ਡਾ. ਮਨਮੋਹਨ ਨੂੰ ਪ੍ਰਦਾਨ ਕੀਤਾ ਗਿਆ ਭੂਸ਼ਨ ਧਿਆਨਪੁਰੀ ਯਾਦਗਾਰੀ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿਖੇ ਉੱਘੇ ਸਾਹਿਤਕਾਰ, ਚਿੰਤਕ, ਭਾਸ਼ਾ ਵਿਗਿਆਨੀ ਡਾ. ਮਨਮੋਹਨ ਨੂੰ ‘ਭੂਸ਼ਨ ਧਿਆਨਪੁਰੀ ਯਾਦਗਾਰੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਪ੍ਰਦਾਨ ਕੀਤਾ ਗਿਆ, ਜਿਸ ਵਿਚ 51000 ਰੁਪਏ, ਇਕ ਦੁਸ਼ਾਲਾ ਤੇ ਸਨਮਾਨ ਪੱਤਰ ਸ਼ਾਮਿਲ ਸੀ। ਸਨਮਾਨ-ਪੱਤਰ ਸ਼ਾਇਰਾ ਸੰਦੀਪ ਜਸਵਾਲ ਵੱਲੋਂ ਪੜ੍ਹਿਆ ਗਿਆ। ਕੋਆਰਡੀਨੇਟਰ ਸੁਖਵਿੰਦਰ ਸਿੱਧੂ ਨੇ ਸਭ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਡਾ. ਮਨਮੋਹਨ ਸਾਡਾ ਬੌਧਿਕ ਸਰਮਾਇਆ ਹਨ। ਇਹਨਾਂ ਨੂੰ ਸਨਮਾਨਿਤ ਕਰਕੇ ਅਸੀਂ ਖ਼ੁਦ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਬੁਲਾਰੇ ਵਜੋਂ ਉੱਘੇ ਆਲੋਚਕ ਡਾ. ਤੇਜਿੰਦਰ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਨੇ ਪੰਜਾਬੀ ਅਕਾਦਮਿਕਤਾ ਵਿਚ ਵੱਡਾ ਤੇ ਵੱਖਰਾ ਕੰਮ ਕੀਤਾ ਹੈ। ਉਹਨਾਂ ਦੇ ਕੰਮ ਅਧਿਐਨ ਨਾਲ ਬਾਸੀਪਣ ਟੁੱਟਦਾ ਹੈ ਅਤੇ ਇਹਨਾਂ ਨੇ ਵੀਹਵੀਂ ਸਦੀ ਦੀ ਸੰਕਲਪਿਕ ਸ਼ਬਦਾਬਲੀ ਤਿਆਰ ਕੀਤੀ ਹੈ। ਉਹਨਾਂ ਕਿਹਾ ਕਿ ਅਖ਼ਬਾਰਾਂ ਵਾਸਤੇ ਲਿਖਦਿਆਂ ਵੀ ਉਹਨਾਂ ਆਪਣੇ ਵਜ਼ਨ ਦਾ ਪੱਲਾ ਨਹੀਂ ਛੱਡਿਆ। ਇਹਨਾਂ ਦੀਆਂ ਲਿਖਤਾਂ ਨਾਲ ਦਰਸ਼ਨ ਆਮ ਬੰਦੇ ਤੀਕ ਪਹੁੰਚਿਆ ਹੈ।

