ਚੰਡੀਗੜ੍ਹ ਦੇ ਸੈਕਟਰ 39 ਸਥਿਤ ਦਾਣਾ ਮੰਡੀ ਵਿਖੇ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਵਿਸ਼ਾਲ ਰੋਸ ਪ੍ਰਦਰਸ਼ਨ
ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਮੁਲਾਜ਼ਮਾਂ ਤੇ ਵਾਹਨਾਂ ਨਾਲ਼ ਚੰਡੀਗੜ੍ਹ-ਮੋਹਾਲ਼ੀ ਦੀਆਂ ਸੜਕਾਂ ਹੋਈਆਂ ਜਾਮ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 07 ਅਗਸਤ:
ਅੱਜ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਦੀ ਟਾਲ਼-ਮਟੋਲ਼ ਵਾਲ਼ੀ ਨੀਤੀ ਅਤੇ ਨੀਅਤ ਨੂੰ ਰੱਦ ਕਰਦਿਆਂ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਮੁਲਾਜ਼ਮਾਂ ਤੇ ਵਾਹਨਾਂ ਨਾਲ਼ ਚੰਡੀਗੜ੍ਹ-ਮੋਹਾਲ਼ੀ ਦੀਆਂ ਸੜਕਾਂ ਜਾਮ ਹੋਈਆਂ ਦਿਖਾਈ ਦਿੱਤੀਆਂ।ਪੰਜਾਬ ਮੁਲਾਜ਼ਮ ਮੰਚ, ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਦਾਣਾ ਮੰਡੀ ਵਿਖੇ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਣਯੋਗ ਹਾਈਕੋਰਟ ਵੱਲੋਂ ਮਹਿੰਗਾਈ ਭੱਤੇ ਦੀ ਅਦਾਇਗੀ ਸਬੰਧੀ ਸਰਕਾਰੀ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਸੁਣਾਏ ਜਾਣ ਤੋਂ ਬਾਅਦ ਵੀ ਮੁਲਾਜ਼ਮ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ ਦੇ ਚੱਲਦਿਆ ਪੰਜਾਬ ਭਰ ਦੇ ਮੁਲਾਜ਼ਮਾਂ ਵਿੱਚ ਅੱਜ ਉਸ ਵੇਲੇ ਆਇਆ ਉਬਾਲ ਦੇਖਣ ਨੂੰ ਮਿਲ਼ਿਆ, ਜਦੋਂ ਪੰਜਾਬ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਹਾਣ ’ਤੇ ਖੜ੍ਹੀਆਂ ਹਨ। ਰਾਜ ਭਰ ਦੇ ਕੋਨੇ ਕੋਨੇ ਤੋਂ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਬੱਸਾਂ, ਕਾਰਾਂ ਰਾਹੀਂ ਸਥਾਨਕ ਦਾਣਾ ਮੰਡੀ ਵਿੱਚ ਪਹੁੰਚੇ, ਜਿਨ੍ਹਾਂ ਨੇ ਹੱਥਾਂ ਵਿੱਚ ਆਪਣੇ ਆਪਣੇ ਵਿਭਾਗਾਂ ਦੇ ਬੈਨਰ ਅਤੇ ਝੰਡੇ ਫੜੇ ਹੋਏ ਸਨ। ਮੁਲਾਜ਼ਮ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਵੇਲ਼ੇ ਅਸੀਂ ਆਪਣੀ ਅਤੇ ਆਪਣੇ ਬੱਚਿਆਂ ਦੀ ਭਵਿੱਖੀ ਹੋਂਦ ਦੀ ਲੜਾਈ ਲੜ ਰਹੇ ਹਾਂ।
ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਆਗੂਆਂ ਵੱਲੋਂ ਆਪਣੇ ਸਬੰਧਨ ਵਿੱਚ 18% ਮਹਿੰਗਾਈ ਭੱਤੇ ਦੀ ਅਦਾਇਗੀ ਕਰਨ ਬਾਰੇ, 17.7.2020 ਨਾਲ਼ ਦਿੱਤੇ ਕੇਂਦਰੀ ਤਨਖਾਹ ਸਕੇਲ ਰੱਦ ਕਰਨ ਬਾਰੇ, ਪੈਨਸ਼ਨਰਜ਼ ਤੇ ਅਨ-ਰਿਵਾਈਜ਼ਡ ਕੈਟਾਗਰੀਆਂ ਨੂੰ 2.59 ਦੇ ਫੈਕਟਰ ਦਾ ਗੁਣਾਂਕ ਦੇਣ ਬਾਰੇ, 15.1.15 ਦਾ ਪੱਤਰ ਰੱਦ ਕਰਨ ਬਾਰੇ, ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ, 37 ਕਿਸਮ ਦੇ ਬੰਦ ਪਏ ਭੱਤੇ ਬਹਾਲ ਕਰਨ ਬਾਰੇ, ਛੇਵੇਂ ਤਨਖਾਹ ਕਮਿਸ਼ਨ ਦਾ ਵਾਲਿਯੂਮ-2, ਜਿਸ ਵਿੱਚ ਏ.ਸੀ.ਪੀ. ਸਕੀਮ ਆਦਿ ਲਾਭ ਹਨ-ਰਲੀਜ਼ ਕਰਨ ਬਾਰੇ, ਕੱਚੇ ਵਰਕਰਾਂ ਨੂੰ ਉਨ੍ਹਾਂ ਦੇ ਕੰਮ ਦੀ ਯੋਗਤਾ ਅਨੁਸਾਰ ਬਣਦੀ ਉਜ਼ਰਤ ਦੇਣ ਅਤੇ ਹੋਰ ਮੰਗਾਂ ਬਾਰੇ ਚਰਚਾ ਜਾ ਰਹੀ ਸੀ। ਖ਼ਬਰ ਲਿਖੇ ਜਾਣ ਤੱਕ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੋਂ ਮੁਲਾਜ਼ਮ ਬੱਸਾਂ, ਕਾਰਾਂ ਰਾਹੀਂ ਦਾਣਾ ਮੰਡੀ ਵਿਖੇ ਪਹੁੰਚ ਰਹੇ ਸਨ। ਇਸ ਮੌਕੇ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫੌਜੀ, ਮਨਜੀਤ ਸਿੰਘ ਰੰਧਾਵਾ, ਸਾਹਿਲ ਸ਼ਰਮਾ, ਅਲਕਾ ਚੋਪੜਾ ਅਤੇ ਹੋਰ ਵੱਖ ਵੱਖ ਮੰਚਾਂ ਦੇ ਆਗੂਆਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਮੁਲਾਜ਼ਮ ਮੰਗਾਂ ਨੂੰ ਗਹੁ ਨਾਲ਼ ਵਾਚਦੇ ਹੋਏ ਉਨ੍ਹਾਂ ਨਿਪਟਾਰਾ ਕੀਤਾ ਜਾਵੇ। ਲੱਖਾਂ ਮੁਲਾਜ਼ਮਾਂ ਦੇ ਠਾਠਾਂ ਮਾਰਦੇ ਇਕੱਠ ਨੇ ਜਦੋਂ ਪੰਜਾਬ ਵਿਧਾਨ ਸਭਾ ਵੱਲ ਦਾ ਰੁੱਖ ਕੀਤਾ ਤਾਂ ਚੰਡੀਗੜ੍ਹ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬੇਸ਼ੱਕ ਉਨ੍ਹਾਂ ਵੱਲੋਂ ਪਹਿਲਾਂ ਹੀ ਕਾਫੀ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ। ਇਸੇ ਦੌਰਾਨ ਰੋਹ ਵਿੱਚ ਆਏ ਮੁਲਾਜ਼ਮ ਜਦੋਂ ਹੀ ਬੈਰੀਕੇਡਾਂ ਵੱਲ ਵਧੇ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਉੱਤੇ ਪਾਣੀ ਦੀਆਂ ਬੌਛਾੜਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਹੈਰਾਨਗੀ ਦੀ ਗੱਲ ਇਹ ਵੀ ਦੇਖਣ ਨੂੰ ਮਿਲ਼ੀ ਕਿ ਪਾਣੀ ਦੀਆਂ ਤੇਜ਼ ਬੌਛਾੜਾਂ, ਮੁਲਾਜ਼ਮਾਂ ਦੇ ਮਜ਼ਬੂਤ ਇਰਾਦਿਆਂ ਨੂੰ ਤੋੜ ਨਾ ਸਕੀਆਂ। ਇਸ ਕਾਰਵਾਈ ਵਿੱਚ ਪੱਗਾਂ ਲੱਥ ਗਈਆਂ, ਫਿਰ ਵੀ ਮੁਲਾਜ਼ਮ ਹਰ ਸਿਤਮ ਨੂੰ ਝੱਲਦੇ ਹੋਏ ਭੰਗੜੇ ਪਾਉਂਦੇ ਦਿਖਾਈ ਦਿੱਤੇ। ਇਸੇ ਦੌਰਾਨ ਹੀ ਮੁੱਖ ਮੰਤਰੀ ਦਫਤਰ ਵੱਲੋਂ 27 ਅਗਸਤ, 2026 ਲਈ ਮੁਲਾਜ਼ਮ ਆਗੂਆਂ ਨੂੰ ਉਨ੍ਹਾਂ ਦੀਆਂ ਮੰਗਾਂ ਸਬੰਧੀ ਮਿਲਣ ਲਈ ਸਮਾਂ ਦਿੱਤੇ ਜਾਣ ਦਾ ਪੱਤਰ ਸ਼ੋਸਲ ਮੀਡੀਆ ਰਾਹੀਂ ਘੁੰਮਣ ਲੱਗਾ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅਗਾਂਹ ਕੀ ਫੈਸਲਾ ਲੈਂਦੀ ਹੈ?