ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ “ਮੁੱਸਰਤ-ਸਰਹੱਦੋਂ ਪਾਰ” ਦਾ ਫਿਲਮ-ਸ਼ੋਅ

ਉੱਘੇ ਫਿਲਮ ਨਿਰਦੇਸ਼ਕ ਤੇ ਟੀ.ਵੀ. ਐਂਕਰ ਸੋਮ ਸਹੋਤਾ ਹੋਏ ਸਨਮਾਨਿਤ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 12 ਸਤੰਬਰ:
ਗਲੋਅ ਬੱਲ ਆਰਟ ਕਰੀਏਸ਼ਨਜ਼ ਵੱਲੋਂ ਇੱਕ ਸੱਚੀ ਕਹਾਣੀ ਉਤੇ ਅਧਾਰਿਤ ਲਘੁ-ਫਿਲਮ “ਮੁੱਸਰਤ-ਸਰਹੱਦੋਂ ਪਾਰ” ਦਾ ਸ਼ੋਅ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ, ਚੰਡੀਗੜ੍ਹ ਦੇ ਸਹਿਯੋਗ ਨਾਲ ਸੈਕਟਰ 17 ਵਿਖੇ ਕਰਵਾਇਆ ਗਿਆ। ਭਾਰਤ-ਪਾਕਿਸਤਾਨ ਦੀ ਸਰਹੱਦ ਪਾਰਲੇ ਪਿਆਰ ਕਹਾਣੀ ਉਤੇ ਅਧਾਰਿਤ ਇਸ ਫਿਲਮ ਨੂੰ ਡਾ. ਮਨਜੀਤ ਸਿੰਘ ਬੱਲ ਨੇ ਲਿਖਿਆ, ਇੰਦਰਜੀਤ ਕੌਰ ਬੱਲ ਨੇ ਪ੍ਰੋਡਿਊਸ ਕੀਤਾ ਅਤੇ ਸੋਮ ਸਹੋਤਾ ਨੇ ਇਸ ਫਿਲਮ ਦਾ ਨਿਰਦੇਸ਼ਨ ਦਿੱਤਾ ਹੈ। ਇਸ ਫਿਲਮ ਵਿਚ ਯਾਸਮੀਨ, ਹਰਵਿੰਦਰ ਖੰਨਾ, ਮਹਿਤਾਬ ਬੱਲ, ਜੋਰਾ ਬੱਲ ਦੀ ਹੈ ਕਮਾਲ ਦੀ ਅਦਾਕਾਰੀ ਹੈ, ਭਾਵੇਂ ਕਿ ਜਗਜੀਤ ਸਰੀਨ, ਪਰਮਿੰਦਰ ਪਾਲ ਕੌਰ, ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ, ਅਨਿਲ ਸਨੌਰੀ ਆਦਿ ਨੇ ਵੀ ਸ਼ਲਾਘਯੋਗ ਰੋਲ ਨਿਭਾਇਆ ਹੈ। ਇਸ ਫਿਲਮ ਦਾ ਖੂਬਸੂਰਤ ਸੰਗੀਤ ਵਿਨੋਦ ਰੱਤੀ ਨੇ ਦਿੱਤਾ ਹੈ।

ਇਸ ਫਿਲਮ ਦੇ ਸ਼ੁਰੂ ਵਿਚ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਦਰਸ਼ਕਾਂ ਨੂੰ ਜੀ ਆਇਆਂ ਆਖਿਆ ਅਤੇ ਫਿਲਮ ਬਣਾਉਣ ਵਾਲੇ ਮਿਹਨਤੀ, ਸਿਰੜੀ, ਵਿਦਵਾਨ ਸੱਜਣਾਂ ਨੂੰ ਸਲਾਮ ਕੀਤਾ। ਡਾ. ਮਨਜੀਤ ਸਿੰਘ ਬੱਲ ਨੇ ਦੱਸਿਆ ਕਿ ਉਹ ਜਦੋਂ ਪਹਿਲੀ ਵਾਰ ਜਥੇ ਨਾਲ ਲਾਹੌਰ ਗਏ ਸਨ, ਤਾਂ ਉੱਥੇ ਇਕ ਨੌਜਵਾਨ ਉਚੇਚੇ ਤੌਰ ‘ਤੇ ਇਹਨਾਂ ਨੂੰ ਮਿਲਿਆ। ਉਸ ਨੇ ਬੇਨਤੀ ਕੀਤੀ ਕਿ ਮੇਰੀ ਪ੍ਰੇਮ ਕਹਾਣੀ ਸੁਣੀ ਜਾਵੇ ਅਤੇ ਜਿੰਨਾ ਕੁ ਹੋ ਸਕੇ ਕੁੜੀ ਨੂੰ ਮੇਰਾ ਦਰਦ ਦੱਸ ਦੇਣਾ। ਉਸ ਆਧਾਰ ‘ਤੇ ਇਹ ਫਿਲਮ ਬਣੀ। ਫਿਲਮ ਦੇ ਸ਼ੋਅ ਤੋਂ ਬਾਅਦ ਪਰਮਜੀਤ ਕੌਰ ਪਰਮ, ਬਲਕਾਰ ਸਿੱਧੂ, ਦਰਸ਼ਨ ਤਿਊਣਾ, ਰੂਪ ਸਿੰਘ ਦਿਓਲ, ਸੁਮਨ ਰਾਣੀ ਅਤੇ ਸੋਮ ਸਹੋਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਚੰਡੀਗੜ੍ਹ, ਮੋਹਾਲੀ, ਪਿੰਜੌਰ, ਪੰਚਕੂਲਾ, ਖਰੜ ਤੋਂ ਲਗਭਗ ਅੱਸੀ ਪਤਵੰਤੇ ਸੱਜਣਾਂ ਨੇ ਇਸ ਡੇਢ ਘੰਟੇ ਦੀ ਫਿਲਮ ਦਾ ਅਨੰਦ ਮਾਣਿਆ। ਸਟੇਜ ਸੰਚਾਲਨ ਭਰਪੂਰ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ।
ਗੁਰਦਰਸ਼ਨ ਸਿੰਘ ਮਾਵੀ – 98148 51297