ਸਰਕਾਰ ਨੇ ਮੁਲਾਜ਼ਮਾਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਦਾ ਪੱਤਰ ਵਾਪਿਸ ਲਿਆ
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ 18 ਪ੍ਰਤੀਸ਼ਤ ਬਕਾਇਆ ਮਹਿੰਗਾਈ ਭੱਤਾ ਜਾਰੀ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਅਤੇ ਆਊਟਸੋਰਸ ਮੁਲਾਜ਼ਮ ਪੱਕੇ ਕਰਨ, 15 ਜਨਵਰੀ 2015 ਤੇ 17 ਜੁਲਾਈ 2020 ਦੀਆਂ ਨਵੇਂ ਭਰਤੀ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵਾਲੀਆਂ ਚਿੱਠੀਆਂ ਵਾਪਿਸ ਲੈਣ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਸੀ। ਲਗਾਤਾਰ ਹੜਤਾਲ ਚੱਲ ਰਹੀ ਸੀ, ਜਿਸ ਨੂੰ ਲੈ ਕੇ ਕੱਲ੍ਹ ਮੁੱਖ ਸਕੱਤਰ ਨਾਲ ਸਕੱਤਰੇਤ ਦੀਆਂ ਮੁਲਾਜ਼ਮਾਂ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਮੁੱਖ ਸਕੱਤਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜੇਕਰ ਮੁਲਾਜ਼ਮ ਹੜਤਾਲ ਖਤਮ ਕਰਦੇ ਹਨ ਤਾਂ ਉਹ ਮੁੱਖ ਮੰਤਰੀ ਜੀ ਨਾਲ ਉਹਨਾਂ ਦੀ ਮੀਟਿੰਗ ਕਰਾਉਣ ਲਈ ਗੱਲਬਾਤ ਕਰਨਗੇ ਅਤੇ ਜੋ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਹੋਣਗੀਆਂ ਉਹਨਾਂ ਨੂੰ ਪੂਰਾ ਕਰਵਾਇਆ ਜਾਵੇਗਾ। ਇਸ ਮੀਟਿੰਗ ਵਿੱਚ ਮੁਲਾਜ਼ਮਾਂ ਨੇ 27 ਅਗਸਤ 2026 ਨੂੰ ਹੋਈ ਹੜਤਾਲ ਦੌਰਾਨ ਮੁਲਾਜ਼ਮਾਂ ਨੂੰ ਅਣ-ਅਧਿਕਾਰਤ ਤੌਰ ‘ਤੇ ਗ਼ੈਰ-ਹਾਜ਼ਰ ਹੋਣ ਸਬੰਧੀ ਜੋ ਸ਼ੋਅ-ਕਾਜ਼-ਨੋਟਿਸ ਜਾਰੀ ਕੀਤੇ ਗਏ ਹਨ, ਉਹ ਵਾਪਿਸ ਲੈਣ ਲਈ ਵੀ ਸਹਿਮਤੀ ਬਣੀ, ਜਿਸ ਕਰਕੇ ਮੁਲਾਜ਼ਮਾਂ ਆਗੂਆਂ ਵੱਲੋਂ ਹਾਲ ਦੀ ਘੜੀ ਹੜਤਾਲ ਮੁਲਤਵੀ ਕੀਤੀ ਗਈ ਸੀ ਅਤੇ ਅੱਜ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੇ ਦਫਤਰਾਂ ਵਿੱਚ ਕੰਮ ਕੀਤਾ।

ਇਸੇ ਕੜੀ ਤਹਿਤ ਪੰਜਾਬ ਸਰਕਾਰ ਵੱਲੋਂ ਅੱਜ ਮੁਲਾਜ਼ਮਾਂ ਵਿਰੁੱਧ ਜਾਰੀ ਕੀਤੇ ਸ਼ੋਅ-ਕਾਜ਼-ਨੋਟਿਸ ਡਰਾਪ ਕਰਨ ਲਈ ਪੱਤਰ ਜਾਰੀ ਕੀਤਾ ਗਿਆ, ਜਿਸ ‘ਤੇ ਮੁਲਾਜ਼ਮ ਜਥੇਬੰਦੀਆਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ। ਸਕੱਤਰੇਤ ਦੀਆਂ ਮੁਲਾਜ਼ਮਾਂ ਜਥੇਬੰਦੀਆਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਦਿਨਾਂ ਵਿੱਚ ਮੁੱਖ ਸਕੱਤਰ ਵੱਲੋਂ ਦਿੱਤੇ ਭਰੋਸੇ ਅਨੁਸਾਰ ਉਹਨਾਂ ਦੀ ਮੁੱਖ ਮੰਤਰੀ, ਪੰਜਾਬ ਨਾਲ ਮੀਟਿੰਗ ਹੋਵੇਗੀ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਸਬੰਧੀ ਪ੍ਰਵਾਨ ਹੋਣਗੀਆਂ। ਮੁਲਾਜ਼ਮ ਆਗੂਆਂ ਨੇ ਇਹ ਵੀ ਕਿਹਾ ਕਿ ਕੋਈ ਵੀ ਮੁਲਾਜ਼ਮਾਂ ਆਪਣੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਨਹੀਂ ਕਰਨਾ ਚਾਹੁੰਦਾ, ਪ੍ਰੰਤੂ ਜਦੋਂ ਕਿਸੇ ਪਾਸੇ ਸੁਣਵਾਈ ਨਾ ਹੋਵੇ ਤਾਂ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਣਾ ਪੈਂਦਾ ਹੈ। ਅੱਜ ਦੀ ਇਸ ਮੀਟਿੰਗ ਵਿੱਚ ਸਕੱਤਰੇਤ ਦੇ ਮੁਲਾਜ਼ਮਾਂ ਆਗੂਆਂ ਵਿੱਚ ਪਰਮਦੀਪ ਸਿੰਘ ਭਬਾਤ, ਸੁਖਚੈਨ ਸਿੰਘ ਖਹਿਰਾ, ਮਨਜੀਤ ਸਿੰਘ ਰੰਧਾਵਾ, ਮਲਕੀਤ ਸਿੰਘ ਔਜਲਾ, ਸ਼ੁਸ਼ੀਲ ਕੁਮਾਰ ਫੌਜੀ, ਕੁਲਵੰਤ ਸਿੰਘ, ਜਗਤਾਰ ਸਿੰਘ, ਬਲਰਾਜ ਸਿੰਘ ਦਾਊਂ, ਬਜਰੰਗ ਯਾਦਵ, ਅਲਕਾ ਚੋਪੜਾ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਸਾਹਿਲ ਸ਼ਰਮਾ, ਮਿਥੁਨ ਚਾਵਲਾ, ਇੰਦਰਪ੍ਰੀਤ ਸਿੰਘ ਭੰਗੂ, ਸੰਦੀਪ ਕੁਮਾਰ, ਮਨਵੀਰ ਸਿੰਘ, ਜਗਦੀਪ ਸਿੰਘ ਸਮੇਤ ਕਈ ਹੋਰ ਆਗੂ ਸ਼ਾਮਿਲ ਹੋਏ।