ਪੰਜਾਬ ਸਿਵਲ ਸਰਵਿਸ (ਐਗਜ਼ਿਕਿਊਟਿਵ) ਰਿਟਾਇਰਡ ਐਸੋਸੀਏਸ਼ਨ ਵੱਲੋਂ ਮੁਲਾਜ਼ਮਾਂ/ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਦੀ ਕੀਤੀ ਅਪੀਲ – ਡਾ. ਬਲਬੀਰ ਸਿੰਘ ਢੋਲ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 24 ਅਗਸਤ:
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜੱਥੇਬੰਦੀਆਂ ਵੱਲੋਂ ਸਾਂਝੀ ਤਾਲਮੇਲ ਕਮੇਟੀ ਬਣਾ ਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਆਰੰਭ ਕੀਤਾ ਹੋਇਆ ਹੈ, ਜਿਸ ਦੀ ਲੜੀ ਵਜੋਂ 27 ਅਗਸਤ 2026 ਨੂੰ ਸਮੂਹਿਕ ਛੁੱਟੀ ‘ਤੇ ਜਾਣ ਦਾ ਸੱਦਾ ਦਿੱਤਾ ਹੈ। ਮੁਲਾਜ਼ਮਾਂ/ ਪੈਨਸ਼ਨਰਾਂ ਦੀਆਂ ਹੋਰ ਮੰਗਾਂ ਤੋਂ ਇਲਾਵਾ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨਾ ਦਿੱਤੇ ਜਾਣ ਵੱਜੋਂ ਸਖਤ ਰੋਸ ਪਾਇਆ ਜਾ ਰਿਹਾ ਹੈ।

ਇਸ ਸੰਬੰਧੀ ਪੰਜਾਬ ਸਿਵਲ ਸਰਵਿਸ (ਐਗਜ਼ਿਕਿਊਟਿਵ) ਰਿਟਾਇਰਡ ਐਸੋਸੀਏਸ਼ਨ ਦੇ ਪ੍ਰਧਾਨ ਡਾ. ਬਲਬੀਰ ਸਿੰਘ ਢੋਲ ਵੱਲੋਂ ਅੱਜ ਇੱਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁਲਾਜ਼ਮਾਂ/ ਪੈਨਸ਼ਨਰਾਂ ਦੇ ਸੱਦੇ ਦੀ ਹਿਮਾਇਤ ਕਰਨ ਦੇ ਨਾਲ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਮੁਲਾਜ਼ਮਾਂ/ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਹਿਮਤੀ ਪੱਤਰ ਜਾਰੀ ਕਰਕੇ 27-08-2026 ਦੀ ਸਮੂਹਿਕ ਛੁੱਟੀ ਦੇ ਸੱਦੇ ਨੂੰ ਵਾਪਸ ਲੈਣ ਲਈ ਉਪਰਾਲੇ ਕਰੇ, ਤਾਂ ਜੋ ਆਮ ਲੋਕਾਂ ਦੇ ਕੰਮਾਂ ਵਿੱਚ ਵਿਘਨ ਨਾ ਪਵੇ।