‘ਫ਼ਿਰਕੂ ਅਧਾਰ ‘ਤੇ ਹੋਈ ਪੰਜਾਬ ਦੀ ਵੰਡ ਦੇ ਵਿਰੋਧ ਵਿਸ਼ੇ ਤੇ ਹੋਇਆ ਸੈਮੀਨਾਰ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 21 ਅਗਸਤ:
ਯੂਨਾਈਟਿਡ ਪੰਜਾਬੀ ਆਰਗੇਨਾਈਜ਼ੇਸ਼ਨ (ਰਜਿ). ਚੰਡੀਗੜ੍ਹ ਵੱਲੋਂ ਆਈ.ਡੀ.ਸੀ. (ਚੰਡੀਗੜ੍ਹ) ਦੇ ਸਹਿਯੋਗ ਨਾਲ਼ 15 ਅਗਸਤ 1947 ਨੂੰ ‘ਫ਼ਿਰਕੂ ਅਧਾਰ ‘ਤੇ ਹੋਈ ਪੰਜਾਬ ਦੀ ਵੰਡ ਦਾ ਵਿਰੋਧ ਕਰਨ ਵਾਲ਼ੇ ਪੰਜਾਬੀ ਸਿਆਸਤਦਾਨਾਂ, ਖ਼ਾਸ ਕਰਕੇ ਸਰ ਛੋਟੂ ਰਾਮ ਤੇ ਸਰ ਖਿਜ਼ਰ ਹਯਾਤ ਖ਼ਾਨ ਟਿਵਾਣਾ ਦੇ ਨਜ਼ਰੀਏ ਅਤੇ ਇਸ ਦੀ ਅਜੋਕੇ ਦੌਰ ਵਿੱਚ ਪ੍ਰਸੰਗਿਕਤਾ ਵਿਸ਼ੇ ਬਾਰੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਇਸ ਦਾ ਆਗ਼ਾਜ਼ ਕਰਦੇ ਹੋਏ ਸੰਸਥਾ ਦੇ ਬਾਨੀ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮਸਲਿਆਂ ਨਾਲ ਸੰਜੀਦਗੀ ਨਾਲ਼ ਜੁੜੇ ਹੋਏ ਪੰਜਾਬੀ ਦੇ ਨਾਮਵਰ ਲੇਖਕ ਤੇ ਚਿੰਤਕ ਹਰਵਿੰਦਰ ਸਿੰਘ ਨੇ ਕਿਹਾ ਕਿ ਇਸ ਸੰਸਥਾ ਦਾ ਮੰਤਵ ਸੂਫ਼ੀਆਂ, ਗੁਰੂਆਂ, ਭਗਤਾਂ ਤੇ ਲੋਕ ਨਾਇਕਾਂ ਵੱਲੋਂ ਪੈਦਾ ਕੀਤੀਆਂ ਨਿੱਗਰ ਤੇ ਉੱਚੀ-ਸੁੱਚੀ ਇਨਸਾਨੀ ਸਾਂਝੀਵਾਲਤਾ ਬਰਕਰਾਰ ਰੱਖਣ ਵਾਲੀਆਂ ਕਦਰਾਂ ਕੀਮਤਾਂ ਦੀ ਪ੍ਰੇਰਨਾ ‘ਤੇ ਅਧਾਰਤ ਅਮਲਯੋਗ ਕਾਰਜ ਕਰਨਾ ਹੈ। ਇਸੇ ਲੜੀ ਅਧੀਨ ਪੰਜਾਬ ਦੀ 15 ਅਗਸਤ 1947 ਦੀ ਦਰਦਨਾਕ ਵੰਡ ਦੇ ਸੰਦਰਭ ਇਸ ਸਮਾਗਮ ਰਾਹੀਂ ਇਸ ਵੰਡ ਦਾ ਵਿਰੋਧ ਕਰਨ ਅਤੇ ਹਿੰਦੂ-ਮੁਸਲਿਮ-ਸਿੱਖ ਭਾਈਚਾਰਾ ਅਤੇ ਸਾਂਝੀਵਾਲਤਾ ਬਰਕਰਾਰ ਰੱਖਣ ਵਾਲੇ ਲੋਕਾਂ, ਦਾਨਸ਼ਵਰਾਂ ਤੇ ਸਿਆਸੀ ਸ਼ਖਸੀਅਤਾਂ ਦੇ ਯੋਗਦਾਨ ਨੂੰ ਯਾਦ ਕਰਨਾ ਅਤੇ ਉਹਨਾਂ ਤੋਂ ਸੇਧ ਲੈ ਕੇ ਅਜੋਕੇ ਦੌਰ ਵਿੱਚ ਭਾਈਚਾਰਕ ਏਕਤਾ ਤੇ ਅਮਨ ਲਈ ਅਮਲਯੋਗ ਉਪਰਾਲੇ ਕਰਨਾ ਹੈ। ਮੁਖ ਸੁਰ ਭਾਸ਼ਣ ਵਕਤਾ ਵਜੋਂ ਬੋਲਦੇ ਹੋਏ ਆਈ.