ਇੰਦਰਜੀਤ ਪੁਰੇਵਾਲ ਪੰਜਾਬੀ ਦੇ ਰਾਗ ਦਾ ਮੂੜ੍ਹੀ ਸਾਧਕ/ ਮੱਖਣ ਮਾਨ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 24 ਅਗਸਤ:
(ਇੰਦਰਜੀਤ ਪੁਰੇਵਾਲ਼ ਹਠੀ ਇਨਸਾਨ ਹੈ। ਉਨ੍ਹਾਂ ਨੇ ਮਾਰਾਂ ਖਾਧੀਆਂ ਹਨ। ਬਿਰਹੋਂ ਦੀ ਰੜਕ ਓਹਦੀਆਂ ਅੱਖਾਂ ਵਿੱਚੋਂ ਕਿਰਦੀ ਰਹੀ ਹੈ। 1988-89 ਦੇ ਜਲ਼ਦੇ-ਬਲ਼ਦੇ ਦਿਨੀਂ ਉਹ ਸਰਕਾਰੀ ਬਹੁ-ਤਕਨੀਕੀ ਕਾਲਜ, ਬਟਾਲ਼ਾ ਦੀ ਨੌਜਵਾਨੀ ਦੇ ਦਿਲਾਂ ਦੀ ਧੜਕਣ ਰਿਹਾ। ਇਨ੍ਹੀਂ-ਦਿਨੀਂ ਹੀ ਮੈਨੂੰ ਇਸ ਕਾਲਜ ਵਿੱਚ ਬਤੌਰ ਕਲਰਕ ਹਾਜ਼ਰੀ ਦੇਣ ਦਾ ਮੌਕਾ ਮਿਲ਼ਿਆ ਸੀ। ਬੇਸ਼ੱਕ ਮੈਂ ਛੇ ਕੁ ਮਹੀਨੇ ਹੀ ਇੱਥੇ ਰਿਹਾ, ਪਰੰਤੂ ਇੱਥੋਂ ਦੇ ਗਰਮ ਮਾਹੌਲ ਨੇ ਮੇਰੇ ਮਨ ਦੇ ਅੰਬਰ ਨੂੰ ਅੱਜ ਤੱਕ ਝੰਜੋੜੀ ਰੱਖਿਆ ਹੋਇਆ ਹੈ। ਇੰਦਰਜੀਤ ਪੁਰੇਵਾਲ਼ ਰਾਗ ਦੇ ਕਰਤਾ-ਧਰਤਾ ਸੰਪਾਦਕ ਹਨ। ਇਹੋ ਓਹਦੀ ਸਾਧਨਾ ਦਾ ਫਲ਼ ਹੈ। ਭਾਅ ਮੱਖਣ ਮਾਨ ਨੇ ਉਨ੍ਹਾਂ ਦੇ ਜਨਮ ਦਿਨ ਵੇਲ਼ੇ ਫੇਸਬੁੱਕ ਪੇਜ ਤੇ ਇੰਦਰਜੀਤ ਪੁਰੇਵਾਲ਼ ਲਈ ਮੋਤੀਆਂ ਵਰਗੇ ਸ਼ਬਦਾਂ ਨੂੰ ਧੰਨਵਾਦ ਸਹਿਤ ਸਹਿਤਧਾਰਾ ਡਾਟ ਇਨ ਦੇ ਪਾਠਕਾਂ ਲਈ ਪੇਸ਼ ਹਨ। ਸਾਹਿਤ ਲਈ ਓਹਦੇ ਧੜਕਦੇ ਦਿਲ ਲਈ ਦੁਆਵਾਂ – ਸੁਰਜੀਤ ਸੁਮਨ, ਸੰਪਾਦਕ)।
ਉਹ ਪੁਰੇ ਦੀ ‘ਵਾ ਵਰਗਾ ਹੈ , ਉਸ ਦੀ ਆਮਦ ਕਿਸੇ ਰਾਗ ਦੀ ਤਾਨ ਵਰਗੀ ਹੈ । ਹੋਲੀ ,ਅੰਦਰ ਤੱਕ ਉਤਰ ਜਾਣ ਵਾਲੀ । ਉਸ ਨੂੰ ਮਿਲੋ ਤਾਂ ਲੱਗਦਾ ਕਿਸੇ ਬੰਦ ਕਮਰੇ ਦੀ ਖਿੜਕੀ ਖੁੱਲ੍ਹ ਗਈ ਹੋਵੇ ,ਬਾਹਰੋਂ ਪੰਜਾਬ ਦੀ ਮਿੱਟੀ, ਖੇਤਾਂ ਦੀ ਹਵਾ ਤੇ ਕਿਸੇ ਦੂਰਲੇ ਰਾਗ ਦੀ ਆਵਾਜ਼ ਅੰਦਰ ਆ ਵੜੀ ਹੋਵੇ , ਉਸ ਦੇ ਪਰਚੇ ਨੂੰ ਪੜ੍ਹਦਿਆਂ ਦਿਮਾਗ ਦੀਆਂ ਖਿੜਕੀਆਂ ਖੁੱਲ੍ਹਦੀਆਂ ਹਨ , ਉਸ ਨਾਲ ਗੱਲ ਕਰਦਿਆਂ ਮਨ ਨੂੰ ਸਕੂਨ ਮਿਲਦਾ , ਕਈ ਵਾਰ ਸੋਚਦਾ ਹਾਂ, ਇਹ ਕਿਹੋ ਜਿਹਾ ਰਾਗ ਹੈ ਜਿਸ ਨੂੰ ਸੁਣਨਾ ਨਹੀਂ ਪੜ੍ਹਨਾ ਪੈਂਦਾ ? ਉਹ ਅਜਿਹਾ ਹੀ ਰਹੱਸ ਹੈ ।
ਉਹ ਸੰਪਾਦਕ ਹੈ, ਸੰਪਾਦਕ ਨਹੀਂ , ਪਾਠਕ ਹੈ, ਪਾਠਕ ਨਹੀਂ , ਸਾਹਿਤ ਦਾ ਪ੍ਰੇਮੀ ਹੈ, ਪ੍ਰੇਮੀ ਹੀ ਨਹੀਂ , ਉਸ ਦੇ ਅੰਦਰ ਬੇਚੈਨ ਸੁਪਨਾਕਾਰ ਬੈਠਾ ਹੈ, ਜਿਹੜਾ ਪੰਜਾਬੀ ਦੇ ਅੱਖਰਾਂ ਨੂੰ ਲੈ ਕੇ ਫ਼ਿਕਰਮੰਦ ਰਹਿੰਦਾ ਹੈ, ਜਿਵੇਂ ਕਿਸਾਨ ਆਪਣੀ ਫ਼ਸਲ ਲਈ ।
ਹਰ ਤਿੰਨ ਮਹੀਨੇ ਬਾਅਦ ਉਹ ਆਪਣੇ ਸਿਰ ਉੱਤੇ ਕੋਈ ਅਦਿੱਖ ਮੁਕਟ ਸਜਾ ਕੇ ਨਿਕਲ ਪੈਂਦਾ ਹੈ ।ਇਹ ਮੁਕਟ ਸੋਨੇ ਦਾ ਨਹੀਂ, ਅੱਖਰਾਂ ਦਾ ਹੈ । ਭਰੀ ਜੇਬ ਖਾਲੀ ਕਰਕੇ ਨਵਾਂ ਅੰਕ ਸਾਡੇ ਹੱਥਾਂ ‘ਚ ਰੱਖ ਦਿੰਦਾ ਹੈ । ਫਿਰ ਉਦਾਸੀ ਵਾਂਗ, ਵਾ-ਵਰੋਲੇ ਵਾਂਗ, ਪੰਜਾਬ ਦੇ ਸਾਹਿਤਕ ਦਰਵਾਜ਼ਿਆਂ ‘ਤੇ ਦਸਤਕ ਦਿੰਦਾ ਹੈ ।
ਇਹ ਕਿਹੋ ਜਿਹਾ ਬੰਦਾ ਹੈ?
ਜਿਹੜਾ ਅੱਖਰਾਂ ਨੂੰ ਕੱਟਦਾ ਹੈ, ਰਚਨਾ ਨੂੰ ਚੁੰਮਦਾ ਹੈ ।
ਜਿਹੜਾ ਪ੍ਰੂਫ਼ ਦੀ ਇੱਕ ਗ਼ਲਤੀ ਲਈ ਰੁਕ ਸਕਦਾ ਹੈ,ਕਿਸੇ ਨਵੇਂ ਲੇਖਕ ਦੀ ਇੱਕ ਪੰਕਤੀ ਲਈ ਸਾਰੀ ਰਾਤ ਜਾਗ ਸਕਦਾ ਹੈ । ਜਿਹੜਾ ਰਚਨਾ ਨੂੰ ਸਿਰਫ਼ ਛਪਣ ਵਾਲੀ ਚੀਜ਼ ਨਹੀਂ ਸਮਝਦਾ, ਉਸ ਵਿੱਚੋਂ ਲੇਖਕ ਦਾ ਸਾਹ ਲੱਭਦਾ ਹੈ । ਸੰਪਾਦਕ ਹੋਣਾ ਅਸਲ ਵਿੱਚ ਬਹੁਤ ਔਖਾ ਕੰਮ ਹੈ । ਲੇਖਕ ਆਪਣੀ ਰਚਨਾ ਲਿਖ ਕੇ ਕੁਝ ਹੱਦ ਤੱਕ ਮੁਕਤ ਹੋ ਜਾਂਦਾ ਹੈ, ਪਰ ਸੰਪਾਦਕ ਕੋਲ ਮੁਕਤੀ ਨਹੀਂ ਹੁੰਦੀ । ਉਸ ਨੂੰ ਹਰ ਰਚਨਾ ਦੇ ਨਾਲ ਤੁਰਨਾ ਪੈਂਦਾ ਹੈ । ਉਸ ਨੂੰ ਚੰਗੇ ਤੇ ਕਮਜ਼ੋਰ ਵਿੱਚ ਫ਼ਰਕ ਕਰਨਾ ਪੈਂਦਾ ਹੈ । ਉਸ ਨੂੰ ਨਵੀਂ ਆਵਾਜ਼ ਨੂੰ ਪਛਾਣਨਾ ਪੈਂਦਾ ਹੈ। ਉਸ ਨੂੰ ਕਈ ਵਾਰ ਆਪਣੀ ਪਸੰਦ ਤੋਂ ਉੱਪਰ ਉੱਠ ਕੇ ਰਚਨਾ ਦੀ ਲੋੜ ਨੂੰ ਸਮਝਣਾ ਪੈਂਦਾ ਹੈ ।
