਾਰਵਾਈ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਰਾਮ ਲਾਲ ਗੋਇਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਅੱਜ ਦੇ ਸਮਾਗਮ ਨਾਲ ਵਿਦਿਆਰਥੀਆਂ ਨੂੰ ਬਿਜਲੀ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਭਰਪੂਰ ਜਾਣਕਾਰੀ ਮਿਲੀ ਹੈ ਅਤੇ ਪੀ.ਐਸ.ਪੀ.ਸੀ.ਐਲ. ਵੱਲੋਂ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਸਕੂਲਾਂ ਵਿੱਚ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ ਤਾਂ ਜੋ ਬਿਜਲੀ ਬੱਚਤ ਸਬੰਧੀ ਵਿਦਿਆਰਥੀਆਂ ਨੂੰ ਹੋਰ ਜਾਗਰਿਤ ਕੀਤਾ ਜਾ ਸਕੇ। ਸਕੂਲ ਦੇ ਅਧਿਆਪਕਾਂ ਵੱਲੋਂ ਪੀ.ਐਸ.ਪੀ.ਸੀ.ਐਲ. ਵੱਲੋਂ ਆਯੋਜਿਤ ਕੀਤੇ ਗਏ ਬਿਜਲੀ ਬੱਚਤ ਸਬੰਧੀ ਸਮਾਗਮ ਦੀ ਭਰਪੂਰ ਸਲਾਘਾ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੀ.ਐਸ.ਪੀ.ਸੀ.ਐਲ. ਦੀ ਡੀਐਸ ਐਮ ਟੀਮ ਵੱਲੋਂ ਇਨਾਮ ਵਜੋਂ ਊਰਜਾ ਸੰਜਮਤਾ ਸਬੰਧੀ ਸਲੋਗਨ ਦਰਸਾਉਂਦੀਆਂ ਕਾਪੀਆਂ, ਪੈੱਨ ਅਤੇ ਕਾਫੀ ਦੇ ਮੱਗ ਵੰਡੇ ਗਏ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਕਾਪੀਆਂ ਅਤੇ ਪੈੱਨ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਅੰਤ ਵਿੱਚ ਪੀ.ਐਸ.ਪੀ.ਸੀ.ਐਲ ਦੀ ਟੀਮ ਵੱਲੋਂ ਸਮੁੱਚੀ ਸਕੂਲ ਮੈਨੇਜਮੈਂਟ ਦਾ ਸਮਾਗਮ ਕਰਵਾਉਣ ਲਈ ਤਹਿ-ਦਿਲੋਂ ਧੰਨਵਾਦ ਕੀਤਾ ਅਤੇ ਸਕੂਲੀ ਬੱਚਿਆ ਨੂੰ ਉਨਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।