ਡੀ.ਸੀ. ਦੇ ਡਾਇਰੈਕਟਰ ਡਾ. ਪ੍ਰਮੋਦ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਉਨ੍ਹਾਂ ਦੀ ਧਾਰਮਿਕ ਪਛਾਣ ਦੇ ਨਾਲ ਨਾਲ ਭਾਈਚਾਰਕ ਸਾਂਝ ਮਜ਼ਬੂਤ ਰਹੀ ਹੈ। ਬੇਸ਼ੱਕ ਕੁਝ ਖਾਸ ਫਿਰਕੂ ਤੇ ਹਾਕਮ ਧਿਰਾਂ ਧਰਮ ਨੂੰ ਅਧਾਰ ਬਣਾ ਕੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਡਾ. ਪਿਆਰੇ ਲਾਲ ਗਰਗ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਰ ਛੋਟੂ ਰਾਮ ਤੇ ਸਰ ਖਿਜ਼ਰ ਹਯਾਤ ਖ਼ਾਨ ਟਿਵਾਣਾ ਦੀਆਂ ਪੰਜਾਬ ਦੀ ਵੰਡ ਦਾ ਵਿਰੋਧ ਕਾਰਨ ਵਾਲੀਆਂ ਸਿਰਤੋੜ ਕੋਸ਼ਿਸ਼ਾਂ ਦੇ ਵਾਵਜੂਦ ਅੰਗਗ੍ਰੇਜ਼ਾਂ ਨੇ ਪੰਜਾਬ ਦੀ ਵੰਡ ਗਿਣੀ-ਮਿਥੀ ਸਾਜਿਸ਼ ਅਧੀਨ ਕੀਤੀ ਸੀ ਤਾਂ ਕਿ ਉਹ ਇਥੋਂ ਜਾਣ ਉਪਰੰਤ ਵੀ ਇਸ ਖਿੱਤੇ ਵਿੱਚ ਆਪਣੀ ਅਹਿਮੀਅਤ ਅਤੇ ਹਕੂਮਤ ਬਰਕਰਾਰ ਰੱਖ ਸਕਣ। ਇਸੇ ਲੜੀ ਦੇ ਤਰਕ ਨੂੰ ਅੱਗੇ ਤੋਰਦਿਆਂ ਡਾ. ਰੌਣਕੀ ਰਾਮ ਨੇ ਕਿਹਾ ਕਿ ਅੰਗਰੇਜ਼ਾਂ ਨੇ ਪੰਜਾਬ ਨੂੰ ਦੋ ਵਾਰੀ ਤਬਾਹ ਕੀਤਾ ਹੈ। ਪਹਿਲੀ ਵਾਰੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਹਿੰਦੂ-ਮੁਸਲਿਮ-ਸਿੱਖ ਏਕਤਾ ‘ਤੇ ਅਧਾਰਤ ਰਾਜ ਖਤਮ ਕੀਤਾ ਅਤੇ ਦੂਜੀ ਵਾਰੀ 1947 ਵਿੱਚ ਫਿਰਕੂ ਅਧਾਰ ‘ਤੇ ਪੰਜਾਬ ਦੀ ਵੰਡ ਕਰਕੇ। ਉਹਨਾਂ ਨੇ ਸਰਗੋਧਾ ਅਤੇ ਦੁਆਬੇ ਵਿਚ ਚੱਲੀ ਆਦਿ ਧਰਮ ਲਹਿਰ ਦੇ ਇਤਿਹਾਸਕ ਰੋਲ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਸਰ ਛੋਟੂ ਰਾਮ ਤੇ ਸਰ ਖਿਜ਼ਰ ਹਯਾਤ ਖ਼ਾਨ ਟਿਵਾਣਾ ਨੇ ਆਪਣੀਆਂ ਵੱਖ ਵੱਖ ਧਾਰਮਿਕ ਪਛਾਣਾਂ ਅਤੇ ਆਰਥਿਕ ਜਮਾਤਾਂ ਦੇ ਵਖਰੇਵੇਂ ਹੋਣ ਦੇ ਬਾਵਜੂਦ, ਜਿਸ ਸੁਹਿਰਦਤਾ ਨਾਲ ਸਾਰੇ ਪੰਜਾਬੀਆਂ ਦਾ ਇੱਕ ਸਾਂਝਾ ਮੁਹਾਜ ਬਣਾਇਆ ਸੀ, ਉਹ ਮਿਸਾਲੀ ਸੀ, ਜਿਸ ਦੀ ਅੱਜ ਵੀ ਲੋੜ ਹੈ, ਪਰ ਅੱਜ ਸਾਡੇ ਕੋਲ ਅਜਿਹੇ ਕਿਰਦਾਰ ਵਾਲੇ ਸਿਆਸਤਦਾਨਾਂ ਦਾ ਕਾਲ਼ ਪੈ ਗਿਆ ਹੈ।

ਪੰਜਾਬ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਡਾ .ਸੁਖਪਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਰ ਛੋਟੂ ਰਾਮ ਅਤੇ ਸਰ ਖਿਜ਼ਰ ਹਯਾਤ ਖਾਨ ਟਿਵਾਣਾ ਪੰਜਾਬ ਦੀ ਫਿਰਕੂ ਏਕਤਾ ਅਤੇ ਕਿਸਾਨ ਪੱਖੀ ਵਿਰਾਸਤ ਦੇ ਵਾਰਸ ਹਨ। ਸਰ ਛੋਟੂ ਰਾਮ ਆਮ ਕਿਸਾਨ ਪਰਿਵਾਰ ਵਿੱਚੋਂ ਉੱਠੇ ਨੇਤਾ ਸਨ ਅਤੇ ਉਹ ਆਮ ਪੇਂਡੂ ਕਿਸਾਨ ਤੇ ਮਜ਼ਦੂਰ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਸਨ। ਉਹਨਾਂ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਨੂੰ ਤੋੜ ਕੇ ਉਨ੍ਹਾਂ ਦੀ ਥਾਂ ਕਿਸਾਨ ਪੱਖੀ ਕਾਨੂੰਨ ਬਣਾਉਣਾ ਵੱਡਾ ਇਤਿਹਾਸਕ ਯੋਗਦਾਨ ਹੈ ਅਤੇ ਇਹ ਕਾਨੂੰਨ ਖੇਤੀ ਕਾਨੂੰਨਾਂ ਦੀ ਬੁਨਿਆਦ ਹਨ। ਡਾ . ਮਨਮੋਹਨ ਨੇ ਸਰ ਛੋਟੂ ਰਾਮ ਅਤੇ ਸਰ ਖਿਜ਼ਰ ਹਯਾਤ ਟਿਵਾਣਾ ਦੇ ਹਵਾਲੇ ਨਾਲ ਕਿਹਾ ਕਿ ਸਮਲਿਤ ਸੱਭਿਆਚਾਰਕ ਵਿਰਾਸਤ ਵਾਲ਼ਾ ਪੰਜਾਬ ਹਮੇਸ਼ਾ ਤੋਂ ਸਾਂਝੀਵਾਲਤਾ ਦੇ ਰਾਹ ‘ਤੇ ਚਲਦਾ ਆਇਆ ਹੈ, ਬੇਸ਼ੱਕ ਇਸਦੀ ਭਾਈਚਾਰਕ ਏਕਤਾ ਵਿੱਚ ਸਮੇਂ ਸਮੇਂ ਫਿਰਕੂ ਪਾੜ ਪਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਸਾਰੇ ਵਿਦਵਾਨ ਇਸ ਗੱਲ ‘ਤੇ ਇੱਕਮੱਤ ਸਨ ਕਿ ਦੇਸ਼ ਦੀ ਵੰਡ ਦਾ ਸਖਤ ਵਿਰੋਧ ਕਰਨ ਵਾਲ਼ੇ ਉਸ ਸਮੇਂ ਦੇ ਪੰਜਾਬ ਦੇ ਸਿਰਕੱਢ ਕਿਸਾਨ ਆਗੂ ਸਰ ਛੋਟੂ ਰਾਮ ਅਤੇ ਸਰ ਖਿਜ਼ਰ ਹਯਾਤ ਟਿਵਾਣਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅੱਜ ਵੀ ਦੇਸ਼ ਦੇ ਲੋਕਾਂ ਵਿੱਚ ਧਰਮ ਦੇ ਅਧਾਰ ‘ਤੇ ਵੰਡੀਆਂ ਪਾਉਣ ਦੀ ਬਜਾਏ ਪੰਜਾਬ ਦੇ ਕਿਸਾਨ-ਮਜ਼ਦੂਰ ਪੱਖੀ ਵਿਕਾਸ ਨੀਤੀਆਂ ਬਣਾਉਣ ਅਤੇ ਅਮਲ ਵਿਚ ਲਿਆਉਣ ਦੇ ਉਪਰਾਲੇ ਕਰਵਾਏ ਜਾਣ ਤਾਂ ਜੋ ਉਨ੍ਹਾਂ ਨੂੰ ਕਰਜ਼ੇ ਦੇ ਜਾਲ਼ ਵਿੱਚੋਂ ਕੱਢਿਆ ਜਾ ਸਕੇ। ਉਹਨਾਂ ਦਾ ਆਰਥਿਕ ਵਿਕਾਸ ਕਰਕੇ ਉਨ੍ਹਾਂ ਨੂੰ ਵਿੱਦਿਆ, ਸਿਹਤ ਸਹੂਲਤਾਂ ਅਤੇ ਬੁਨਿਆਦੀ ਜੀਵਨ ਸਹੂਲਤਾਂ ਪ੍ਰਦਾਨ ਕਰਕੇ ਉਨ੍ਹਾਂ ਨੂੰ ਗੌਰਵਸ਼ਾਲੀ ਜ਼ਿੰਦਗੀ ਜੀਣ ਦੇ ਕਾਬਲ ਬਣਾਇਆ ਜਾ ਸਕੇ। ਅੱਜ ਜਦੋਂ ਦੇਸ਼ ਵਿਚ ਜੋ ਫਿਰਕੂ ਲੀਹਾਂ ਦੀ ਪਾਲਾਬੰਦੀ ਹੋ ਰਹੀ ਹੈ, ਘੱਟ-ਗਿਣਤੀ ਦਲਿਤਾਂ, ਆਦਿਵਾਸੀ ਔਰਤਾਂ ਅਤੇ ਲੇਖਕਾਂ – ਬੁੱਧੀਜੀਵੀਆਂ ਨੂੰ ਰੋਲਿਆ-ਮਧੋਲਿਆ ਜਾ ਰਿਹਾ ਹੈ, ਕਾਰਪੋਰੇਟ ਹਿੱਤਾਂ ਦੇ ਅਨੂਕੂਲ ਵਿਕਾਸ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਵੰਡ ਅਤੇ ਫਿਰਕਾਪ੍ਰਸਤੀ ਦਾ ਵਿਰੋਧ ਕਰਨ ਵਾਲ਼ੇ ਕਾਮਿਆਂ, ਕਿਸਾਨਾਂ ਅਤੇ ਪਿੰਡਾਂ ਦੇ ਵਿਕਾਸ ਕਰਨ ਵਾਲ਼ੇ ਦਾਨਿਸ਼ਵਰਾਂ ਲੋਕਾਂ ਅਤੇ ਨੇਤਾਵਾਂ ਦੀ ਵਿਚਾਰਧਾਰਾ ਹੋਰ ਵੀ ਸਾਰਥਿਕ ਹੁੰਦੀ ਜਾਪਦੀ ਹੈ। ਇਸ ਪ੍ਰੋਗਰਾਮ ਵਿੱਚ ਪ੍ਰੇਮ ਸਿੰਘ ਘੜਾਮਾਂ, ਕ੍ਰਿਸ਼ਨ ਸਿੰਘ ਸਨੌਰ, ਹਰਵਿੰਦਰ ਸਿੰਘ ਜੋਗੀਪੁਰ, ਦਵਿੰਦਰ ਬੋਹਾ, ਅਵਤਾਰ ਸਿੰਘ ਪਤੰਗ, ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਭਾਗ ਲਿਆ। ਮੰਚ ਸੰਚਾਲਨ ਪੰਜਾਬੀ ਦੇ ਨਾਮਵਰ ਸ਼ਾਇਰ ਜਗਦੀਪ ਸਿੱਧੂ ਨੇ ਬਾਖੂਬੀ ਨਿਭਾਇਆ।