ਸੋਬਰ ਤੇ ਸੱਭਿਅਕ ਗੀਤਕਾਰੀ ਦਾ ਇਕ ਚਰਚਿਤ ਨਾਂ ਜੱਗਾ ਚੌਂਕੀਮਾਨ/
ਚੰਡੀਗੜ੍ਹ (ਸਹਿਜਧਾਰਾ ਬਿਊਰੋ), 07 ਸਤੰਬਰ:
ਕਹਿੰਦੇ ਨੇ ਜਦੋਂ ਮਨ ਦੇ ਜਜ਼ਬਿਆਂ ਦੇ ਵਲਵਲੇ ਕਲਮ ਨਾਲ ਕਿੱਕਲੀ ਪਾਉਣ ਲੱਗ ਜਾਣ ਤਾਂ ਖੂਬਸੂਰਤ ਗੀਤ ਬਣਦੇ ਹਨ। ਜਦੋਂ ਜ਼ਿੰਦਗੀ ਦੀ ਫ਼ਿਜ਼ਾਅ ਵਿੱਚ ਕੁੜੱਤਣ ਦੀ ਗਹਿਰ ਸੰਘਣੀ ਹੋ ਜਾਏ ਤਾਂ ਸ਼ਾਇਰੀ ਦੇ ਨਕਸ਼ ਉੱਘੜਦੇ ਹਨ ਤੇ ਫਿਰ ਜਦੋਂ ਜ਼ਿਹਨ ਵਿੱਚੋਂ ਉੱਠੀਆਂ ਉਮੰਗਾਂ-ਤਰੰਗਾਂ ਦੀਆਂ ਮਸਤੀਆਂ ਦੀ ਹਿਲਜੁਲ ਹਰਕਤ ਵਿੱਚ ਆ ਜਾਵੇ ਤਾਂ ਬੇਮਿਸਾਲ ਗੀਤਕਾਰੀ ਦੀ ਸ਼ਾਇਰੀ ਦੀਆਂ ਲਹਿਰਾਂ-ਬਹਿਰਾਂ ਦੀ ਆਨੰਦਮਈ ਕਮਾਲ ਤਾਂ ਫਿਰ ਹੋਣੀ ਹੀ ਹੋਣੀ ਹੈ। ਪੰਜਾਬੀ ਲੋਕ ਰੰਗ, ਸੱਭਿਆਚਾਰਕ ਵਿਰਸੇ ਦੀ ਜਿਵੇਂ ਦੁਨੀਆਂ ਭਰ ਵਿੱਚ ਅੱਜ ਪੂਰੀ ਬੱਲੇ ਬੱਲੇ ਹੈ, ਮਾਂ ਬੋਲੀ ਦੇ ਜਾਏ ਭਾਵੇਂ ਦੇਸ਼ ਹੋਣ ਜਾਂ ਵਿਦੇਸ਼ ਵਿੱਚ, ਇਹਨਾਂ ਦੀ ਖਾਸੀਅਤ ਰਹੀ ਹੈ ਕਿ ਆਪਣੀਆਂ ਮੂਲ ਜੜ੍ਹਾਂ ਨਾਲ ਨਿੱਠ ਕੇ ਜੁੜੇ ਰਹੇ ਹਨ। ਜਿਵੇਂ ਕਿ ਇੱਥੇ ਜ਼ਿਕਰ ਕਰਨਾ ਚਾਹਵਾਂਗਾ ਉੱਘੇ ਗੀਤਕਾਰ ਜੱਗਾ ਚੌਂਕੀਮਾਨ ਦੀ ਗੀਤਕਾਰੀ ਸਫਰ ਬਾਰੇ। ਸੰਖੇਪ ਵਿੱਚ ਜ਼ਿਕਰ ਕਰਦਿਆਂ ਜੱਗਾ ਚੌਂਕੀਮਾਨ ਨੇ ਦੱਸਿਆ ਕਿ ਭਾਵੇਂ ਉਸ ਦਾ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਸ਼ਹਿਰ ਜਗਰਾਉਂ ਨਜਦੀਕ ਪਿੰਡ ਚੌਂਕੀਮਾਨ ਵਿੱਚ ਪਿਤਾ ਸਰਦਾਰ ਜੋਗਿੰਦਰ ਸਿੰਘ ਮਾਨ ਤੇ ਮਾਤਾ ਚੰਦ ਕੌਰ ਦੇ ਪਰਿਵਾਰ ਵਿੱਚ ਪਾਲਣ-ਪੋਸਣ ਹੋਇਆ, ਪਰ ਰੋਜ਼ੀ-ਰੋਟੀ ਦੇ ਮਸਲਿਆਂ ਨੂੰ ਨਜਿੱਠਣ ਲਈ ਉਸ ਨੂੰ ਸਾਲ 1974 ਵਿੱਚ ਆਪਣੀ ਸ਼ਰੀਕ-ਏ-ਹਯਾਤ ਸਮੇਤ ਕਨੇਡਾ ਦੀ ਧਰਤੀ ‘ਤੇ ਪ੍ਰਵਾਸ ਕਰਨਾ ਪਿਆ, ਜਿੱਥੇ ਉਸਨੂੰ ਟਰਾਂਟੋ ਦੀ ਇੱਕ ਪ੍ਰਸਿੱਧ ਟ੍ਰਾਂਸਪੋਰਟ ਕੰਪਨੀ ਵਿੱਚ ਡਰਾਈਵਰੀ ਕਰਦਿਆਂ ਗੌਡ ਗਿਫਟ ਵਜੋਂ ਮਿਲੀ।

ਗੀਤਕਾਰੀ ਸ਼ੌਕ ਦੇ ਤੰਦ ਪਾਉਂਦਿਆਂ ਡੇਢ ਸੌ ਦੇ ਕਰੀਬ ਗੀਤ ਉੱਚ ਕੋਟੀ ਦੇ ਸਟਾਰ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਕਰਾਉਣ ਦੀ ਵੱਡੀ ਪੱਧਰ ‘ਤੇ ਉਸਨੂੰ ਸਫਲਤਾ ਮਿਲੀ। ਜਿਵੇਂ ਕਿ ਇੰਟਰਨੈਸ਼ਨਲ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੀ ਆਵਾਜ਼ ਵਿੱਚ ਉਸ ਨੂੰ ਕਈ ਗੀਤ ਰਿਕਾਰਡ ਕਰਾਉਣ ਦਾ ਮਾਣ ਮਿਲਿਆ, ਜਿਹਨਾਂ ਚੋਂ “ਦੱਸੀ ਕਿਹਦਾ ਇਸ਼ਕ ਨਚਾਉਂਦਾ ਨੀ, ਮਜਾਜਣੇ ਮੌਸਮ ਅਤੇ ਹਾਲਾਤ ਬਦਲਦਿਆਂ ਪਤਾ ਨਹੀਂ ਲੱਗਦਾ, ਜ਼ਰਾ ਸੰਭਲ ਸੰਭਲ ਕੇ ਜੀਅ ਦੁਨੀਆ ਦਾਅ ਤੇ ਰਹਿੰਦੀ ਆ ਤੋਂ ਇਲਾਵਾ ਸੁਰੀਲੇ ਗਾਇਕ ਮਨਜੀਤ ਰੂਪੋਵਾਲੀਆ ਦੀ ਆਵਾਜ਼ ਵਿੱਚ ਗੀਤ ਤੈਨੂੰ ਕੀ ਦੱਸੀਏ ਤੇ ਹੋਰ ਗਾਇਕਾਂ ਵਿੱਚੋਂ ਗੁਰਵਿੰਦਰ ਬਰਾੜ, ਦਵਿੰਦਰ ਕੋਹੇਨੂਰ, ਸੁਦੇਸ਼ ਕੁਮਾਰੀ, ਕੇ ਐਸ ਮੱਖਣ, ਪੀ. ਐਸ. ਤੀਰ, ਜੀਵਨ ਮਾਨ, ਰਾਏ ਜੁਝਾਰ ਆਦਿ ਗਾਇਕ-ਗਾਇਕਾਵਾਂ ਨੇ ਉਸਦੇ ਲਿਖੇ ਗੀਤ ਗਾ ਚੁੱਕੇ ਹਨ। ਸੋਬਰ ਤੇ ਸੱਭਿਆਕ ਗੀਤਕਾਰੀ ਬਿਰਤੀ ਦੇ ਜੱਗੇ ਚੌਂਕੀਮਾਨ ਦੇ ਲਿਖੇ ਗੀਤਾਂ ਦੀ ਬਣਤਰ ਵੱਲ ਜੇਕਰ ਗੌਰ ਕਰੀਏ ਤਾਂ ਡੂੰਘੇ ਅਰਥ ਰੱਖਦੇ ਬੋਲ ਸਮੁੱਚੀ ਪੰਜਾਬੀ ਦੀ ਮਾਖਿਓ ਮਿੱਠੀ ਤਾਸੀਰ ਵਿੱਚ ਗੜੁੱਚ ਹਰੇਕ ਦੇ ਸੋਹਜ ਸਵਾਦ ਦੀ ਰੱਜਵੀਂ ਰੂਹਦਾਰੀ ਕਰਦੇ ਹਨ, ਜਿਵੇਂ ਜ਼ਿੰਦਗੀ ਦੀ ਸਭ ਤੋਂ ਉੱਚੇ ਮੁਨਾਰੇ ਤੇ ਖੜ੍ਹ ਕੇ ਦੁਨੀਆਂਦਾਰੀ ਦਾ ਰੰਗ ਦੇਖ ਰਹੇ ਹੋਈਏ। ਉਹੀ ਮੁਹੱਬਤਾਂ ਦੀ ਮੁਲਾਹਜ਼ੇਦਾਰੀ ਉਹੀ ਬਿਰਹਾ ਦੀ ਪੀੜਾ, ਉਹੀ ਮਜ਼ਬੂਰੀਆਂ ਦਾ ਹਨੇਰ ਘੁੱਪ, ਉਹੀ ਜ਼ਿੰਮੇਵਾਰੀਆਂ ਦੀਆਂ ਬਰੂਹਾਂ ਤੇ ਅਧਮੋਏ ਸੁਪਨੇ ਸਾਰਾ ਕੁਝ ਤਾਂ ਹੈ, ਉਸਦੇ ਗੀਤਾਂ ਦੇ ਬਿਰਤਾਂਤ ਵਿੱਚ। ਜ਼ਿੰਦਗੀ ਦੀਆਂ ਤਲਖ ਹਕੀਕਤਾਂ ਉਸਦੇ ਗੀਤਾਂ ਵਿੱਚ ਧੜਕਣ ਬਣ ਧੜਕਦੀਆਂ ਹਨ। ਉਹ ਜ਼ਿੰਦਗੀ ਦੀ ਹਰ ਕੌੜੀ-ਮਿੱਠੀ ਹਕੀਕਤ ਨੂੰ ਗੀਤਾਂ ਵਿੱਚ ਬਿਆਨ ਕਰਦਿਆਂ ਚੜ੍ਹਦੀ ਉਮਰ ਦੀ ਪੀੜ੍ਹੀ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਨੂੰ ਸਹੀ ਦਿਸ਼ਾ ਵਾਲਾ ਨੁਕਤਾ ਹਰ ਥਾਂ ਮੌਜੂਦ ਰੱਖਦਾ ਹੈ। ਅੱਜ ਪੰਜਾਬੀ ਗੀਤ ਸੰਗੀਤ ਨੂੰ ਬੇਸੁਆਦਾ ਸ਼ੋਰ ਸ਼ਰਾਬਾ, ਫੋਕੀ ਵਾਹੋ ਵਾਹੀ ਕੋਹੜ ਅੰਦਰੋਂ ਅੰਦਰੀ ਖਾਈ ਜਾ ਰਿਹਾ ਹੈ। ਸੋ ਉਮੀਦ ਹੈ ਕਿ ਜੱਗਾ ਚੌਂਕੀਮਾਨ ਦੀ ਗੀਤਕਾਰੀ ਉੱਚਕੋਟੀ, ਪਾਏਦਾਰ ਕੀਰਤੀਮਾਨ ਜ਼ਰੂਰ ਕਾਇਮ ਕਰੇਗੀ। ਸ਼ਾਲਾ ! ਉਸਦੀ ਜ਼ਿੰਦਗੀ ਦੀਆਂ ਮਿਹਨਤ ਮੁਸ਼ੱਕਤਾਂ ਉਸ ਨੂੰ ਹੋਰ ਵੀ ਉੱਚ ਮੁਕਾਮ ਦੀਆਂ ਬੁਲੰਦੀਆਂ ਪਾਉਣ ਦਾ ਬੱਲ ਬਖਸ਼ੇ।