ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਸਾਉਣ ਕਵੀ ਦਰਬਾਰ ਕਰਵਾਇਆ ਗਿਆ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 9 ਅਗਸਤ:
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿਖੇ ਸਾਉਣ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਚੰਡੀਗੜ੍ਹ ਅਤੇ ਆਸ-ਪਾਸ ਦੇ ਤਿੰਨ ਦਰਜਨ ਦੇ ਕਰੀਬ ਕਵੀਆਂ ਨੇ ਭਾਗ ਲਿਆ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾਂ ਚਨਾਰਥਲ ਨੇ ਸਵਾਗਤੀ ਸ਼ਬਦ ਬੋਲਦਿਆਂ ਸਭਾ ਦੇ ਸਾਹਿਤਕ ਕਾਰਜਾਂ ਦੀ ਗੱਲ ਕਰਦਿਆਂ ਆਏ ਮਹਿਮਾਨਾਂ, ਕਵੀਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਇਸ ਕਵੀ ਦਰਬਾਰ ਦੀ ਸ਼ੁਰੂਆਤ ਨਵਨੀਤ ਕੌਰ ਮਠਾੜੂ ਵੱਲੋਂ ਗਾਏ ਸ਼ਬਦ ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ਨਾਲ ਹੋਈ। ਉਪਰੰਤ ਲਾਭ ਸਿੰਘ ਲਹਿਲੀ ਨੇ ਚੂੜੀਆਂ ਲੈ ਲਓ ਚੂੜੀਆਂ ਗੀਤ ਗਾਇਆ। ਇਸੇ ਤਰਾਂ ਧਿਆਨ ਸਿੰਘ ਕਾਹਲੋਂ ਨੇ ਆਪਣੇ ਗੀਤ ਜਿੱਥੇ ਪਤਨੀ ਦਾ ਜ਼ੋਰ ਨਹੀਂ, ਉੱਥੇ ਹੋਰ ਨਰਕ ਦੀ ਲੋੜ ਨਹੀਂ ਨਾਲ ਹਾਜ਼ਰੀ ਲੁਆਈ। ਸੁਭਾਸ਼ ਭਾਸਕਰ ਨੇ ਸਾਵਣ ਆਉਂਦਾ ਮਸਤ ਚਾਲ, ਕ੍ਰਿਸ਼ਨਾ ਵਰਮਾ ਨੇ ਜਦੋਂ ਖੁਆਬ ਉਹਦਾ ਆਵੇ, ਆਰ ਕੇ ਸੁਖਨ ਨੇ ਐਸੇ ਮੇਂ ਤੁਮ ਭੀ ਆ ਜਾਓ, ਸੁਖਵਿੰਦਰ ਸਿੰਘ ਸਿੱਧੂ ਨੇ ਸਾਉਣ ਮਹੀਨਾ ਮੇਘ ਦਾ, ਸਰਬਜੀਤ ਸਿੰਘ ਪੱਡਾ ਨੇ ਆਜਾ ਆਜਾ ਸਾਵਣ ਚੜਿਆ ਏ ਗਾ ਕੇ ਵਾਹ ਵਾਹ ਖੱਟੀ।
ਚਰਨਜੀਤ ਕੌਰ ਬਾਠ ਨੇ ਸਾਉਣ ਮਹੀਨਾ, ਮਹਿੰਦਰ ਸਿੰਘ ਸੰਧੂ ਨੇ ਫੱਕਰ ਜੇ ਬੰਦੇ, ਰਾਜ ਸਮੱਧਰ ਨੇ ਕਾਲ਼ੇ ਬੱਦਲਾਂ ਚੋਂ ਆਵੇ ਲਿਸ਼ਕੋਰ, ਦਰਸ਼ਨ ਤਿਉਣਾ ਨੇ ਬੱਦਲਾਂ ਤੋਂ ਪੁੱਛ ਸੋਹਣਿਆਂ, ਰਜਿੰਦਰ ਕੌਰ ਸਰਾਓ ਨੇ ਸਾਉਣ ਦੀ ਬੱਦਲੀਏ ਅਤੇ ਸ਼ਾਇਰ ਵਿੰਦਰ ਮਾਝੀ ਨੇ ਗ਼ਜ਼ਲ ਇਹ ਜੋ ਤੀਆਂ ਦੇ ਦਿਨ ਨੇ ਸਾਰੇ ਧੀਆਂ ਦੇ ਦਿਨ ਨੇ ਸੁਣਾਈ। ਇਸੇ ਦੌਰਾਨ ਪ੍ਰਤਾਮ ਪਾਰਸ ਗੁਰਦਾਸਪੁਰੀ, ਹਰਭਜਨ ਕੌਰ ਢਿੱਲੋਂ ਅਤੇ ਸਿਮਰਨਜੀਤ ਕੌਰ ਗਰੇਵਾਲ ਨੇ ਆਪੋ ਆਪਣੀਆਂ ਸੁਰੀਲੀਆਂ ਆਵਾਜਾਂ ਵਿੱਚ ਟੱਪੇ, ਬੋਲੀਆਂ ਅਤੇ ਗੀਤ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਪ੍ਰਵੀਨ ਖਿੱਪਲ, ਹਰਜੀਤ ਸਿੰਘ, ਅਸ਼ਵਨੀ ਮਲਹੋਤਰਾ, ਗੁਰਨਾਮ ਕੰਵਰ, ਅਮਰਜੀਤ ਕੌਰ, ਹਰਪ੍ਰੀਤ ਕੌਰ, ਜਗਦੀਪ ਨੁਰਾਨੀ, ਕੁਲਦੀਪ ਕੌਰ, ਸੁਰਿੰਦਰ ਗਿੱਲ, ਡਾ. ਮਮਤਾ ਕਾਲੜਾ, ਬਲਵਿੰਦਰ ਢਿੱਲੋਂ, ਰੂਪ ਸਿੰਘ ਦਿਓਲ, ਗੁਰਜੰਟ ਸਿੰਘ, ਸ਼ੀਨੂੰ ਵਾਲੀਆ, ਰੂਹਾਨੀਅਤ, ਨਿਰਵੈਰ ਕੌਰ, ਹਰਨਾਮ ਸਿੰਘ ਡੱਲਾ ਅਤੇ ਗਣੇਸ਼ ਦੱਤ ਆਦਿ ਨੇ ਆਪੋ ਆਪਣੀਆ ਕਵਿਤਾਵਾਂ ਅਤੇ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਾਂਝੇ ਤੌਰ ਤੇ ਨਵਨੀਤ ਕੌਰ ਮਠਾੜੂ ਅਤੇ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਬਾਖੂਬੀ ਨਿਭਾਈ। ਇਸ ਸਮਾਗਮ ਵਿੱਚ ਹਰਬੰਸ ਸਿੰਘ ਸੋਢੀ, ਹਰਮਿੰਦਰ ਸਿੰਘ ਕਾਲੜਾ ਅਤੇ ਹਰਮੋਹਿੰਦਰ ਸਿੰਘ ਚੱਠਾ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।