ਇੰਦਰਜੀਤ ਪੁਰੇਵਾਲ ਇਹ ਕੰਮ ਇੱਕ ਰਾਗੀ ਵਾਂਗ ਕਰਦਾ ਹੈ । ਰਾਗੀ ਨੂੰ ਪਤਾ ਹੁੰਦਾ ਹੈ ਕਿ ਸੁਰ ਸਿਰਫ਼ ਆਵਾਜ਼ ਨਹੀਂ ਹੁੰਦਾ । ਸੁਰ ਦੇ ਪਿੱਛੇ ਅਨੁਸ਼ਾਸਨ ਹੁੰਦਾ ਹੈ, ਸਾਧਨਾ ਹੁੰਦੀ ਹੈ, ਧੀਰਜ ਹੁੰਦਾ ਹੈ , ਇੱਕ ਸੁਰ ਗ਼ਲਤ ਲੱਗ ਜਾਵੇ ਤਾਂ ਪੂਰੀ ਤਾਨ ਦਾ ਸੰਤੁਲਨ ਵਿਗੜ ਸਕਦਾ ਹੈ । ਸੰਪਾਦਨ ਵੀ ਕਾਰਜ ਵੀ ਅਜਿਹਾ ਹੀ ਹੁੰਦਾ ਹੈ ।
ਇਸੇ ਲਈ ਉਸ ਨੂੰ ਮੈਂ ਕਦੇ-ਕਦੇ ਗੰਜਾ ਰਾਗੀ ਕਹਿਣ ਦੀ ਸ਼ਰਾਰਤ ਕਰ ਲੈਂਦਾ ਹਾਂ । ਰਾਗ ਗਾਉਂਦਾ-ਗਾਉਂਦਾ ਸਿਰ ਦੇ ਵਾਲ ਭਾਵੇਂ ਘਟ ਗਏ ਹੋਣ, ਪਰ ਅੱਖਰਾਂ ਦੀ ਫ਼ਸਲ ਦਾ ਝਾੜ ਪੂਰਾ ਹੈ ਉਸ ਕੋਲ । ਉਲਟਾ ਇਹ ਵੀ ਲੱਗਦਾ , ਸਿਰ ਉੱਤੇ ਜਿੰਨੀ ਜਗ੍ਹਾ ਖਾਲੀ ਹੋਈ, ਓਨੀ ਹੀ ਅੰਦਰ ਵਿਚਾਰਾਂ ਨਾਲ ਵਧ ਗਈ । ਕਹਿੰਦੇ ਹਨ ਕੁਦਰਤ ਗੰਜੇ ਬੰਦੇ ‘ਤੇ ਮਿਹਰਬਾਨ ਹੁੰਦੀ ਹੈ । ਪੁਰੇਵਾਲ ‘ਤੇ ਤਾਂ ਕੁਝ ਵੱਧ ਹੀ ਮਿਹਰਬਾਨ ਹੈ- ਸਰਸਵਤੀ ਦੀ ।
ਉਹ ਅੱਖਰਾਂ ਦੀ ਖੇਤੀ ਕਰਦਾ ਹੈ ।
ਆਪੇ ਕਿਸਾਨ ।
ਆਪੇ ਆੜ੍ਹਤੀਆ ।
ਆਪੇ ਮਜ਼ਦੂਰ ।
ਆਪੇ ਬੀਜਣ ਵਾਲਾ ।
ਆਪੇ ਫ਼ਸਲ ਦੀ ਉਡੀਕ ਕਰਨ ਵਾਲਾ ।
ਸਾਹਿਤ ਦੀ ਖੇਤੀ ਦਾ ਹਿਸਾਬ ਬੜਾ ਅਜੀਬ ਹੈ। ਇੱਥੇ ਬੀਜ ਅੱਜ ਪਾਇਆ ਜਾਂਦਾ ਹੈ ਤੇ ਫ਼ਸਲ ਕਈ ਵਾਰ ਦਹਾਕਿਆਂ ਬਾਅਦ ਨਿਕਲਦੀ ਹੈ। ਕਈ ਰਚਨਾਵਾਂ ਆਪਣੇ ਸਮੇਂ ਵਿੱਚ ਚੁੱਪ ਰਹਿੰਦੀਆਂ ਹਨ, ਫਿਰ ਕਿਸੇ ਹੋਰ ਸਮੇਂ ਵਿੱਚ ਜਾ ਕੇ ਬੋਲਦੀਆਂ ਹਨ । ਇੰਦਰਜੀਤ ਪੁਰੇਵਾਲ ਨੂੰ ਸ਼ਾਇਦ ਇਸ ਗੱਲ ਦੀ ਸਮਝ ਹੈ । ਉਸ ਨੂੰ ਪਤਾ ਹੈ ਕਿ ਹਰ ਰਚਨਾ ਦਾ ਤੁਰੰਤ ਪਾਠਕ ਨਹੀਂ ਹੁੰਦਾ। ਕੁਝ ਰਚਨਾਵਾਂ ਨੂੰ ਆਪਣੇ ਪਾਠਕ ਦੀ ਉਡੀਕ ਕਰਨੀ ਪੈਂਦੀ ਹੈ । ਅਤੇ ਸ਼ਾਇਦ ਹਰ ਚੰਗਾ ਸੰਪਾਦਕ ਆਪਣੇ ਪਾਠਕਾਂ ਨਾਲੋਂ ਵੱਧ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ‘ਤੇ ਵਿਸ਼ਵਾਸ ਕਰਦਾ ਹੈ ।
ਪੁਰੇਵਾਲ ਦੇ ਚਿਹਰੇ ‘ਤੇ ਮੈਨੂੰ ਕਈ ਚਿਹਰੇ ਦਿਸਦੇ ਹਨ। ਇੱਕ ਪਾਠਕ ਦਾ, ਇੱਕ ਸੰਪਾਦਕ ਦਾ, ਇੱਕ ਸੁਪਨਾਕਾਰ ਦਾ, ਇੱਕ ਜ਼ਿੱਦੀ ਪੰਜਾਬੀ ਦਾ। ਕਈ ਗੀਤ, ਕਈ ਨਜ਼ਮਾਂ, ਕਈ ਕਹਾਣੀਆਂ ਜਿਵੇਂ ਉਸ ਦੇ ਚਿਹਰੇ ਨਾਲ ਚਿਪਕੀਆਂ ਹੋਈਆਂ ਹਨ । ਉਹ ਕਦੇ ਸੂਰਜਮੁਖੀ ਜਿਹਾ ਲੱਗਦਾ ਹੈ—ਹਨੇਰੇ ਵਿੱਚ ਵੀ ਸੂਰਜ ਵੱਲ ਮੂੰਹ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ।
ਉਹ ਇੱਕ ਸੁਲਘਦੇ ਬੀਆਬਾਨ ਦਾ ਉਪਨਾਮ ਹੈ ।
ਉਸ ਬੀਆਬਾਨ ਵਿੱਚੋਂ ਕਈ ਨਦੀਆਂ ਲੰਘੀਆਂ ਹਨ ।
ਕਈ ਦਮ ਤੋੜ ਗਈਆਂ ।
ਕਈ ਰਸਤਾ ਬਦਲ ਗਈਆਂ ।
ਪਰ ਇੱਕ ਨਦੀ ਅਜੇ ਵੀ ਵਗ ਰਹੀ ਹੈ—ਪੰਜਾਬੀ ਦੀ ।
ਉਹ ਨਦੀ ਉਸ ਦੇ ਅੰਦਰ ਠਾਠਾਂ ਮਾਰਦੀ ਹੈ ।
ਉਹ ਕਹਿੰਦਾ ਨਹੀਂ, ਪਰ ਉਸ ਦਾ ਕੰਮ ਜਿਵੇਂ ਹਰ ਵਾਰ ਆਖਦਾ ਹੈ
“ ਮੈਂ ਬੋਲੀ ਹਾਂ। “
“ ਮੈਂ ਪੰਜਾਬੀ ਹਾਂ।”
“ ਤੁਹਾਡੀ ਹਾਂ।”
“ ਤੁਹਾਡੇ ਕੋਲ ਹਾਂ।”
“ ਤੁਹਾਡੇ ਲਹੂ ‘ਚ ਹਾਂ।”
ਇਹੀ ਉਸ ਦਾ ਰਾਗ ਹੈ ।
ਅਤੇ ਇਸ ਰਾਗ ਨੂੰ ਉਹ ਹਰ ਤਿੰਨ ਮਹੀਨਿਆਂ ਬਾਅਦ ‘ਰਾਗ’ ਦੇ ਇੱਕ ਨਵੇਂ ਅੰਕ ਵਿੱਚ ਸਾਡੇ ਹੱਥਾਂ ਤੱਕ ਲੈ ਆਉਂਦਾ ਹੈ ।
ਜਦੋਂ ਅਸੀਂ ਆਪਣੇ ਆਲੇ-ਦੁਆਲੇ ਵੇਖਦੇ ਹਾਂ। ਪੜ੍ਹਨ ਦਾ ਸਮਾਂ ਘਟ ਰਿਹਾ ਹੈ। ਪਾਠਕਾਂ ਦੀ ਗਿਣਤੀ ਬਾਰੇ ਚਿੰਤਾਵਾਂ ਵਧ ਰਹੀਆਂ ਹਨ। ਕਿਤਾਬਾਂ ਨਾਲੋਂ ਸਕਰੀਨਾਂ ਨੇ ਮਨੁੱਖ ਦੀਆਂ ਅੱਖਾਂ ਨੂੰ ਵੱਧ ਘੇਰ ਲਿਆ ਹੈ। ਲੰਮੀ ਰਚਨਾ ਪੜ੍ਹਨ ਲਈ ਲੋੜੀਂਦਾ ਧੀਰਜ ਘਟ ਰਿਹਾ ਹੈ।
ਅਜਿਹੇ ਸਮੇਂ ‘ਚ ਪੰਜਾਬੀ ਦਾ ਸਾਹਿਤਕ ਤ੍ਰੈਮਾਸਿਕ ਕੱਢਣਾ ਕਿਹੜੀ ਸਿਆਣਪ ਹੈ ?
ਬਾਜ਼ਾਰ ਦੀ ਨਜ਼ਰ ਨਾਲ ਵੇਖੋ ਤਾਂ ਸ਼ਾਇਦ ਕੋਈ ਸਿਆਣਪ ਨਹੀਂ ।
ਪਰ ਮੁਹੱਬਤ ਦੀ ਨਜ਼ਰ ਨਾਲ ਵੇਖੋ ਤਾਂ ਇਹੀ ਸਭ ਤੋਂ ਵੱਡੀ ਸਿਆਣਪ ਹੈ। ਕਿਉਂਕਿ ਜਿਹੜੀਆਂ ਚੀਜ਼ਾਂ ਸਿਰਫ਼ ਬਾਜ਼ਾਰ ਨਾਲ ਬਚਦੀਆਂ ਹਨ, ਉਹ ਬਾਜ਼ਾਰ ਦੇ ਬਦਲਣ ਨਾਲ ਖ਼ਤਮ ਹੋ ਜਾਂਦੀਆਂ ਹਨ। ਜਿਹੜੀਆਂ ਚੀਜ਼ਾਂ ਮੁਹੱਬਤ ਨਾਲ ਬਚਾਈਆਂ ਜਾਂਦੀਆਂ ਹਨ, ਉਹ ਪੀੜ੍ਹੀਆਂ ਪਾਰ ਕਰ ਜਾਂਦੀਆਂ ਹਨ।
ਇਸੇ ਲਈ ‘ਰਾਗ’ ਇੱਕ ਪਰਚੇ ਨਾਲੋਂ ਵੱਡਾ ਹੈ।
ਇਹ ਇੱਕ ਸੱਭਿਆਚਾਰਕ ਜ਼ਿੱਦ ਹੈ।
ਇੱਕ ਅਜਿਹਾ ਵਿਸ਼ਵਾਸ ਕਿ ਪੰਜਾਬੀ ਦਾ ਸ਼ਬਦ ਅਜੇ ਮਰਿਆ ਨਹੀਂ।
ਇੱਕ ਅਜਿਹੀ ਆਸ ਕਿ ਪਾਠਕ ਅਜੇ ਪੂਰੀ ਤਰ੍ਹਾਂ ਗੁਆਚਿਆ ਨਹੀਂ।
ਇੱਕ ਅਜਿਹਾ ਸੁਪਨਾ ਕਿ ਕਾਗਜ਼ ਉੱਤੇ ਛਪਿਆ ਅੱਖਰ ਅਜੇ ਵੀ ਕਿਸੇ ਮਨੁੱਖ ਦੀ ਜ਼ਿੰਦਗੀ ਬਦਲ ਸਕਦਾ ਹੈ ।
ਅਤੇ ਜੇ ਇਸ ਸੁਪਨੇ ਲਈ ਆਪਣੀ ਜੇਬ ਖਾਲੀ ਕਰਨੀ ਪਵੇ, ਤਾਂ ਪੁਰੇਵਾਲ ਤਿਆਰ ਹੈ ।
ਇਹੀ ਤਾਂ ਘਰ ਫੂਕ ਕੇ ਤਮਾਸ਼ਾ ਵੇਖਣ ਵਾਲੀ ਗੱਲ ਹੈ ।
ਪਰ ਉਹ ਤਮਾਸ਼ਾ ਨਹੀਂ ਵੇਖਦਾ ।
ਉਹ ਚਾਨਣ ਵੇਖਦਾ ਹੈ ।
ਸਾਹਿਤਕ ਪਰਚਾ ਕੱਢਣਾ ਅੱਜ ਦੇ ਸਮੇਂ ‘ਚ ਸ਼ਾਇਦ ਸਭ ਤੋਂ ਔਖੇ ਕੰਮਾਂ ਵਿੱਚੋਂ ਇੱਕ ਹੈ। ਕਿਤਾਬ ਛਪ ਜਾਵੇ ਤਾਂ ਉਸ ਦੀ ਆਪਣੀ ਯਾਤਰਾ ਹੁੰਦੀ ਹੈ, ਪਰ ਪਰਚਾ ਹਰ ਤਿੰਨ ਮਹੀਨੇ ਬਾਅਦ ਆਪਣੇ ਆਪ ਨੂੰ ਮੁੜ ਜਨਮ ਦਿੰਦਾ ਹੈ। ਇੱਕ ਅੰਕ ਪਾਠਕ ਦੇ ਹੱਥ ‘ਚ ਪਹੁੰਚਦਾ ਹੈ ਤੇ ਅਗਲੇ ਅੰਕ ਦਾ ਭਾਰ ਸੰਪਾਦਕ ਦੇ ਮੋਢਿਆਂ ‘ਤੇ ਆ ਜਾਂਦਾ ਹੈ। ਇਸ ਲਈ ਤ੍ਰੈਮਾਸਿਕ ਸਾਹਿਤਕ ਪਰਚਾ ਅਸਲ ਵਿੱਚ ਲਗਾਤਾਰ ਚੱਲਦੀ ਹੋਈ ਤਪੱਸਿਆ ਹੈ।
ਇੰਦਰਜੀਤ ਪੁਰੇਵਾਲ ਇਸ ਤਪੱਸਿਆ ਦਾ ਸਾਧਕ ਹੈ।
ਉਹ ਹਰ ਤਿੰਨ ਮਹੀਨੇ ਬਾਅਦ ਜਿਵੇਂ ਆਪਣੇ ਆਪ ਨੂੰ ਪੁੱਛਦਾ ਹੈ – ਹੁਣ ਕੀ ਛਾਪਣਾ ਹੈ? ਕਿਹੜੀ ਆਵਾਜ਼ ਨੂੰ ਪਾਠਕ ਤੱਕ ਲੈ ਕੇ ਜਾਣਾ ਹੈ? ਕਿਹੜੇ ਨਵੇਂ ਲੇਖਕ ਨੂੰ ਥਾਂ ਦੇਣੀ ਹੈ? ਕਿਹੜੀ ਰਚਨਾ ਸਮੇਂ ਦੇ ਮੱਥੇ ਉੱਤੇ ਲਿਖੀ ਜਾਣੀ ਚਾਹੀਦੀ ਹੈ? ਕਿਹੜਾ ਵਿਚਾਰ ਅੱਜ ਛੋਟਾ ਜਾਪਦਾ ਹੈ ਪਰ ਕੱਲ੍ਹ ਵੱਡਾ ਹੋ ਸਕਦਾ ਹੈ?
