ਬੱਚਿਆਂ ਨੂੰ ਸਟੇਸ਼ਨਰੀ ਤੇ ਕਿਤਾਬ ਵੰਡ ਸਮਾਗਮ ਅਤੇ ਅਧਿਆਪਕ ਸਨਮਾਨ ਕਰਵਾਇਆ ਗਿਆ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 02 ਸਤੰਬਰ:

ਸਰਕਾਰੀ ਮਾਡਲ ਮਿਡਲ ਸਕੂਲ ਸੈਕਟਰ 23, ਚੰਡੀਗੜ੍ਹ ਵਿਖੇ, ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਬੱਚਿਆਂ ਨੂੰ ਸਟੇਸ਼ਨਰੀ ਤੇ ਕਿਤਾਬ ਵੰਡ ਸਮਾਗਮ ਅਤੇ ਅਧਿਆਪਕ ਸਨਮਾਨ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਸਾਹਿਤਕਾਰ ਤੇ ਪੱਤਰਕਾਰ ਡਾ. ਵਿਨੋਦ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਬਕਾ ਡਿਪਟੀ ਸੈਕਟਰੀ, ਪੰਜਾਬ ਸਰਕਾਰ ਰਾਜ ਕੁਮਾਰ ਸਾਹੋਵਾਲੀਆ ਤੇ ਪ੍ਰਸਿੱਧ ਸਾਹਿਤਕਾਰ ਪ੍ਰੇਮ ਵਿਜ, ਵਿਸ਼ੇਸ਼ ਮਹਿਮਾਨ ਸਨ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਕੀਤੀ। ਇਨ੍ਹਾਂ ਦੇ ਨਾਲ਼ ਪ੍ਰਧਾਨਗੀ ਮੰਡਲ ਵਿੱਚ ਡਾ. ਪੰਨਾ ਲਾਲ ਮੁਸਤਫਾਬਾਦੀ, ਮੈਡਮ ਬਲਜਿੰਦਰ ਕੌਰ ਸ਼ੇਰਗਿੱਲ ਅਤੇ ਸਕੂਲ ਮੁੱਖ ਅਧਿਆਪਕ ਹਰਜੀਤ ਸਿੰਘ ਸ਼ਾਮਲ ਸਨ। ਸਕੂਲ ਅਧਿਆਪਕ ਹਰਜੀਤ ਸਿੰਘ ਨੇ ਮਹਿਮਾਨਾਂ ਨਾਲ ਜਾਣ ਪਹਿਚਾਣ ਕਰਵਾਉਂਦਿਆਂ ਸਭ ਨੂੰ ਜੀ ਆਇਆਂ ਨੂੰ ਆਖਿਆ। ਸਮਾਗਮ ਦੀ ਆਰੰਭਤਾ ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਗੋਸਲ ਰਚਿਤ ਗੀਤ ‘ਆਓ ਸਤਿਕਾਰ ਗੁਰਮੁਖੀ ਕਰੀਏ, ਬਾਣੀ ਗੁਰਾਂ ਦੀ ਹਰ ਰੋਜ਼ ਪੜ੍ਹੀਏ’ ਗਾ ਕੇ ਕੀਤੀ। ਪ੍ਰਿੰ. ਗੋਸਲ ਨੇ ਸਿੱਖਿਆ, ਵਾਤਾਵਰਣ ਅਤੇ ਬੱਚਿਆਂ ਨੂੰ ਪ੍ਰੇਰਣਾ ਦੀ ਮਹੱਤਤਾ ਬਾਰੇ ਦੱਸਿਆ। ਬਲਜਿੰਦਰ ਸ਼ੇਰਗਿੱਲ ਨੇ ਬੱਚਿਆਂ ਨਾਲ ਮਿਲ ਕੇ ਕਵਿਤਾ ਦਾ ਗਾਇਣ ਕੀਤਾ, ਜਿਸਨੂੰ ਬੱਚਿਆਂ ਨੇ ਬਹੁਤ ਪਸੰਦ ਕੀਤਾ।