ਡਾ. ਹਰਪ੍ਰੀਤ ਨੇ ਮਨਮੋਹਨ ਹੋਰਾਂ ਦੀ ਕਵਿਤਾ ਬਾਰੇ ਕਿਹਾ ਕਿ ਇਹਨਾਂ ਦੀ ਕਵਿਤਾ ਹਾਸ਼ੀਆਗਤ ਲੋਕਾਈ, ਗਿਆਨ, ਪ੍ਰਤੀਰੋਧ ਤੇ ਸੰਵਾਦ ਦੀ ਕਵਿਤਾ ਹੈ। ਡਾ. ਮਨਮੋਹਨ ਹੋਰਾਂ ਦੇ ਕਾਵਿ-ਚਿੰਤਨ ਦਾ ਫੈਲਾਅ ਇਤਿਹਾਸ-ਮਿਥਿਹਾਸ ਤੋਂ ਲੈ ਕੇ ਵਰਤਮਾਨ ਤਕ ਫੈਲਿਆ ਹੋਇਆ ਹੈ। ਅਗਲੇ ਬੁਲਾਰੇ ਵਜੋਂ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਰਵਿੰਦਰ ਕੌਰ ਨੇ ਸਨਮਾਨਿਤ ਸ਼ਖ਼ਸੀਅਤ ਦੇ ਨਾਵਲਾਂ; ਨਿਰਵਾਣ, ਮਨ ਪੰਖੀ ਭਇਓ ਤੇ ਸਹਿਜ ਗੁਫਾ ਮਹਿ ਆਸਨ ਬਾਰੇ ਬੋਲਦਿਆਂ ਕਿਹਾ ਕਿ ਇਹ ਨਾਵਲ ਕਿਸੇ ਇਕ ਕੈਟਾਗਿਰੀ ਵਿਚ ਨਹੀਂ ਆਉਂਦੇ। ਇਹਨਾਂ ਵਿਚ ਮਨੁੱਖਤਾ ਹੈ। ਇਹਨਾਂ ਵਿਚ ਸਵਾਲ ਉਠਾਏ ਗਏ ਹਨ। ਉੱਘੇ ਕਹਾਣੀਕਾਰ ਭੁਪਿੰਦਰ ਸਿਂਘ ਮਾਨ ਨੇ ਕਿਹਾ ਕਿ ਡਾ. ਮਨਮੋਹਨ ਦੀ ਲਿਖਤ ਸਧਾਰਨ ਤੋਰ ਨਹੀਂ ਤੁਰਦੀ ਤੇ ਆਪਣੀ ਸ਼ੈਲੀ ਆਪ ਵਿਕਸਤ ਕਰਦੀ ਹੈ। ਉੱਘੇ ਕਹਾਣੀਕਾਰ ਬਲੀਜੀਤ ਨੇ ਭੂਸ਼ਨ ਧਿਆਨਪੁਰੀ ਤੇ ਡਾ. ਮਨਮੋਹਨ ਬਾਰੇ ਭਾਵਪੂਰਤ ਗੱਲਾਂ ਕੀਤੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿਂਘ ਨੇ ਕਿਹਾ ਕਿ ਪੰਜਾਬੀ ਵਿਚ ਲਿਖਣ ਦੀ ਕਾਹਲ ਜ਼ਿਆਦਾ ਹੈ। ਜੇਕਰ ਡਾ. ਮਨਮੋਹਨ ਨੇ ਪੰਜਾਹ ਕਿਤਾਬਾਂ ਲਿਖੀਆਂ ਹਨ ਤਾਂ ਪੰਜ ਹਜ਼ਾਰ ਪੜ੍ਹੀਆਂ ਵੀ ਹਨ। ਉਹਨਾਂ ਕਿਹਾ ਕਿ ਇਹਨਾਂ ਦਾ ਗਲਪ, ਧਿਰ ਮੁਕਤ ਹੈ। ਉਹਨਾਂ ਡਾ. ਮਨਮੋਹਨ ਹੋਰਾਂ ਦੀ ਨਵ ਪ੍ਰਕਾਸ਼ਿਤ ਕਿਤਾਬ ਨਿਮਖ ਨ ਵੀਸਰੇ ਬਾਰੇ ਵੀ ਗੱਲਬਾਤ ਕੀਤੀ।

ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਸਾਹਿਤ ਨੂੰ ਗਿਆਨ ਇੰਦਰੀਆਂ ਵਿੱਚੋਂ ਹੀ ਦੇਖਿਆ ਜਾਂਦਾ ਹੈ। ਡਾ. ਮਨਮੋਹਨ ਆਤਮ ਦਾ ਟਰੈਂਡ ਲਿਆਉਣ ਵਾਲ਼ੇ ਮੋਢੀ ਲੇਖਕ ਹਨ ਅਤੇ ਵਾਦ ਦੀ ਕਲਗੀ ਤੋਂ ਮੁਕਤ ਹਨ। ਉੱਘੇ ਵਿਦਵਾਨ ਡਾ. ਰੌਣਕੀ ਰਾਮ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਮਨਮੋਹਨ ਹੋਰਾਂ ਨੂੰ ਸਨਮਾਨ ‘ਤੇ ਵਧਾਈ ਪੇਸ਼ ਕਰਦਿਆਂ ਅੱਜ ਦੇ ਪਰਚਿਆਂ ਨੂੰ ਸੰਤੁਲਿਤ ਦੱਸਿਆ। ਉਹਨਾਂ ਕਿਹਾ ਕਿ ਸੰਵਾਦ ਜ਼ਰੂਰੀ ਹੈ। ਉਹਨਾਂ ਚੁੱਪ ਨੂੰ ਜ਼ਰੂਰੀ ਸਥਾਨ ਦੱਸਿਆ। ਧੰਨਵਾਦੀ ਸ਼ਬਦ ਬੋਲਦਿਆਂ ਸੰਸਥਾ ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਆਏ ਸਾਰੇ ਸਰੋਤਿਆਂ ਆ ਧੰਨਵਾਦ ਕਰਦਿਆਂ ਡਾ. ਮਨਮੋਹਨ ਹੋਰਾਂ ਦੇ ਸਨਮਾਨ ਨੂੰ ਸੰਸਥਾ ਦੀ ਪ੍ਰਾਪਤੀ ਦੱਸਿਆ ਤੇ ਅਗਾਂਹ ਤੋਂ ਇਸ ਤਰ੍ਹਾਂ ਦਾ ਉੱਦਮ ਕਰਨ ਦਾ ਤਹੱਈਆ ਕੀਤਾ। ਇਸ ਸਮਾਗਮ ਵਿਚ ਉੱਘੇ ਪੱਤਰਕਾਰ ਜਸਵੀਰ ਸਮਰ, ਡਾ. ਸ਼ਾਮ ਸਿੰਘ, ਜੰਗ ਬਹਾਦਰ ਗੋਇਲ, ਭੁਪਿੰਦਰ ਮਲਿਕ, ਡਾ. ਕੰਵਲਜੀਤ, ਗੁਲ ਚੌਹਾਨ, ਗੋਵਰਧਨ ਗੱਬੀ, ਗੁਰਪ੍ਰੀਤ ਡੈਣੀ, ਸੁਰਜੀਤ ਸੁਮਨ, ਵਿਜੇ ਕਪੂਰ, ਰੇਖਾ ਮਿੱਤਲ, ਬਬੀਤਾ ਕਪੂਰ, ਸੁਭਾਸ਼ ਭਾਸਕਰ, ਸਰੂਪ ਸਿਆਲਵੀ, ਸਤਨਾਮ ਸ਼ੋਕਰ, ਕਹਾਣੀਕਾਰ ਪਰਮਜੀਤ ਮਾਨ, ਜਸਪਾਲ, ਗੁਰਦਰਸ਼ਨ ਮਾਵੀ, ਪ੍ਰਤਾਪ ਪਾਰਸ, ਜੈਪਾਲ, ਕਹਾਣੀਕਾਰ ਹਰਪ੍ਰੀਤ ਚੰਨੂੰ, ਪਰਮਜੀਤ ਮਾਨ, ਸਰੂਪ ਸਿਆਲ਼ਵੀ, ਸਤਨਾਮ ਸਿੰਘ ਸ਼ੋਕਰ ਅਤੇ ਜਸਵੀਰ ਸ਼ਿੰਘ ਮਹਿਰਾ ਆਦਿ ਨੇ ਸ਼ਿਰਕਤ ਕੀਤੀ।