ਇਹ ਸਵਾਲ ਹੀ ਇੱਕ ਸੰਪਾਦਕ ਨੂੰ ਸਿਰਫ਼ ਪ੍ਰਕਾਸ਼ਕ ਤੋਂ ਵੱਖ ਕਰਦੇ ਹਨ।
ਪ੍ਰਕਾਸ਼ਕ ਕਾਗਜ਼ ਛਾਪ ਸਕਦਾ ਹੈ ।
ਸੰਪਾਦਕ ਸਮਾਂ ਛਾਪਦਾ ਹੈ ।
ਇਹੀ ‘ਰਾਗ’ ਦੀ ਅਸਲ ਮਹੱਤਤਾ ਹੈ ।
ਪਰਚਾ : ਸਮੇਂ ਦੀ ਯਾਦ : ਕਿਸੇ ਵੀ ਭਾਸ਼ਾ ਦਾ ਸਾਹਿਤ ਸਿਰਫ਼ ਕਿਤਾਬਾਂ ਨਾਲ ਨਹੀਂ ਬਣਦਾ। ਉਸ ਦੇ ਵਿਚਕਾਰ ਪਰਚੇ ਹੁੰਦੇ ਹਨ, ਜਿੱਥੇ ਸਮਾਂ ਆਪਣੇ ਤਾਜ਼ਾ ਵਿਚਾਰਾਂ, ਬੇਚੈਨੀਆਂ, ਬਹਿਸਾਂ ਅਤੇ ਨਵੀਆਂ ਰਚਨਾਵਾਂ ਨਾਲ ਹਾਜ਼ਰ ਹੁੰਦਾ ਹੈ । ਕਿਤਾਬ ਕਿਸੇ ਲੇਖਕ ਦੀ ਇੱਕ ਲੰਮੀ ਸਾਹ ਹੋ ਸਕਦੀ ਹੈ, ਪਰ ਪਰਚਾ ਪੂਰੇ ਸਾਹਿਤਕ ਸਮਾਜ ਦੀ ਇੱਕੋ ਵੇਲੇ ਚੱਲ ਰਹੀ ਧੜਕਣ ਹੁੰਦਾ ਹੈ । ਇਸੇ ਲਈ ਸਾਹਿਤਕ ਪਰਚੇ ਦੀ ਭੂਮਿਕਾ ਨੂੰ ਸਿਰਫ਼ ‘ਰਚਨਾਵਾਂ ਛਾਪਣ’ ਤੱਕ ਸੀਮਤ ਕਰਨਾ ਉਸ ਨਾਲ ਬੇਇਨਸਾਫ਼ੀ ਹੈ।
ਪਰਚਾ ਸਮੇਂ ਨੂੰ ਦਰਜ ਕਰਦਾ ਹੈ । ਕਿਹੜੇ ਲੇਖਕ ਕੀ ਸੋਚ ਰਹੇ ਸਨ?
ਕਿਹੜੇ ਮੁੱਦੇ ਸਾਹਿਤ ਨੂੰ ਬੇਚੈਨ ਕਰ ਰਹੇ ਸਨ?
ਕਿਹੜੀਆਂ ਨਵੀਆਂ ਕਾਵਿ-ਭਾਸ਼ਾਵਾਂ ਜਨਮ ਲੈ ਰਹੀਆਂ ਸਨ?
ਕਿਹੜੇ ਵਿਚਾਰ ਪੁਰਾਣੀਆਂ ਧਾਰਨਾਵਾਂ ਨਾਲ ਟਕਰਾ ਰਹੇ ਸਨ?
ਇਹ ਸਭ ਕੁਝ ਪਰਚੇ ਦੇ ਪੰਨਿਆਂ ਵਿੱਚ ਜਮ੍ਹਾਂ ਹੁੰਦਾ ਜਾਂਦਾ ਹੈ।
ਕਈ ਦਹਾਕਿਆਂ ਬਾਅਦ ਜਦੋਂ ਕੋਈ ਖੋਜਕਾਰ ਕਿਸੇ ਯੁੱਗ ਦੀ ਸਾਹਿਤਕ ਤਸਵੀਰ ਬਣਾਉਣ ਬੈਠਦਾ ਹੈ, ਤਾਂ ਉਸ ਨੂੰ ਸਿਰਫ਼ ਕਿਤਾਬਾਂ ਨਹੀਂ, ਉਹਨਾਂ ਸਮਿਆਂ ਦੇ ਪਰਚਿਆਂ ਵੱਲ ਵੀ ਮੁੜਨਾ ਪੈਂਦਾ ਹੈ। ਕਿਉਂਕਿ ਪਰਚੇ ਵਿੱਚ ਸਮਾਂ ਆਪਣੀ ਤਾਜ਼ਾ ਧੜਕਣ ਸਮੇਤ ਮੌਜੂਦ ਹੁੰਦਾ ਹੈ।” ਰਾਗ “ ਵੀ ਅੱਜ ਦੇ ਪੰਜਾਬੀ ਸਮੇਂ ਦੀ ਇੱਕ ਅਜਿਹੀ ਧੜਕਣ ਸੰਭਾਲ ਰਿਹਾ ਹੈ।
ਪਾਠਕ ਘੱਟ ਰਹੇ ਹਨ – ਪਰ ਕੀ ਪੜ੍ਹਨ ਦੀ ਲੋੜ ਘੱਟ ਗਈ ਹੈ?
