ਸ਼ਾਨਦਾਰ ਪੰਜਾਬੀ ਕਵਿਤਾ ਲਈ ਪ੍ਰਿੰ. ਗੋਸਲ ਵੱਲੋਂ ਬੱਚੀ ਅਨਵਪ੍ਰੀਤ ਸਨਮਾਨਿਤ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 10 ਅਗਸਤ:
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਅਕਾਲ ਅਕੈਡਮੀ ਹੌਲੀ ਬਰਾਰਾ (ਹਰਿਆਣਾ) ਦੀ ਫੇਰੀ ਸਮੇਂ ਬੱਚਿਆਂ ਅਤੇ ਅਧਿਆਪਕਾਂ ਨੂੰ ਮਿਲਣ ਸਮੇਂ ਅਕਾਡਮੀ ਦੀ ਦੂਜੀ ਜਮਾਤ ਦੀ ਬੱਚੀ ਅਨਵਪ੍ਰੀਤ ਵਲੋਂ ਪੰਜਾਬੀ ਵਿੱਚ ਸੁਣਾਈ ਗਈ ਮਾਂ ਬੋਲੀ ਪੰਜਾਬੀ ਬਾਰੇ ਕਵਿਤਾ ਦੀ ਪ੍ਰਸੰਸਾ ਕੀਤੀ ਗਈ। ਬੱਚੀ ਨੇ ਮਾਂ ਬੋਲੀ ਪੰਜਾਬੀ ਦੇ ਪਿਆਰ ਨੂੰ ਬਹੁਤ ਹੀ ਵਧੀਆ ਸ਼ਬਦਾਂ ਅਤੇ ਵਧੀਆ ਲਹਿਜ਼ੇ ਨਾਲ ਸੁਣਾਇਆ।
ਬੱਚੀ ਅਨਵਪ੍ਰੀਤ ਦੀ ਇਸ ਕਵਿਤਾ ਨੂੰ ਸੁਣ ਕੇ ਪ੍ਰਿੰ. ਗੋਸਲ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਇਸ ਬੱਚੀ ਨੂੰ ਆਪਣੀ ਨਵੀਂ ਬਾਲ ਪੁਸਤਕ ‘ਆਓ ਲਿਖੀਏ ਤਕਦੀਰ ਦੇਸ਼ ਦੀ’ ਅਤੇ ਹੋਰ ਤੋਹਫੇ ਦੇ ਕੇ ਪ੍ਰਿੰਸੀਪਲ ਸੁਦਰਪਨ ਅਤੇ ਅਧਿਆਪਕ ਰਾਜਵਿੰਦਰ ਕੌਰ ਅਤੇ ਸੁਦਰਪਨ ਦੀ ਹਾਜ਼ਰੀ ਵਿਚ ਸਨਮਾਨਿਤ ਕੀਤਾ। ਇਸ ਮੌਕੇ ਤੇ ਪ੍ਰਿੰ.ਬਹਾਦਰ ਸਿੰਘ ਗੋਸਲ ਵਲੋਂ ਅਕਾਲ ਅਕੈਡਮੀ ਹੌਲੀ ਬਰਾਰਾ ਦੀ ਲਾਇਬ੍ਰੇਰੀ ਲਈ ਆਪਣੀਆਂ ਰਚਿਤ ਕੁਝ ਪੁਸਤਕਾਂ ਪ੍ਰਿੰਸੀਪਲ ਨੂੰ ਭੇਟ ਕੀਤੀਆਂ। ਉਨ੍ਹਾਂ ਨਾਲ ਮੈਡਮ ਰਾਜਸ੍ਰੀ, ਸੰਜੇ ਭਾਰਤੀ ਅਤੇ ਕੁਝ ਹੋਰ ਅਧਿਆਪਕ ਵੀ ਹਾਜ਼ਰ ਸਨ। ਅਕਾਲ ਅਕੈਡਮੀ ਦੀ ਪ੍ਰਿੰਸੀਪਲ ਸੁਦਰਪਨ ਵਲੋਂ ਲਾਇਬ੍ਰੇਰੀ ਲਈ ਮੁਫਤ ਕਿਤਾਬਾਂ ਭੇਟ ਕਰਨ ਲਈ ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ 120 ਤੋਂ ਵੱਧ ਕਿਤਾਬਾਂ ਲਿਖਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਧੀਆ ਪੰਜਾਬੀ ਕਵਿਤਾ ਬੋਲਣ ਲਈ ਬੱਚੀ ਅਵਨਪ੍ਰੀਤ ਨੂੰ ਵੀ ਸਾਬਾਸ਼ ਦਿੱਤੀ ਅਤੇ ਹੋਰ ਚੰਗੇਰਾ ਕਰਨ ਦੀ ਵੀ ਪ੍ਰੇਰਣਾ ਦਿੱਤੀ।