ਬਹੁ ਰੰਗੀ ਕਲਾ ਪ੍ਰਤਿਭਾ ਦੇ ਮਾਲਕ : ਗੀਤਕਾਰ ਰਸ਼ਪਾਲ ਪਾਲੀ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 23 ਸਤੰਬਰ:
ਪੰਜਾਬੀ ਸਾਹਿਤ, ਸੱਭਿਆਚਾਰ ਤੇ ਹਾਸ-ਵਿਅੰਗ ਦੀ ਦੁਨੀਆਂ ਵਿੱਚ ਕੁਝ ਨਾਮ ਅਜਿਹੇ ਹੁੰਦੇ ਹਨ, ਜੋ ਪਰਦੇ ਪਿੱਛੇ ਰਹਿ ਕੇ ਵੀ ਆਪਣੀ ਕਲਮ ਦੀ ਰੂਹਾਨੀਅਤ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸਮਾਜਿਕ ਵਰਤਾਰੇ ਦੇ ਚੰਗੇ-ਮਾੜੇ ਪੱਖ ਨੂੰ ਹਲਕੀਆਂ-ਫੁਲਕੀਆਂ ਵਿਅੰਗਮਈ ਚੋਭਾਂ ਤੇ ਮਾਨਸਿਕ ਚੇਤਨਾ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੇ ਹਨ। ਅਜਿਹੀ ਹੀ ਇੱਕ ਬਹੁ-ਰੰਗੀ ਕਲਾ ਪ੍ਰਤਿਭਾ ਦੇ ਮਾਲਕ ਹਨ ਗੀਤਕਾਰ, ਸਕ੍ਰਿਪਟ ਤੇ ਡਾਇਲਾਗ ਲੇਖਕ ਰਸ਼ਪਾਲ ਪਾਲੀ, ਜਿਸ ਨੇ ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਪੰਜਾਬੀ ਮਾਂ-ਬੋਲੀ ਦੀ ਨਿਰਸਵਾਰਥ ਸੇਵਾ ਕਰਦਿਆਂ ਹਾਸਿਆਂ ਦੇ ਛਣਕਾਟਿਆਂ ਤੋਂ ਲੈ ਕੇ ਹਿੱਟ ਪੰਜਾਬੀ ਗੀਤ ਤੇ ਪੰਜਾਬੀ ਫਿਲਮਾਂ ਤੱਕ ਆਪਣੀ ਕਲਮ ਦਾ ਲੋਹਾ ਮਨਵਾਇਆ ਹੈ। ਗੀਤਕਾਰੀ ਵਿੱਚ ਮਾਰੀਆਂ ਮੱਲਾ ਦੇ ਜ਼ਿਕਰ ਵਿੱਚ ਉਸ ਦੇ ਚਰਚਿਤ ਗੀਤਾਂ ਵਿੱਚੋਂ ਖਾਸ ਕਰਕੇ ਨਿੱਤ ਰੌਣਕਾਂ ਲੱਗਣ ਸਾਡੀ ਕਾਲਜ ਦੀ ਕੰਟੀਨ ‘ਤੇ, ਆਪਣੇ ਵਿਆਹ ‘ਚ ਨੱਚੀ ਚੂੜੇ ਵਾਲੀ ਆਪ, ਗੱਡੀ ਚੰਡੀਗੜ੍ਹ ਬਠਿੰਡੇ ਪੈਂਦੀ ਖਿੱਚ ਕੇ ਲਾਉਣ ਦੀ, ਮੈਨੂੰ ਪਿੰਡ ਦੇ ਮੋੜ ਤੇ ਲਾਹਦੇ, ਮੁੰਡਾ ਬਾਣੀਆਂ ਦਾ ਮੇਰੇ ਪਿੱਛੇ ਪੱਗ ਬੰਨ੍ਹਦਾ ਅਤੇ ਫਿਲਮ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਆਦਿ। ਜੇਕਰ ਉਸਦੇ ਧਾਰਮਿਕ ਗੀਤਾਂ ਦੀ ਗੱਲ ਕਰੀਏ ਤਾਂ ਉੱਘੇ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਦੀ ਮਖ਼ਮਲੀ ਆਵਾਜ਼ ਵਿੱਚ ਗਾਇਆ ਬਾਬੇ ਨਾਨਕ ਦਾ ਲੰਗਰ ਅੱਜ ਵੀ ਚੱਲਦਾ ਵੀਹਾਂ ਦਾ, ਅਣਖੀ ਯੋਧੇ ਮੈਨੂੰ ਸੇਵਾ ਲਾ ਦਿਓ ਜੀ ਪੱਕੀ ਗੁਰੂ ਘਰ ਦੀ ਆਦਿ ਧਾਰਮਿਕ ਹਲਕਿਆਂ ‘ਚ ਬੜੀ ਸ਼ਰਧਾ ਭਾਵਨਾ ਨਾਲ ਸੁਣੇ ਜਾਂਦੇ ਹਨ।

ਇਨ੍ਹਾਂ ਗੀਤਾਂ ਨੂੰ ਉੱਘੇ ਗਾਇਕ ਤੇ ਗਾਇਕਾਵਾਂ ਵਿੱਚੋਂ ਗਿੱਪੀ ਗਰੇਵਾਲ, ਗੁਰਲੇਜ਼ ਅਖ਼ਤਰ, ਗੁਰਕ੍ਰਿਪਾਲ ਸੂਰਾਪੁਰੀ, ਸੰਦੀਪ ਕੌਰ, ਨੀਲੂ ਸ਼ਰਮਾ, ਪ੍ਰਵੀਨ ਭਾਰਟਾ, ਕਪਤਾਨ ਕੰਮਾਂ, ਸੁਖਵਿੰਦਰ ਸੁੱਖੀ, ਜਗਪਾਲ ਸ਼ੇਰਾ ਆਦਿ ਨੇ ਆਪਣੀਆਂ ਆਵਾਜ਼ਾਂ ਦਾ ਸ਼ਿੰਗਾਰ ਬਣਾਏ ਹਨ, ਹੋਰ ਤਾਂ ਹੋਰ ਰਸ਼ਪਾਲ ਪਾਲੀ ਨੇ ਪੰਜਾਬੀ ਫਿਲਮੀ ਖੇਤਰ ਦੀ ਕਾਮੇਡੀ ਵਿੱਚ ਜੁੜਨ ਦੇ ਸਬੱਬ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਹਾਸਿਆਂ ਦੇ ਬਾਦਸ਼ਾਹ ਮਰਹੂਮ ਜਸਵਿੰਦਰ ਭੱਲਾ ਹੋਰਾਂ ਦੀ ਤਿੱਕੜੀ, ਜਿਨ੍ਹਾਂ ‘ਚੋਂ ਬਾਲ ਮੁਕੰਦ ਸ਼ਰਮਾ ਤੇ ਮੈਡਮ ਨੀਲੂ ਨਾਲ ਜੁੜਣ ਦਾ ਸਾਲ 2005 ਨੂੰ ਇੰਝ ਦਾ ਸੁਭਾਗ ਪ੍ਰਾਪਿਤ ਹੋਇਆ ਕਿ ਜਸਵਿੰਦਰ ਭੱਲਾ ਹੁਰਾਂ ਦੀ ਤਿੱਕੜੀ ਦੀਆਂ ਉੱਪਰੋਥਲ਼ੀ ਜਿਵੇਂ ਕਿ ਛਣਕਾਟਾ 2005 – ਫ਼ਿਰ ਜੜਤੇ ਕੋਕੇ, ਛਣਕਾਟਾ 2006 – ਕੱਢਤੀਆਂ ਰੜਕਾਂ, ਛਣਕਾਟਾ 2007 – ਕਰਤਾ ਕੂੰਡਾ ਅਤੇ ਪਾਲੀ ਦੇ ਕਮੇਡੀ ਭਰਪੂਰ ਡਾਇਲਾਗ ਜਸਵਿੰਦਰ ਭੱਲਾ ਹੋਰਾਂ ਦੀ ਜ਼ੁਬਾਨੀ ਲੋਕਾਂ ਵੱਲੋਂ ਬਹੁਤ ਪਸੰਦ ਕੀਤੇ ਗਏ। ਫ਼ਿਰ ਤਾਂ ਪਾਲੀ ਦੀ ਗੱਡੀ ਐਸੀ ਲੀਹੇ ਚੜ੍ਹੀ ਕਿ ਫਿਲਮਾਂ ਤੇ ਕਾਮੇਡੀ ਟੈਲੀ ਫਿਲਮ ਬਿੱਲੀਆਂ ਵਿੱਚ ਬਾਂਦਰ ਦੇ ਕਾਮੇਡੀ ਗੀਤ ਤੇ ਬੋਲੀਆਂ ਲਿਖਣ ਤੋਂ ਇਲਾਵਾ ਪੈ ਗਈ ਭਾਜੜ, ਦੀ ਕਹਾਣੀ, ਜਤਿੰਦਰ ਗੋਭੀ ਵਾਲੇ ਦੀਆਂ ਦੋ ਕਾਮੇਡੀ ਟੈਲੀ ਫਿਲਮਾਂ ਦੀ ਕਹਾਣੀ ਤੇ ਗੀਤ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਅਵਾਮ ਦੀ ਨਜ਼ਰੀ ਸਹਿਜ-ਭਾਅ ਹੀ ਪ੍ਰਵਾਨ ਚੜ੍ਹੇ। ਗੱਲ ਕੀ ਐਸੀ ਚੱਲ ਸੋਂ ਚੱਲ ਹੋਈ ਕਿ ਉਨ੍ਹਾਂ ਵੇਲਿਆਂ ਦੇ ਚਰਚਿਤ ਕਾਮੇਡੀਅਨ ਜਗਤਾਰ ਜੱਗੀ ਹੋਰਾਂ ਦਾ ਐਮ.ਐਚ.ਵਨ ਚੈਨਲ ‘ਤੇ ਚੱਲਦਾ ਕਾਮੇਡੀ ਸ਼ੋਅ ਕਾਟੋ ਫੁੱਲਾਂ ਉਤੇ, ਦੀ ਲੇਖਣੀ ਨੇ ਵੀ ਉਸਦੀ ਗੁੱਡੀ ਅਸਮਾਨੀ ਚਾੜ੍ਹ ਦਿੱਤਾ ਅਤੇ ਪੰਜਾਬੀ ਦੀਆਂ ਸੁਪਰ ਹਿੱਟ ਫ਼ਿਲਮਾਂ ਵਿੱਚੋਂ ਲੱਕੀ ਦੀ ਅਨ ਲੱਕੀ ਸਟੋਰੀ, ਚੱਕਦੇ ਫੱਟੇ, ਮਰ ਗਏ ਲੋਕੋ ਤੇ ਕਬੱਡੀ ਆਦਿ ਵਿੱਚ ਉੱਘੇ ਕਾਮੇਡੀਅਨ ਜਸਵਿੰਦਰ ਭੱਲਾ ਹੋਰਾਂ ਦੇ ਪਾਲੀ ਦੁਆਰਾ ਲਿਖੇ ਹੋਏ ਡਾਇਲਾਗ ਸਪੈਸ਼ਲ ਤੌਰ ‘ਤੇ ਸਰੋਤਿਆਂ ਦੀ ਖ਼ਾਸ ਪਸੰਦ ਬਣੇ।

ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਉਪਾਸਨਾ ਸਿੰਘ ਦੀ ਫਿਲਮ ਯਾਰਾਂ ਦੀਆਂ ਪੌ ਵਾਰਾਂ ਲਈ ਵੀ ਪਾਲੀ ਦੀ ਕਲਮ ‘ਚੋਂ ਲਿਖੇ ਹੋਏ ਡਾਇਲਾਗ ਬਹੁਤ ਪਸੰਦ ਕੀਤੇ ਗਏ। ਪਾਲੀ ਆਪਣੇ ਇੱਕ ਚਿਰਾਂ ਤੋਂ ਉਲੀਕੇ ਹੋਏ ਪ੍ਰੋਗਰਾਮ ਆਪਣੇ ਹੁਨਰ ਦੇ ਬੈਸਟ ਪਾਲੀ ਦੇ ਗੈੱਸਟ ਨੂੰ ਵੀ ਵੱਡੀ ਪੱਧਰ ‘ਤੇ ਦਰਸ਼ਕਾਂ ਦੇ ਸਨਮੁਖ ਕਰਨਾ ਲੋਚਦਾ ਹੈ। ਅੱਜ ਦੇ ਦੌਰ ਵਿੱਚ ਜਿੱਥੇ ਕਲਾਕਾਰੀ ਸਿਰਫ ਚਮਕ-ਦਮਕ ਤੱਕ ਸੀਮਤ ਹੋ ਗਈ ਹੈ, ਉੱਥੇ ਰਸ਼ਪਾਲ ਪਾਲੀ ਵਰਗੇ ਕਲਮ ਦੇ ਧਨੀ ਅੱਜ ਵੀ ਜ਼ਮੀਨ ਨਾਲ ਜੁੜ ਕੇ, ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਦੀ ਗੱਲ ਕਰਦੇ ਹਨ। ਹਾਸੇ ਵਿੱਚ ਵਿਅੰਗ, ਗੀਤਾਂ ਵਿੱਚ ਸੱਭਿਆਚਾਰ ਅਤੇ ਸਕ੍ਰਿਪਟਾਂ ਵਿੱਚ ਪੰਜਾਬ ਦੀਆਂ ਜੜ੍ਹਾਂ ਨੂੰ ਸਾਂਭਣ ਵਾਲੇ, ਸ਼ਰੀਕ-ਏ-ਹਯਾਤ ਸੁਰਿੰਦਰ ਕੌਰ ਤੇ ਪਿਆਰੀਆਂ ਬੇਟੀਆਂ ਹਰ ਸਿਮਰਨ ਕੌਰ ਤੇ ਹਰਪ੍ਰੀਤ ਕੌਰ ਨਾਲ ਪਰਿਵਾਰਿਕ ਆਨੰਦ ਮਾਣ ਰਹੇ ਰਸ਼ਪਾਲ ਪਾਲੀ ਨੇ ਆਪਣੀਆਂ ਤਾਜ਼ਾ ਕਲਾਤਮਿਕ ਸਰਗਰਮੀਆਂ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਜਲਦੀ ਹੀ ਆਉਣ ਵਾਲੇ ਦਿਨਾਂ ਵਿੱਚ ਪ੍ਰਸਿੱਧ ਗਾਇਕਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਏ ਗੀਤਾਂ ਵਿੱਚੋਂ “ਸੱਤ ਸਮੁੰਦਰੋਂ ਪਾਰ ਨੇ ਭੇਜੀਆਂ ਮੇਰੀ ਮਾਂ ਨੇ ਪਿੰਨੀਆਂ, ਜਿੰਦਗੀ ਰੁੱਤਾਂ ਵਰਗੀ ਏ, ਰਾਜਾ ਦੇ ਰਾਜ ਵਿੱਚ, ਅਤੇ ਸੁਰੀਲੇ ਗਾਇਕ ਜਗਪਾਲ ਸ਼ੇਰਾ ਦੀ ਆਵਾਜ਼ ਵਿੱਚ ਜੀਹਨੇ ਮਾਪੇ ਸਾਂਭ ਲਏ ਉਹਦੇ ਸਾਰੇ ਤੀਰਥ ਹੋ ਗਏ ਆਦਿ ਗੀਤ ਖੂਬਸੂਰਤ ਅੰਦਾਜ਼ ਵਿੱਚ ਸਰੋਤਿਆਂ ਦੀ ਨਜ਼ਰ-ਏ-ਖਿਦਮਤ ਕੀਤੇ ਜਾ ਰਹੇ ਹਨ।
ਮਲਕੀਤ ਮਾਹੀ ਖਰੜ (ਮੋਹਾਲੀ) – 94170 82829