ਇਹ ਸਵਾਲ ਬੜਾ ਮਹੱਤਵਪੂਰਨ ਹੈ । ਅਸੀਂ ਅਕਸਰ ਆਖਦੇ ਹਾਂ ਕਿ ਪਾਠਕ ਘੱਟ ਰਹੇ ਹਨ। ਪਰ ਸ਼ਾਇਦ ਸੱਚ ਇਹ ਹੈ ਕਿ ਪੜ੍ਹਨ ਦਾ ਢੰਗ ਬਦਲ ਗਿਆ ਹੈ ।
ਪਾਠਕ ਗਾਇਬ ਨਹੀਂ ਹੋਇਆ ।
ਉਸ ਦੀਆਂ ਅੱਖਾਂ ਦਾ ਟਿਕਾਣਾ ਬਦਲ ਗਿਆ ਹੈ ।
ਉਹ ਕਾਗਜ਼ ਤੋਂ ਸਕਰੀਨ ਉੱਤੇ ਆ ਗਿਆ ਹੈ। ਉਹ ਲੰਬੇ ਪਾਠ ਤੋਂ ਛੋਟੇ ਪਾਠ ਵੱਲ ਗਿਆ ਹੈ। ਉਹ ਇੱਕੋ ਕਿਤਾਬ ਨਾਲ ਘੰਟਿਆਂ ਬੈਠਣ ਦੀ ਥਾਂ ਕਈ ਪੰਨਿਆਂ ਨੂੰ ਇਕੱਠਾ ਛੂਹ ਕੇ ਅੱਗੇ ਲੰਘ ਜਾਂਦਾ ਹੈ। ਇਸ ਬਦਲਾਅ ਨੂੰ ਸਮਝੇ ਬਿਨਾਂ ਸਾਹਿਤ ਆਪਣੇ ਪਾਠਕ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ।
ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਕਾਗਜ਼ੀ ਪਰਚੇ ਦੀ ਲੋੜ ਮੁੱਕ ਗਈ ਹੈ। ਉਲਟਾ, ਹੁਣ ਉਸ ਦੀ ਲੋੜ ਹੋਰ ਵਧ ਗਈ ਹੈ। ਕਿਉਂਕਿ ਤੇਜ਼ੀ ਦੇ ਯੁੱਗ ਵਿੱਚ ਠਹਿਰਾਅ ਸਭ ਤੋਂ ਵੱਡੀ ਸੱਭਿਆਚਾਰਕ ਲੋੜ ਬਣ ਗਿਆ ਹੈ।
“ ਰਾਗ “ ਇਸ ਠਹਿਰਾਅ ਦੀ ਥਾਂ ਹੈ ।
ਇਹ ਪਾਠਕ ਨੂੰ ਕਹਿੰਦਾ ਹੈ—ਥੋੜ੍ਹਾ ਰੁਕੋ।
ਇਹ ਕਵਿਤਾ ਪੜ੍ਹੋ।
ਇਸ ਕਹਾਣੀ ਨਾਲ ਤੁਰੋ ।
ਇਸ ਵਿਚਾਰ ਨੂੰ ਆਪਣੇ ਅੰਦਰ ਉਤਰਣ ਦਿਓ ।
ਸ਼ਾਇਦ ਸਾਹਿਤ ਦਾ ਭਵਿੱਖ ਇਸੇ ‘ਰੁਕਣ’ ਵਿੱਚ ਹੈ ।
ਘਰ ਫੂਕ ਕੇ ਤਮਾਸ਼ਾ ਨਹੀਂ : ਚਾਨਣ : ਕਿਸੇ ਸਾਹਿਤਕ ਪਰਚੇ ਨੂੰ ਆਪਣੀ ਜੇਬ ਵਿੱਚੋਂ ਚਲਾਉਣਾ ਅੱਜ ਦੇ ਸਮੇਂ ਵਿੱਚ ਆਸਾਨ ਨਹੀਂ। ਇਸ਼ਤਿਹਾਰਾਂ ਦੀ ਕਮੀ, ਵਧਦੇ ਛਪਾਈ ਖ਼ਰਚੇ, ਵੰਡ ਦੀਆਂ ਮੁਸ਼ਕਲਾਂ ਅਤੇ ਘਟਦਾ ਪਾਠਕ ਵਰਗ—ਇਹ ਸਭ ਸੰਪਾਦਕ ਦੇ ਸਾਹਮਣੇ ਖੜ੍ਹੇ ਹਨ। ਇਸ ਲਈ ਜਿਹੜਾ ਮਨੁੱਖ ਇਸ ਹਾਲਾਤ ਵਿੱਚ ਵੀ ਪਰਚਾ ਕੱਢਦਾ ਹੈ, ਉਸ ਨੂੰ ਬਾਜ਼ਾਰ ਦੀ ਨਜ਼ਰ ਨਾਲ ਦੇਖਣਾ ਗ਼ਲਤ ਹੈ।
