ਸਰਦਾਰ ਗੁਰਦੇਵ ਸਿੰਘ ਬਰਾੜ ਦਾ ਅਕਾਲ ਚਲਾਣਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ: ਰਾਜਿੰਦਰ ਸਿੰਘ ਬਡਹੇੜੀ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 18 ਸਤੰਬਰ:
ਪ੍ਰਮੁੱਖ ਕਿਸਾਨ ਆਗੂ ਅਤੇ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਰਾਜਿੰਦਰ ਸਿੰਘ ਬਡਹੇੜੀ ਨੇ ਸਰਦਾਰ ਗੁਰਦੇਵ ਸਿੰਘ ਬਰਾੜ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਪੰਥ ਦੀ ਬਹੁਤ ਹੀ ਪਿਆਰੀ ਸ਼ਖ਼ਸੀਅਤ, ਪੰਥ ਦਰਦੀ, ਪੰਥ ਪ੍ਰਸਤ ਆਗੂ, ਇੱਕ ਇਮਾਨਦਾਰ ਅਫਸਰ ਅਤੇ ਸਿੱਖ ਐਜੁਕੇਸ਼ਨਲ ਸੁਸਾਇਟੀ, ਚੰਡੀਗੜ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਬਰਾੜ ਇਸ ਫ਼ਾਨੀ ਸੰਸਾਰ ਨੁੰ ਅਲਵਿਦਾ ਕਹਿ ਗਏ ਹਨ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕਰਨ ਤੋਂ ਪਹਿਲਾਂ ਸਰਦਾਰ ਗੁਰਦੇਵ ਸਿੰਘ ਬਰਾੜ, ਜੋ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ, ਪਾਸੋਂ ਜਦੋਂ ਮਨਜ਼ੂਰੀ ਮੰਗੀ ਤਾਂ ਇਸ ਦਲੇਰ ਅਫਸਰ ਨੇ ਸਪੱਸ਼ਟ ਕਿਹਾ ਕਿ ਮੈਂ ਅਪਣੇ ਗੁਰੂ ਦੇ ਘਰ ਉੱਤੇ ਹਮਲੇ ਲਈ ਸਹਿਮਤੀ ਨਹੀਂ ਦੇਵਾਂਗਾ। ਇਸ ਦਲੇਰੀ ਕਾਰਨ ਅਤੇ ਵਿਦਿਅਕ ਖੇਤਰ ਵਿੱਚ ਸਰਦਾਰ ਗੁਰਦੇਵ ਸਿੰਘ ਬਰਾੜ ਵੱਲੋਂ ਨਿਭਾਏ ਗਏ ਰੋਲ ਨੂੰ ਸਿੱਖ ਇਤਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅਕਾਲ ਪੁਰਖ, ਵਾਹਿਗੁਰੂ ਜੀ ਸਨਮੁੱਖ ਅਰਦਾਸ ਹੈ ਕਿ ਉਹਨਾਂ ਦੀ ਆਤਮਾ ਨੁੰ ਸ਼ਾਂਤੀ ਬਖਸ਼ਿਸ਼ ਕਰਨ ਅਤੇ ਪਿੱਛੇ ਉਹਨਾਂ ਦੇ ਪਰਿਵਾਰ ਸਮੇਤ ਸਮੂਹ ਸੰਗਤ ਨੁੰ ਉਹਨਾਂ ਦੇ ਵਿਛੋੜੇ ਨੁੰ ਮਿੱਠਾ ਕਰਕੇ ਮੰਨਣ ਦਾ ਬੱਲ ਬਖਸ਼ਣ।