(ਗੁਰਵਿੰਦਰ ਚਾਕ ਘੱਟ, ਪਰ ਪਾਏਦਾਰ ਲਿਖਣ ਵਾਲ਼ਾ ਸੁਲਝਿਆ ਤੇ ਪਰਪੱਕ ਸ਼ਾਇਰ ਹੈ। ਬਚਪਨ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਪੜਾਵਾਂ ਵਿੱਚੋਂ ਗੁਜ਼ਰਦਿਆਂ ਉਸ ਨੇ ਜ਼ਿੰਦਗੀ ਦੇ ਹਰ ਇੱਕ ਰੰਗ ਨੂੰ ਤੱਕਿਆ ਹੈ। ਓਸ ਦੀ ਰੂਹ ਨੇ ਹਰ ਰਾਗ ਨੂੰ ਮਹਿਸੂਸਿਆ ਹੈ। ਕਦੇ ਓਹਦੀ ਸ਼ਾਇਰੀ ਵਿੱਚੋਂ ਬਿਹਾਗੜਾ ਤੇ ਰਾਗ ਵਡਹੰਸ ਫੁੱਟ ਪੈਂਦੇ ਹਨ ਤੇ ਕਦੀ ਭੈਰਵੀ। ਓਹਦੀ ਰਚਨਾ ਮਲਹਾਰ ਗਾਉਂਦੀ ਹੋਈ ਵੀ ਲੋਕ ਪੀੜ ਵਿੱਚ ਗੜੁੱਚ ਹੋ ਜਾਂਦੀ ਹੈ। ਉਸ ਦੀ ਫੇਸਬੁੱਕ ਵਾਲ ਤੋਂ ਧੰਨਵਾਦ ਸਹਿਤ ਲਏ ਗੀਤ ਬਸ਼ਿੰਦਾ ਵਿੱਚਲੇ ਕਰੁਣਾ ਰਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ – ਸੁਰਜੀਤ ਸੁਮਨ, ਸੰਪਾਦਕ, ਸਹਿਜਧਾਰਾ ਡਾਟ ਇਨ – 98144 30874) 
ਬਸ਼ਿੰਦਾ/ ਗੁਰਵਿੰਦਰ ਚਾਕ
ਇਹ ਓਸ  ਨਗਰ  ਦਾ  ਵਾਸੀ  ਏ।
ਇਹ ਓਸ  ਨਗਰ  ਦਾ  ਵਾਸੀ  ਏ।
ਜਿੱਥੇ  ਸੂਰਜ  ਚੜ੍ਹੇ  ਅਮੀਰਾਂ  ਘਰ
ਜਿੱਥੇ ਆਪਸ ਵਿੱਚ ਨਾ ਮਿਚਦੇ ਬਰ।
ਜਿੱਥੇ ਬਚਪਨ ਮੰਗਦਾ ਹੈ ਦਰ ਦਰ
ਜਿੱਥੇ ‘ਘੱਗਾ-ਰਾਰਾ’ ਹੀ ਹੈ “ਘਰ।”
ਜਿੱਥੇ  ਮਹਿਲਾਂ  ਦੇ   ਵਿੱਚ  ਖੇੜੇ  ਨੇ
…ਤੇ  ਝੁੱਗੀਆਂ  ਵਿੱਚ  ਉਦਾਸੀ  ਹੈ।
ਇਹ ਓਸ  ਨਗਰ  ਦਾ  ਵਾਸੀ  ਏ।
ਪੀੜ੍ਹੀ-ਦਰ-ਪੀੜ੍ਹੀ  ਪੀੜਾਂ  ਨੇ
ਜਿੱਥੇ ਜੰਮਦਿਆਂ ਦੇ ਸਿਰ ਭੀੜਾਂ ਨੇ।
ਜੋਬਨ ਵਿੱਚ ਕੁੱਬੀਆਂ ਰੀੜ੍ਹਾਂ ਨੇ
ਜਿੱਥੇ  ਪੱਟ- ਵਲ੍ਹੇਟੀਆਂ  ਬੀੜਾਂ ਨੇ।
.. ਪਰ  ਜਿਸਮ  ਨੰਗੇ  ਹਨ ਲੋਕਾਂ ਦੇ
ਜਿੰਦ   ਭੁੱਖੀ  ਅਤੇ   ਪਿਆਸੀ  ਹੈ।
ਇਹ  ਓਸ  ਨਗਰ  ਦਾ  ਵਾਸੀ  ਏ।
ਜਿੱਥੇ  ਅਦਲੀ ਵਿੱਕਦੇ ਟਕਿਆਂ ਨੂੰ
ਜਿੱਥੇ ਰੁੱਤਬੇ  ਮਿਲਦੇ  ਸਕਿਆਂ  ਨੂੰ।
ਸ਼ਾਬਾਸ਼ੀ    ਚੋਰ    ਉਚੱਕਿਆਂ   ਨੂੰ
ਜਿੱਥੇ ਹੋਰ  ਅਕਾਉਂਦੇ  ਅੱਕਿਆਂ ਨੂੰ।
ਜਿੱਥੇ  ਨਾ  ਧਰਮ  ਸਿਆਸਤ ਵਿੱਚ
ਪਰ  ਹਰ  ਇੱਕ ਧਰਮ ਸਿਆਸੀ ਹੈ।
ਇਹ  ਓਸ   ਨਗਰ  ਦਾ  ਵਾਸੀ  ਏ।
ਜਿੱਥੇ  ਪੱਠਿਆਂ ਦੀ ਇੱਕ ਪੰਡ ਲਈ
ਬੇਪੱਤ   ਹੋਵਣ   ਮੁਟਿਆਰਾਂ   ਕਈ।
ਜਿੱਥੇ  ਕਤਲ  ਹੋਣ ਸੁਪਨੇ ਸੁਰਮਈ
ਜਿੱਥੇ  ਮਿਹਨਤਕਸ਼  ਥੀਂ ਹੁੰਦੀ ਰਈ।
ਵੱਤਰ   ਸੁੱਕ    ਜਾਣ   ਜਵਾਨੀ   ਦੇ
ਜਿੱਥੇ  ਜ਼ਿੰਦਗੀ  ਬਹੁਤ  ਨਿਰਾਸੀ ਹੈ।
ਇਹ  ਓਸ  ਨਗਰ   ਦਾ  ਵਾਸੀ  ਏ
ਜਿੱਥੇ   ਐਸ਼-ਪ੍ਰਸਤੀ   ਸ਼ਾਹਾਂ  ਲਈ
ਜਿੱਥੇ   ਮੌਜ ਤੇ  ਮਸਤੀ  ਸ਼ਾਹਾਂ ਲਈ।
ਜਿੱਥੇ  ਸੋਹਣੀ  ਬਸਤੀ  ਸ਼ਾਹਾਂ  ਲਈ
ਜਿੱਥੇ ਹਰ ਸ਼ੈਅ ਸਸਤੀ ਸ਼ਾਹਾਂ ਲਈ।
ਨਿਰਧਨ     ਨੂੰ    ਧੌਲ਼ਾਂ  –  ਧੱਫੇ    ਨੇ
…ਤੇ   ਰੋਟੀ    ਮਿਲਦੀ    ਬਾਸੀ   ਹੈ।
ਇਹ  ਓਸ   ਨਗਰ   ਦਾ  ਵਾਸੀ  ਏ।
ਇਹ   ਓਸ   ਨਗਰ  ਦਾ  ਵਾਸੀ  ਏ।
9814021021