ਗਾਇਕ ਦਲਵਿੰਦਰ ਦਿਆਲਪੁਰੀ ਤੇ ਬੀਬਾ ਹਰਲੀਨ ਅਖਤਰ ਦਾ ਡਿਊਟ ਗੀਤ “ਅੱਕੜ ਬੱਕੜ” ਵੱਡੀ ਪੱਧਰ ‘ਤੇ ਰਿਲੀਜ਼
ਪੰਜਾਬੀ ਅਖਾੜਾ ਗਾਇਕੀ ਦੇ ਸੁਪਰ-ਡੁਪਰ ਹਿੱਟ ਤੇ ਸਦਾਬਹਾਰ ਇੰਟਰਨੈਸ਼ਨਲ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਸਿਰਫ਼ ਗਾਇਕ ਹੀ ਨਹੀਂ, ਬਲਕਿ ਸਮੁੱਚੀ ਪੰਜਾਬੀਅਤ ਦੀ ਰੂਹ ਹੈ। ਉਸਨੇ ਹੁਣ ਤੱਕ ਸੈਕੜੇ ਸੱਭਿਆਚਾਰਕ ਮੇਲਿਆਂ ਦੀਆਂ ਸਟੇਜਾਂ ‘ਤੇ ਰੌਣਕਾਂ ਨੂੰ ਆਪਣੀ ਲੋਕ ਗਾਇਕੀ ਦੇ ਰੰਗਾਂ ਨਾਲ ਐਸੇ ਮੁਹੱਬਤੀ ਕੋਕੇ ਜੜੇ ਹਨ ਕਿ ਹਰ ਪੰਜਾਬੀ ਰੂਹ ਗਦ ਗਦ ਹੋ ਉੱਠਦੀ ਹੈ। ਇੱਥੇ ਹੀ ਬੱਸ ਨਹੀਂ, ਉਸ ਨੇ ਸਰਵ-ਪ੍ਰਵਾਨਤਾ ਨਾਲ ਸੱਭਿਆਚਾਰਕ ਮੇਲਿਆਂ ਦੀ ਗਾਇਕੀ ਦੇ ਬਾਦਸ਼ਾਹ ਹੋਣ ਦਾ ਮਾਣ ਹਾਸਲ ਕੀਤਾ। ਜਿਵੇਂ ਕਹਿੰਦੇ ਹਨ ਕਿ ਵਕਤ ਬਦਲਦਾ ਹੈ ਤਾਂ ਗੀਤ-ਸੰਗੀਤ ਦੇ ਰੁਝਾਨ ਵੀ ਬਦਲਦੇ ਹਨ, ਪਰ ਦਲਵਿੰਦਰ ਦਿਆਲਪੁਰੀ ਦੇ ਗੀਤਾਂ ਦੀ ਮੜਕ ਤੇ ਚਮਕ-ਦਮਕ ਅੱਜ ਵੀ ਤਰੋ-ਤਾਜ਼ਗੀ ਭਰੀ ਤੇ ਬਰਕਰਾਰ ਹੈ।

ਇਸ ਲਈ ਗਾਇਕ ਦਲਵਿੰਦਰ ਦਿਆਲਪੁਰੀ ਦੇ ਸਿੰਗਲ ਟਰੈਕ ਤੇ ਡਿਊਟ, ਗੀਤ-ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ ਬਣੇ ਰਹਿੰਦੇ ਹਨ। ਜਿਵੇਂ ਪਿਛਲੇ ਦਿਨੀਂ ਉਸਦਾ ਸਿੰਗਲ ਟਰੈਕ ਉੱਘੇ ਗੀਤਕਾਰ ਮਲਕੀਤ ਮਾਹੀ ਦੀ ਕਲਮ ਤੋਂ ਲਿਖਿਆ ਹੋਇਆ ਗੀਤ ਰਲੀਜ਼ ਹੋਇਆ ਸੀ। ਸੱਭਿਆਚਾਰਕ ਰੰਗਤ ਦੀ ਫੁੱਲਕਾਰੀ ਦੀਆਂ ਸ਼ਬਦੀ ਫੁੱਲ-ਪੱਤੀਆਂ ਵਿੱਚ ਸਜਿਆ ਹੋਇਆ “ਅੱਕੜ ਬੱਕੜ” ਗੀਤ ਸੁਰੀਲੀ ਗਾਇਕਾ ਹਰਲੀਨ ਅਖ਼ਤਰ ਨਾਲ ਪੂਰਾ ਨਿੱਠ ਕੇ ਗਾਇਆ। ਇਸ ਦੋਗਾਣਾ ਗੀਤ ਨੂੰ ਪੰਜਾਬ ਦੀ ਪ੍ਰਸਿੱਧ Euro Wood Entertainment ਮਿਊਜ਼ਿਕ ਕੰਪਨੀ ਵੱਲੋਂ ਪੂਰੀ ਸਜ-ਧਜ ਨਾਲ ਵੱਡੇ ਪੱਧਰ ‘ਤੇ ਸਮੁੱਚੇ ਸੋਸ਼ਲ ਮੀਡੀਆ ਚੈਨਲਾਂ ‘ਤੇ ਪੰਜਾਬੀ ਪਿਆਰਿਆਂ ਦੀ ਨਜ਼ਰ-ਏ-ਖਿਦਮਤ ਕੀਤਾ ਗਿਆ ਹੈ, ਜਿਸ ਦਾ ਖੂਬਸੂਰਤ ਵੀਡੀਓ ਫ਼ਿਲਮਾਂਕਣ, ਰੂਹਾਂ ਨੂੰ ਬਾਗੋ-ਬਾਗ਼ ਕਰਨ ਦੀ ਸਮਰਥਾ ਰੱਖਦਾ ਹੈ। ਇਸ ਗੀਤ ਦੀ ਦਿੱਖ ਨੂੰ ਹੋਰ ਵੀ ਚਾਰ ਚੰਨ ਲਾਉਂਦਾ ਹੋਇਆ ਸਰੋਤਿਆਂ/ ਦਰਸ਼ਕਾਂ ਵੱਲੋਂ ਵਾਹਵਾ ਪਸੰਦ ਕੀਤਾ ਜਾ ਰਿਹਾ ਹੈ।