ਇਹ ਵਣਜ ਨਹੀਂ।
ਇਹ ਵਿਰਸਾ ਸੰਭਾਲਣਾ ਹੈ।
ਇੰਦਰਜੀਤ ਪੁਰੇਵਾਲ ਆਪਣੀ ਭਰੀ ਜੇਬ ਖਾਲੀ ਕਰਕੇ ਜੋ ਕੁਝ ਸਾਡੇ ਹੱਥਾਂ ‘ਚ ਦਿੰਦਾ ਹੈ, ਉਹ ਸਿਰਫ਼ ਕਾਗਜ਼ ਨਹੀਂ। ਉਹ ਆਪਣਾ ਸਮਾਂ ਦਿੰਦਾ ਹੈ, ਆਪਣੀ ਮਿਹਨਤ ਦਿੰਦਾ ਹੈ, ਆਪਣੀ ਬੇਚੈਨੀ ਦਿੰਦਾ ਹੈ ਅਤੇ ਸਭ ਤੋਂ ਵੱਧ ਆਪਣਾ ਵਿਸ਼ਵਾਸ ਦਿੰਦਾ ਹੈ।
ਉਹ ਵਿਸ਼ਵਾਸ ਕਿ ਪੰਜਾਬੀ ਅਜੇ ਜਿਉਂਦੀ ਹੈ।
ਉਹ ਵਿਸ਼ਵਾਸ ਕਿ ਪੰਜਾਬੀ ਪੜ੍ਹਨ ਵਾਲਾ ਅਜੇ ਵੀ ਕਿਤੇ ਹੈ।
ਉਹ ਵਿਸ਼ਵਾਸ ਕਿ ਇੱਕ ਚੰਗੀ ਰਚਨਾ ਕਿਸੇ ਨਾ ਕਿਸੇ ਦਿਲ ਤੱਕ ਜ਼ਰੂਰ ਪਹੁੰਚੇਗੀ।
ਇਸੇ ਲਈ ਮੈਂ ਆਖਦਾ ਹਾਂ—
ਉਹ ਘਰ ਫੂਕ ਕੇ ਤਮਾਸ਼ਾ ਨਹੀਂ ਵੇਖਦਾ, ਘਰ ਫੂਕ ਕੇ ਚਾਨਣ ਕਰਦਾ ਹੈ। ਉਸ ਚਾਨਣ ਦੀ ਕੀਮਤ ਬਾਜ਼ਾਰ ਨਹੀਂ ਜਾਣਦਾ।
ਪਰ ਸਾਹਿਤ ਜਾਣਦਾ ਹੈ ।
ਅੱਜ ਇੰਦਰਜੀਤ ਪੁਰੇਵਾਲ ਦਾ ਜਨਮ ਦਿਨ ਹੈ, ਪੋਸਟ ਤਾਂ ਉਸ ਨੇ ਆਪਣੇ ਜਨਮ ਦਿਨ ਦੀ ਕੱਲ੍ਹ ਹੀ ਪਾ ਦਿੱਤੀ ਸੀ । ਪਰ ਫੇੱਸ ਬੁੱਕ ਤੇ ਉਸ ਦੀ ਜਨਮ ਤਾਰੀਖ਼ ਅੱਜ ਦੀ ਸ਼ੋਅ ਕਰਦੀ ਹੈ, ਮੈਂ ਉਸਨੂੰ ਜਨਮ ਮੁਬਾਰਕ ਦੇਣੀ ਸੀ, ਉਸ ਦੇ ਜਨਮ ਦਿਨ ਦੇ ਬਹਾਨੇ ਤੁਹਾਡੇ ਨਾਲ ਗੱਲਾਂ ਵੀ ਕਰਨੀਆਂ ਸਨ, ਇਹ ਗੱਲਾਂ ਜਰੂਰੀ ਵੀ ਨੇ, ਇਸ ਨਾਲ ਸੰਵਾਦ ਤੁਰਦਾ ਹੈ, ਸੰਵਾਦ ਤੁਰਦਾ ਹੈ, ਨਵੇ ਵਿਚਾਰ ਜਨਮ ਲੈਂਦੇ ਨੇ, ਨਵੇਂ ਵਿਵਾਰ ਜਨਮ ਲੈਂਦੇ ਨੇ, ਦਰਸ਼ਨ ਪੈਂਦਾ ਹੁੰਦਾ , ਦਰਸ਼ਨ ਪੈਦਾ ਹੁੰਦਾ ਤਾਂ ਇੰਦਰਜੀਤ ਪੁਰੇਵਾਲ ਜਨਮ ਲੈਂਦਾ , ਇੰਦਰਜੀਤ ਜਨਮ ਲੈ ਦਾ ਤਾਂ ਰਾਗ ਸੁਨਣਾ ਪੈਂਦਾ , ਇਹ ਸੁਨਣਾ ਹੀ ਜਨੂੰਨ ਹੈ, ਜਨਮ ਦਿਨ ਮੁਬਾਰਕ ਬਾਈ ਜੀ॥॥