ਪ੍ਰਧਾਨਗੀ ਮੰਡਲ ਵੱਲੋਂ ਸਕੂਲ ਵੱਲੋਂ ਬੈੱਸਟ ਈਕੋ ਐਵਾਰਡ ਜਿੱਤਣ ਤੇ ਵਾਤਾਵਰਣ ਪ੍ਰੇਮੀ ਹੋਣ ਸਦਕਾ ਸਕੂਲ ਮੁੱਖ ਅਧਿਆਪਕ ਹਰਜੀਤ ਸਿੰਘ, ਮੈਥ ਅਧਿਆਪਕ ਸਤਿੰਦਰ ਸਿੰਘ ਅਤੇ ਮਾਲੀ ਸ਼ਿਵ ਰਾਮ ਨੂੰ ਸ਼ਾਲ, ਮੋਮੈਂਟੋ, ਗੋਲਡ ਮੈਡਲ, ਕਿਤਾਬਾਂ ਦੇ ਸੈੱਟ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ 30 ਬੱਚਿਆਂ ਨੂੰ ਸਟੇਸ਼ਨਰੀ, ਪ੍ਰਿੰ. ਗੋਸਲ ਰਚਿਤ ਪੁਸਤਕਾਂ ਵੰਡੀਆਂ ਗਈਆਂ ਤਾਂ ਕਿ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ। ਬੱਚੇ ਸਟੇਸ਼ਨਰੀ ਅਤੇ ਕਿਤਾਬਾਂ ਲੈ ਕੇ ਬਹਤ ਖੁਸ਼ ਹੋਏ। ਡਾ. ਵਿਨੋਦ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਖੂਬ ਮਿਹਨਤ ਕਰਨ ਅਤੇ ਜ਼ਿੰਦਗੀ ਵਿੱਚ ਉੱਚੀਆਂ ਮੱਲਾਂ ਮਾਰਨ ਨੂੰ ਕਿਹਾ। ਪ੍ਰੇਮ ਵਿਜ ਨੇ ਵੀ ਬੱਚਿਆਂ ਨੂੰ ਖੂਬ ਪੜ੍ਹਾਈ ਕਰਨ ਦੀ ਪ੍ਰੇਰਣਾ ਦਿੱਤੀ, ਜਦੋਂਕਿ ਮੈਡਮ ਬਲਜਿੰਦਰ ਸ਼ੇਰਗਿੱਲ ਨੇ ਬੱਚਿਆਂ ਨੂੰ ਆਪਣੇ ਪੱਧਰ ਦੀਆਂ ਛੋਟੀਆਂ ਕਵਿਤਾਵਾਂ ਅਤੇ ਕਹਾਣੀਆਂ ਲਿਖਣ ਲਈ ਉਤਸ਼ਾਹਿਤ ਕੀਤਾ। ਸਕੂਲ ਅਧਿਆਪਕ ਸਤਿੰਦਰ ਸਿੰਘ ਨੇ ਉਨ੍ਹਾਂ ਨੂੰ ਮਿਲੇ ਸਨਮਾਨ ਲਈ ਧੰਨਵਾਦ ਕੀਤਾ ਅਤੇ ਸਕੂਲ ਵਿੱਚ ਬੱਚਿਆਂ ਦੀ ਭਲਾਈ ਲਈ ਸਮਾਗਮ ਕੀਤੇ ਜਾਣ ਦੀ ਪ੍ਰਸੰਸਾ ਕੀਤੀ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਹਰਜੀਤ ਸਿੰਘ, ਮਨਜੀਤ ਸਿੰਘ, ਹਿਮਾਨੀ ਰਾਣਾ, ਰਤਿੰਦਰ ਕੌਰ, ਮੀਨਾ ਕੁਮਾਰੀ, ਪਾਇਲ ਸ਼ਰਮਾ, ਅਨੁਕੰਮਪਾ ਬਹਿਲ, ਅਮਨਦੀਪ ਕੌਰ, ਸਤਿੰਦਰ ਕੁਮਾਰ, ਸੁਮਨ, ਪੂਜਾ, ਪ੍ਰਭਾਤ ਕਿਰਨ, ਪੂਨਮ, ਆਸ਼ਾ, ਮਨਦੀਪ, ਨਾਰੇਸ਼, ਊਸ਼ਾ, ਪੂਜਾ, ਅਮਰਜੀਤ, ਲਲਿਤ ਗਰਗ ਅਤੇ ਬਲਵਿੰਦਰ ਸਿੰਘ ਵੀ ਸ਼ਾਮਲ ਸਨ। ਅੰਤ ਵਿੱਚ ਮੁੱਖ ਅਧਿਆਪਕ ਹਰਜੀਤ ਸਿੰਘ ਨੇ ਸੰਸਥਾ ਵਲੋਂ ਗਰੀਬ ਬੱਚਿਆਂ ਦੀ ਭਲਾਈ ਲਈ ਕੀਤੇ ਵੱਡੇ ਉਪਰਾਲਿਆਂ ਲਈ ਧੰਨਵਾਦ ਕੀਤਾ ਅਤੇ ਸਾਰੇ ਆਏ ਮਹਿਮਾਨਾਂ ਦਾ ਇਸ ਸ਼ਾਨਦਾਰ ਸਮਾਗਮ ਲਈ ਹਾਜ਼ਰੀ ਭਰਨ ਤੇ ਧੰਨਵਾਦ ਕੀਤਾ । ਸਟੇਜ ਸਕੱਤਰ ਦੀ ਸੇਵਾ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਵਲੋਂ ਬਾਖੂਬੀ ਨਿਭਾਈ ਗਈ।