ਕਾਮਰੇਡ ਚੰਦ ਫ਼ਤਿਹਪੁਰੀ ਦਾ ਵਿਛੋੜਾ ਪੰਜਾਬੀ ਪੱਤਰਕਾਰੀ ਲਈ ਵੱਡਾ ਘਾਟਾ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 21 ਸਤੰਬਰ:
‘ਨਵਾਂ ਜ਼ਮਾਨਾ’ ਦੇ ਸੰਪਾਦਕ, ਉੱਘੇ ਪੱਤਰਕਾਰ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਸੀਨੀਅਰ ਆਗੂ ਕਾਮਰੇਡ ਚੰਦ ਫ਼ਤਿਹਪੁਰੀ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ), ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਅਤੇ ਮੋਹਾਲ਼ੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਮਰੇਡ ਚੰਦ ਫ਼ਤਿਹਪੁਰੀ ਨੇ ਲੰਮੇ ਸਮੇਂ ਤੱਕ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਈ ਹੈ। ‘ਨਵਾਂ ਜ਼ਮਾਨਾ’ ਨਾਲ ਉਨ੍ਹਾਂ ਦਾ ਲੰਮਾ ਅਤੇ ਗਹਿਰਾ ਸਬੰਧ ਰਿਹਾ ਹੈ ਅਤੇ ਸੰਪਾਦਕ ਵਜੋਂ ਉਨ੍ਹਾਂ ਨੇ ਅਖ਼ਬਾਰ ਦੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ ਹਨ। ਆਪਣੀ ਲੇਖਣੀ ਰਾਹੀਂ ਉਨ੍ਹਾਂ ਨੇ ਲੋਕਾਂ ਦੇ ਦੁੱਖ-ਦਰਦ, ਸਮਾਜਕ ਸਰੋਕਾਰਾਂ ਅਤੇ ਆਮ ਲੋਕਾਂ ਦੇ ਹੱਕਾਂ ਨਾਲ ਜੁੜੇ ਸਵਾਲਾਂ ਨੂੰ ਆਵਾਜ਼ ਦਿੱਤੀ। ਖੱਬੀ ਲਹਿਰ ਨਾਲ ਜੁੜੇ ਇੱਕ ਸਰਗਰਮ ਆਗੂ ਵਜੋਂ ਵੀ ਉਨ੍ਹਾਂ ਦੀ ਲੰਮੀ ਭੂਮਿਕਾ ਰਹੀ। ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਪੱਤਰਕਾਰੀ ਅਤੇ ਲੋਕ-ਪੱਖੀ ਜਨਤਕ ਜੀਵਨ ਵਿੱਚ ਇੱਕ ਅਜਿਹੀ ਆਵਾਜ਼ ਦਾ ਵਿਛੋੜਾ ਹੋਇਆ ਹੈ, ਜਿਸ ਦੀ ਘਾਟ ਸਦਾ ਮਹਿਸੂਸ ਹੁੰਦੀ ਰਹੇਗੀ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ, ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਉੱਘੇ ਚਿੰਤਕ ਡਾ. ਸਰਬਜੀਤ ਸਿੰਘ, ਉੱਘੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ, ਗੁਰਨਾਮ ਕੰਵਰ, ਸਵਰਾਜਬੀਰ ਸਿੰਘ, ਡਾ. ਦਵਿੰਦਰ ਸਿੰਘ ਬੋਹਾ, ਸ਼ਬਦੀਸ਼, ਸੁਰਿੰਦਰ ਗਿੱਲ, ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ, ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਇਸੇ ਤਰ੍ਹਾਂ ਅਤੇ ਪ੍ਰਗਤੀਸ਼ੀਲ ਲੇਖਕ ਸੰਘ, ਮੋਹਾਲ਼ੀ ਦੇ ਪ੍ਰਧਾਨ ਪ੍ਰੋ. ਅਮੀਰ ਸੁਲਤਾਨਾ, ਜਨਰਲ ਸਕੱਤਰ ਡਾ. ਬਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਹਰਨਾਮ ਸਿੰਘ ਡੱਲਾ, ਮੀਤ ਪ੍ਰਧਾਨ ਸੁਰਜੀਤ ਸੁਮਨ, ਰੰਜੀਵਨ ਸਿੰਘ, ਸਰੂਪ ਸਿਆਲ਼ਵੀ, ਸਕੱਤਰ ਜੈਪਾਲ ਅਤੇ ਭੁਪਿੰਦਰ ਬੇਕਸ ਆਦਿ ਨੇ ਕਿਹਾ ਕਿ ਕਾਮਰੇਡ ਚੰਦ ਫ਼ਤਿਹਪੁਰੀ ਦਾ ਵਿਛੋੜਾ ਪੰਜਾਬੀ ਪੱਤਰਕਾਰੀ ਲਈ ਹੀ ਨਹੀਂ, ਸਗੋਂ ਲੋਕ-ਪੱਖੀ ਸੋਚ ਅਤੇ ਸਮਾਜਕ ਸਰੋਕਾਰਾਂ ਲਈ ਵੀ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਚੰਦ ਫ਼ਤਿਹਪੁਰੀ ਨੇ ਪੱਤਰਕਾਰੀ ਨੂੰ ਸਿਰਫ਼ ਰੋਜ਼ਾਨਾ ਘਟਨਾਵਾਂ ਦੀ ਰਿਪੋਰਟਿੰਗ ਤੱਕ ਸੀਮਤ ਨਹੀਂ ਰੱਖਿਆ, ਸਗੋਂ ਇਸ ਨੂੰ ਲੋਕਾਂ ਦੇ ਸਵਾਲਾਂ ਅਤੇ ਸਮਾਜ ਦੀਆਂ ਹਕੀਕਤਾਂ ਨਾਲ ਜੋੜ ਕੇ ਦੇਖਿਆ। ਉਹ ਆਪਣੇ ਵਿਚਾਰਾਂ ਪ੍ਰਤੀ ਵਚਨਬੱਧ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਸਨ। ਸਭਾ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਲਿਖਤ, ਉਨ੍ਹਾਂ ਦੀ ਸੋਚ ਅਤੇ ਲੋਕ-ਪੱਖੀ ਪੱਤਰਕਾਰੀ ਦੀ ਰਵਾਇਤ ਉਨ੍ਹਾਂ ਦੀ ਯਾਦ ਨੂੰ ਜਿਊਂਦਾ ਰੱਖੇਗੀ। ਉਨ੍ਹਾਂ ਕਾਮਰੇਡ ਚੰਦ ਫ਼ਤਿਹਪੁਰੀ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ।