ਰਜਿੰਦਰ ਸਿੰਘ ਧੀਮਾਨ ਦਾ ਸਫ਼ਰਨਾਮਾ: ਲੰਡਨ ਅਤੇ ਐਡਿਨਬਰਗ ਦੀ ਇਤਿਹਾਸਕ ਤੇ ਸੱਭਿਆਚਾਰਕ ਯਾਤਰਾ – ਜਸਵਿੰਦਰ ਸਿੰਘ ਕਾਈਨੌਰ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 8 ਅਗਸਤ:
ਪੰਜਾਬੀ ਸਾਹਿਤ ਦੇ ਕੁੱਝ ਹੋਰ ਰੂਪਾਂ ਵਾਂਗ ਪੰਜਾਬੀ ਸਫਰਨਾਮਾ ਵੀਹਵੀਂ ਸਦੀ ਵਿੱਚ ਪੱਛਮ ਦੇ ਪ੍ਰਭਾਵ ਵਜੋਂ ਲਿਖਿਆ ਜਾਣਾ ਸ਼ੁਰੂ ਹੋਇਆ। ਸਫਰਨਾਮੇ ਤੋਂ ਭਾਵ ਹੈ – ਸਫਰ ਨੂੰ ਮਾਣਨ ਅਤੇ ਇਸ ਵਿੱਚ ਪੈਦਾ ਹੋਏ ਅਨੁਭਵ ਨੂੰ ਦੂਜਿਆਂ ਨਾਲ ਸਾਂਝਾ ਕਰਨਾ। ਸਫਰਨਾਮਾ ਲਿਖਣ ਲਈ ਲੇਖਕ ਕੋਲ ਡੂੰਘੀ ਨੀਝ ਅਤੇ ਸਾਹਿਤਕ ਸੂਝ ਦਾ ਹੋਣਾ ਅਤੀ ਜ਼ਰੂਰੀ ਹੈ। ਇਸੇ ਤਰ੍ਹਾਂ ਦੀਆਂ ਸਾਰੀਆਂ ਖੂਬੀਆਂ ਨੂੰ ਪ੍ਰਣਾਏ ਲੇਖਕ ਰਾਜਿੰਦਰ ਸਿੰਘ ਧੀਮਾਨ ਨੇ ”The UK Journey: A Dream Trip to London & Edinburgh’ ਦਾ ਸਫਰਨਾਮਾ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਹ ਪੁਸਤਕ ਕੇਵਲ ਇੱਕ ਸਫ਼ਰਨਾਮਾ ਹੀ ਨਹੀਂ ਹੈ, ਸਗੋਂ ਇਹ ਇਤਿਹਾਸ, ਲਗਨ, ਪਰਿਵਾਰਕ ਸਾਂਝ ਅਤੇ ਲੇਖਕ ਦੇ 1965 ਤੋਂ ਦੇਖੇ ਇੱਕ ਅਣਮੁੱਲੇ ਸੁਪਨੇ ਦਾ ਸਕਾਰਾਤਮਕ ਰੂਪ ਹੈ। ਇਸ ਕਿਤਾਬ ਤੋਂ ਪਹਿਲਾਂ ਵੀ ਇਨ੍ਹਾਂ ਦੀਆਂ ਚਾਰ ਕਿਤਾਬਾਂ ਵਿਸ਼ਵਕਰਮਾ ਰਾਮਗੜੀਆ ਰਿਪੋਰਟ, ਜਯੋਤੀ ਮੇਂ ਜੋਤ ਸਮਾਈ, Five Days in Heaven ਅਤੇ ਗੁਰਮਤ ਚਿੰਤਨ – ਏਕ ਸੰਕਲਾਤਮਿਕ ਅਧਿਐਨ ਛਪ ਚੁੱਕੀਆਂ ਹਨ। ਹੁਣ ਇਹ ਇਨ੍ਹਾਂ ਦੀ ਪੰਜਵੀਂ ਕਿਤਾਬ ਹੈ। ਅੱਜ ਦੇ ਪਦਾਰਥਵਾਦੀ ਯੁੱਗ ’ਚ ਜਿੰਦਗੀ ਦੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਹਿਤ ਦੀ ਸਿਰਜਨਾ ਕਰਨੀ, ਫਿਰ ਉਸ ਨੂੰ ਪੁਸਤਕ ਦੇ ਰੂਪ ’ਚ ਛਪਵਾਉਣਾ ਇੱਕ ਪ੍ਰਤੀਬੱਧਤਾ ਵਾਲਾ ਕਾਰਜ ਹੈ, ਜਿਸ ਨੂੰ ਰਾਜਿੰਰ ਸਿੰਘ ਧੀਮਾਨ ਨੇ ਪੂਰਾ ਕਰ ਵਿਖਾਇਆ ਹੈ। ਹਥਲੇ ਸਫਰਨਾਮੇ ਰਾਹੀਂ ਲੇਖਕ ਨੇ ਨਿਊ ਚੰਡੀਗੜ੍ਹ ਤੋਂ ਆਪਣੀ ਪਤਨੀ ਭੂਪਿੰਦਰ ਕੌਰ, ਬੇਟੀ ਖੁਸ਼ਪਰੀਤ ਕੌਰ, ਜਵਾਈ ਰਾਜਿੰਦਰ ਸਿੰਘ (ਟਿੰਕੂ) ਅਤੇ ਪਿਆਰੀ ਦੋਹਤੀ ਅਨਹਦ ਕੌਰ ਨਾਲ ਲੰਡਨ ਪਹੁੰਚ ਕੇ ਉਥੋਂ ਦੀ ਇਤਿਹਾਸਕ ਮਹੱਤਤਾ ਨੂੰ ਸਰਲ ਅਤੇ ਸੌਖੀ ਭਾਸ਼ਾ ਨਾਲ ਕਲਮਬੱਧ ਕੀਤਾ ਹੈ। ਇਸ ਪੂਰੇ ਸਫ਼ਰ ਦੌਰਾਨ ਲੇਖਕ ਦੀ ਨਿੱਕੀ ਦੋਹਤੀ ‘ਅਨਹਦ’ ਦੀ ਮੌਜੂਦਗੀ ਪੂਰੇ ਬਿਰਤਾਂਤ ਨੂੰ ਬਾਲ-ਮਨ ਦੀਆਂ ਮਾਸੂਮ ਸ਼ਰਾਰਤਾਂ ਅਤੇ ਸਜੀਵਤਾ ਨਾਲ ਭਰ ਦਿੰਦੀ ਹੈ। ਤਿੰਨ ਪੀੜ੍ਹੀਆਂ ਦਾ ਇਕੱਠੇ ਸਫ਼ਰ ਕਰਨਾ, ਵੱਖ-ਵੱਖ ਨਜ਼ਰੀਏ ਤੋਂ ਦੁਨੀਆ ਨੂੰ ਦੇਖਣਾ ਅਤੇ ਇੱਕ-ਦੂਜੇ ਦੇ ਜਜ਼ਬਾਤਾਂ ਦਾ ਸਤਿਕਾਰ ਕਰਨਾ ਇਸ ਕਿਤਾਬ ਦੇ ਹਰ ਪੰਨੇ ‘ਤੇ ਸਾਫ਼ ਝਲਕਦਾ ਹੈ। ਨਵੀਂ ਪੀੜ੍ਹੀ ਵੱਲੋਂ ਆਪਣੇ ਮਾਤਾ-ਪਿਤਾ ਨੂੰ ਅਜਿਹਾ ਮਾਣ-ਸਤਿਕਾਰ ਦੇਣਾ ਅਜੋਕੇ ਸਮਾਜ ਲਈ ਇੱਕ ਬਹੁਤ ਹੀ ਸਕਾਰਾਤਮਕ ਅਤੇ ਪ੍ਰੇਰਣਾਦਾਇਕ ਸੁਨੇਹਾ ਹੈ। ਜਦੋਂ ਉਹ ਲੰਡਨ ਦੇ ਵਿਸ਼ਵ ਪ੍ਰਸਿੱਧ ‘ਬ੍ਰਿਟਿਸ਼ ਮਿਊਜ਼ੀਅਮ’ ਦਾ ਦੌਰਾ ਕਰਦੇ ਹਨ, ਤਾਂ ਉੱਥੇ ਸਦੀਆਂ ਪੁਰਾਣੀਆਂ ਭਾਰਤੀ ਕਲਾਕ੍ਰਿਤੀਆਂ ਅਤੇ ਕੀਮਤੀ ਇਤਿਹਾਸਕ ਵਸਤੂਆਂ ਨੂੰ ਦੇਖ ਕੇ ਉਹਨਾਂ ਦਾ ਮਨ ਗੰਭੀਰ ਅਤੇ ਵਲਵਲਿਆਂ ਨਾਲ ਭਰ ਜਾਂਦਾ ਹੈ। ਇੱਥੇ ਲੇਖਕ ਅਰਥ-ਸ਼ਾਸਤਰ ਅਤੇ ਇਤਿਹਾਸ ਦੀ ਪ੍ਰਸਿੱਧ ‘ਡਰੇਨ ਥਿਊਰੀ’ ਦਾ ਹਵਾਲਾ ਦਿੰਦਿਆਂ ਬੜੀ ਸੰਵੇਦਨਸ਼ੀਲਤਾ ਨਾਲ ਜ਼ਿਕਰ ਕਰਦੇ ਹਨ ਕਿ ਕਿਸ ਤਰ੍ਹਾਂ ਬਸਤੀਵਾਦੀ ਦੌਰ ਦੌਰਾਨ ਭਾਰਤ ਦੀ ਅਮੀਰ ਵਿਰਾਸਤ, ਸੋਨਾ ਅਤੇ ਅਣਮੁੱਲੀ ਦੌਲਤ ਨੂੰ ਦੇਸ਼ ਤੋਂ ਬਾਹਰ ਲਿਜਾਇਆ ਗਿਆ। ਲੇਖਕ ਦੀ ਇਹ ਇਤਿਹਾਸਕ ਅਤੇ ਸਿਆਸੀ ਸਮਝ ਪਾਠਕ ਨੂੰ ਅੰਦਰ ਤੱਕ ਝੰਜੋੜਦੀ ਹੈ ਅਤੇ ਸੋਚਣ ਲਈ ਮਜਬੂਰ ਕਰਦੀ ਹੈ।
ਇਸ ਦੇ ਨਾਲ ਹੀ, ਪੁਸਤਕ ਵਿੱਚ ਲੇਖਕ ਵੱਲੋਂ ਭਾਰਤ ਦੇ ਆਜ਼ਾਦੀ ਸੰਗਰਾਮ ਅਤੇ ਵੱਖ-ਵੱਖ ਇਤਿਹਾਸਕ ਅੰਦੋਲਨਾਂ, ਜਿਵੇਂ ਕਿ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੇ ਗਏ ‘ਸਿਵਲ ਨਾ-ਫ਼ਰਮਾਨੀ ਅੰਦੋਲਨ’ ਦਾ ਜ਼ਿਕਰ ਵੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਹੈ। ਇਹ ਵੇਰਵੇ ਪੁਸਤਕ ਨੂੰ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਹਿਣ ਦਿੰਦੇ, ਬਲਕਿ ਇਸ ਨੂੰ ਇੱਕ ਜਾਣਕਾਰੀ ਭਰਪੂਰ ਦਸਤਾਵੇਜ਼ ਬਣਾਉਂਦੇ ਹਨ। ਰਾਜਿੰਦਰ ਸਿੰਘ ਧੀਮਾਨ ਕੇਵਲ ਇੱਕ ਸੈਲਾਨੀ ਵਾਂਗ ਇਮਾਰਤਾਂ ਨੂੰ ਦੇਖ ਕੇ ਖੁਸ਼ ਹੋਣ ਵਾਲੇ ਲੇਖਕ ਨਹੀਂ ਹਨ, ਬਲਕਿ ਉਹਨਾਂ ਕੋਲ ਇੱਕ ਡੂੰਘੀ ਪਾਰਖੂ ਨਜ਼ਰ ਹੈ। ਕਿਤਾਬ ਵਿੱਚ ਲੰਡਨ ਦੀ ਆਧੁਨਿਕ ਜੀਵਨ ਸ਼ੈਲੀ, ਟ੍ਰੈਫਿਕ ਨਿਯਮਾਂ ਦੀ ਪਾਲਣਾ, ਸਾਫ਼-ਸਫ਼ਾਈ, ਇਤਿਹਾਸਕ ਪੁਲਾਂ, ਲੰਡਨ ਆਈ ਅਤੇ ਐਡਿਨਬਰਗ (ਸਕਾਟਲੈਂਡ) ਦੀਆਂ ਪਹਾੜੀਆਂ ਤੇ ਪੁਰਾਤਨ ਕਿਲ੍ਹਿਆਂ ਦਾ ਵਰਣਨ ਇੰਨੀ ਬਾਰੀਕੀ ਨਾਲ ਕੀਤਾ ਗਿਆ ਹੈ ਕਿ ਪਾਠਕ ਖ਼ੁਦ ਨੂੰ ਉਸ ਯਾਤਰਾ ਦਾ ਹਿੱਸਾ ਮਹਿਸੂਸ ਕਰਨ ਲੱਗਦਾ ਹੈ। ਲੇਖਕ ਨੇ ਉੱਥੋਂ ਦੇ ਸੱਭਿਆਚਾਰ, ਲੋਕਾਂ ਦੇ ਵਿਹਾਰ ਅਤੇ ਪ੍ਰਸ਼ਾਸਨਿਕ ਵਿਵਸਥਾ ਦੀ ਤੁਲਨਾ ਭਾਰਤੀ ਪਰਿਪੇਖ ਨਾਲ ਵੀ ਕੀਤੀ ਹੈ, ਜੋ ਉਹਨਾਂ ਦੇ ਜਾਗਰੂਕ ਨਾਗਰਿਕ ਹੋਣ ਦਾ ਸਬੂਤ ਹੈ। ਇਸ ਤੋਂ ਇਲਾਵਾ ਲੇਖਕ ਨੇ ਸਾਊਥਾਲ ਦੇ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕੀਤੇ, ਜੋ ਭਾਰਤ ਤੋਂ ਬਾਹਰ ਸਭ ਤੋਂ ਵੱਡੇ ਗੁਰਦੁਆਰਿਆਂ ਵਿੱਚੋਂ ਇੱਕ ਹੈ ਅਤੇ ਉੱਥੇ ਜਾ ਕੇ ਉਹਨਾਂ ਨੂੰ ਅਧਿਆਤਮਿਕ ਸ਼ਾਂਤੀ ਮਿਲੀ। ਰਾਜਿੰਦਰ ਸਿੰਘ ਧੀਮਾਨ ਦੀ ਇਹ ਲਿਖਤ ਸਾਹਿਤ ਦੀ ਸਿਰਜਣਾ ਦੇ ਪੱਖੋਂ ਬਹੁਤ ਹੀ ਸਰਲ, ਪ੍ਰਵਾਹਮਈ, ਸਪੱਸ਼ਟ ਅਤੇ ਰੌਚਕ ਹੈ। ਭਾਵੇਂ ਇਹ ਪੁਸਤਕ ਅੰਗਰੇਜ਼ੀ ਭਾਸ਼ਾ ਵਿੱਚ ਹੈ, ਪਰ ਇਸ ਵਿੱਚ ਵਗਦਾ ਜਜ਼ਬਾਤ ਦਾ ਦਰਿਆ ਪੂਰੀ ਤਰ੍ਹਾਂ ਭਾਰਤੀ ਅਤੇ ਪੰਜਾਬੀ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ। ਜੀਵਨ ਦੇ ਰੁਝੇਵਿਆਂ ਅਤੇ ਸੇਵਾ-ਮੁਕਤੀ ਤੋਂ ਬਾਅਦ ਦੇ ਸਮੇਂ ਵਿੱਚੋਂ ਵਿਸ਼ੇਸ਼ ਸਮਾਂ ਕੱਢ ਕੇ ਅਜਿਹੀ ਖੂਬਸੂਰਤ ਅਤੇ ਜਾਣਕਾਰੀ ਭਰਪੂਰ ਪੁਸਤਕ ਪਾਠਕਾਂ ਦੇ ਰੂ-ਬਰੂ ਕਰਨਾ ਲੇਖਕ ਦੀ ਸਾਹਿਤ ਪ੍ਰਤੀ ਦ੍ਰਿੜ੍ਹ ਪ੍ਰਤਿਬੱਧਤਾ ਅਤੇ ਲਿਖਣ ਕਲਾ ਪ੍ਰਤੀ ਸਨੇਹ ਨੂੰ ਦਰਸਾਉਂਦਾ ਹੈ। ਆਪਣੇ ਪਰਿਵਾਰ ਦੇ ਸਹਿਯੋਗ ਨਾਲ ਇੱਕ ਪ੍ਰਕਾਸ਼ਿਤ ਲੇਖਕ ਵਜੋਂ ਉੱਭਰਨਾ ਅਤੇ ਇਸ ਉਮਰ ਵਿੱਚ ਵੀ ਗਿਆਨ ਦੇ ਪਸਾਰ ਲਈ ਤਤਪਰ ਰਹਿਣਾ ਧੀਮਾਨ ਜੀ ਦੀ ਸ਼ਖ਼ਸੀਅਤ ਦਾ ਸਭ ਤੋਂ ਉੱਤਮ ਗੁਣ ਹੈ। ਇਸ ਪੁਸਤਕ ਦੀ ਖਾਸ ਗੱਲ ਇਹ ਹੈ ਕਿ ਲੇਖਕ ਨੇ ਯੂ.ਕੇ. ਵਿੱਚ ਪਹੁੰਚ ਕੇ ਸਿਰਫ਼ ਖੂਬਸੂਰਤੀ ਹੀ ਨਹੀਂ ਵੇਖੀ, ਸਗੋਂ ਬ੍ਰਿਟਿਸ਼ ਕਾਲ ਦੌਰਾਨ ਭਾਰਤ ਤੋਂ ਲਿਜਾਂਦੀਆਂ ਗਈਆਂ ਇਤਿਹਾਸਕ ਅਣਮੁੱਲ ਵਸਤੂਆਂ ਦਾ ਵੀ ਦਰਦ ਨਾਲ ਜ਼ਿਕਰ ਕੀਤਾ ਹੈ, ਜਿਵੇਂ: ਕੋਹਿਨੂਰ ਹੀਰਾ; ਜੋ 1849 ਵਿੱਚ ਐਂਗਲੋ-ਸਿੱਖ ਯੁੱਧ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਤੋਂ ਲਿਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਸੁਨਹਿਰੀ ਤਖ਼ਤ; ਜੋ 1820-1830 ਵਿੱਚ ਜ਼ਰਗਰ ਹਫ਼ੀਜ਼ ਮੁਹੰਮਦ ਮੁਲਤਾਨੀ ਦੁਆਰਾ ਬਣਾਇਆ ਗਿਆ ਸੀ ਅਤੇ ਹੁਣ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ ਵਿੱਚ ਹੈ। ਟੀਪੂ ਸੁਲਤਾਨ ਦਾ ਖਜ਼ਾਨਾ; 1799 ਵਿੱਚ ਸ਼੍ਰੀ ਰੰਗ ਪਟਨਾ ਤੋਂ ਲੁੱਟੀਆਂ ਗਈਆਂ ਸੋਨੇ ਦੀਆਂ ਮੁੰਦਰੀਆਂ ਅਤੇ ਤਲਵਾਰਾਂ। ਨਸਾਕ ਹੀਰਾ; ਜੋ ਤ੍ਰਿੰਬਕੇਸ਼ਵਰ ਸ਼ਿਵ ਮੰਦਰ ਤੋਂ ਲਿਜਾਇਆ ਗਿਆ ਸੀ। ਬੁੱਧ ਦੀ ਢਾਲਵੀਂ ਕਾਂਸੀ ਦੀ ਮੂਰਤੀ (2.5 ਮੀਟਰ ਉੱਚੀ); ਜੋ 1861 ਵਿੱਚ ਸੁਲਤਾਨਗੰਜ ਤੋਂ ਮਿਲੀ ਅਤੇ ਬਰਮਿੰਘਮ ਮਿਊਜ਼ੀਅਮ ਵਿੱਚ ਰੱਖੀ ਗਈ ਅਤੇ ਗਵਾਲੀਅਰ ਦੇ ਤਾਜ ਅਤੇ ਗਹਿਣੇ ਆਦਿ।
ਲੇਖਕ ਨੇ ਲਿਖਿਆ ਹੈ ਕਿ ਯੂ.ਕੇ. ਦਾ ਆਵਾਜਾਈ ਪ੍ਰਬੰਧ ਬਹੁਤ ਹੀ ਸੰਗਠਿਤ ਹੈ। ਲੰਡਨ ਵਿੱਚ ਸਫ਼ਰ ਲਈ ਓਇਸਟਰ ਕਾਰਡ ਵਰਤਿਆ ਜਾਂਦਾ ਹੈ, ਜੋ ਬੱਸਾਂ, ਅੰਡਰਗ੍ਰਾਊਂਡ ਟਿਊਬ, ਟਰੈਮਾਂ, ਟਰੇਨਾਂ ਅਤੇ ਉਬਰ ਬੋਟਸ ਉੱਤੇ ਟੈਪ-ਇਨ/ ਟੈਪ-ਆਊਟ ਸਿਸਟਮ ‘ਤੇ ਕੰਮ ਕਰਦਾ ਹੈ। ਟਿਊਬ ਲੰਡਨ ਦੀ ਸਭ ਤੋਂ ਤੇਜ਼ ਅਤੇ ਇਤਿਹਾਸਕ ਰੇਲ ਪ੍ਰਣਾਲੀ ਹੈ। ਇੱਥੇ ਜ਼ੈਬਰਾ ਕਰਾਸਿੰਗ ਅਤੇ ਲਾਈਨਾਂ ਬਣਾਉਣ ਵਰਗੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੁੰਦੀ ਹੈ। ਐਡਿਨਬਰਗ, ਸਕਾਟਲੈਂਡ ਵਿੱਚ ਸਥਿਤ ਸਕਾਟ ਮਾਨੂਮੈਂਟ ਇੱਕ ਲੇਖਕ ਦੀ ਯਾਦ ਵਿੱਚ ਬਣੀ ਦੁਨੀਆ ਦੀ ਸਭ ਤੋਂ ਉੱਚੀ ਯਾਦਗਾਰ (ਲਗਭਗ 200 ਫੁੱਟ) ਹੈ। ਇਹ ਵਿਕਟੋਰੀਅਨ ਗੋਥਿਕ ਸ਼ੈਲੀ ਦੀ ਇਮਾਰਤ ਪ੍ਰਸਿੱਧ ਲੇਖਕ ਸਰ ਵਾਲਟਰ ਸਕਾਟ ਦੀ ਯਾਦ ਵਿੱਚ ਬਣਾਈ ਗਈ ਹੈ। ਇਸ ਵਿੱਚ 287 ਪੌੜੀਆਂ ਹਨ ਅਤੇ ਹੇਠਾਂ ਉਨ੍ਹਾਂ ਦਾ ਆਪਣੇ ਪਾਲਤੂ ਕੁੱਤੇ ‘ਮੈਡਾ’ ਸਮੇਤ ਚਿੱਟੇ ਸੰਗਮਰਮਰ ਦਾ ਬੁੱਤ ਹੈ। “ਜੀਵੰਤ ਯੂਨੀਵਰਸਿਟੀ” ਵਜੋਂ ਜਾਣਿਆ ਜਾਂਦਾ ਆਕਸਫੋਰਡ ਸ਼ਹਿਰ ਆਪਣੇ ਗਿਆਨ ਅਤੇ ਪਰੰਪਰਾ ਲਈ ਪ੍ਰਸਿੱਧ ਹੈ। ਆਕਸਫੋਰਡ ਯੂਨੀਵਰਸਿਟੀ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇੱਥੇ ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਇੰਦਰਾ ਗਾਂਧੀ, ਬ੍ਰਿਟੇਨ ਦੇ ਰਿਸ਼ੀ ਸੁਨਕ, ਮਾਰਗ੍ਰੇਟ ਥੈਚਰ, ਵਿੰਸਟਨ ਚਰਚਿਲ ਅਤੇ ਅਮਰੀਕਾ ਦੇ ਬਿਲ ਕਲਿੰਟਨ ਵਰਗੀਆਂ ਮਹਾਨ ਹਸਤੀਆਂ ਨੇ ਪੜ੍ਹਾਈ ਕੀਤੀ ਹੈ। ਯੂਨਾਈਟਿਡ ਕਿੰਗਡਮ ਦੀ ਅਧਿਕਾਰਤ ਕਰੰਸੀ ਪਾਊਂਡ ਸਟਰਲਿੰਗ ਹੈ। ਭਾਵੇਂ ਯੂ.ਕੇ. ਵਿੱਚ ਜ਼ਿਆਦਾਤਰ ਲੈਣ-ਦੇਣ ਡਿਜੀਟਲ ਪੇਮੈਂਟਾਂ ਜਾਂ ਕਾਰਡਾਂ ਰਾਹੀਂ ਹੁੰਦਾ ਹੈ, ਪਰ ਨਕਦ ਕਰੰਸੀ ਵਜੋਂ ਪਾਊਂਡ ਹੀ ਵਰਤਿਆ ਜਾਂਦਾ ਹੈ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ‘The UK Journey: A Dream Trip to London & Edinburgh’ ਕੇਵਲ ਲੰਡਨ ਅਤੇ ਐਡਿਨਬਰਗ ਦੀਆਂ ਸੜਕਾਂ, ਬਾਜ਼ਾਰਾਂ, ਮੌਸਮ ਜਾਂ ਇਮਾਰਤਾਂ ਦਾ ਕੋਰਾ ਵੇਰਵਾ ਨਹੀਂ ਹੈ। ਇਹ ਮਨੁੱਖੀ ਰਿਸ਼ਤਿਆਂ ਦੀ ਮਿਠਾਸ, ਆਪਣੀ ਮਿੱਟੀ ਪ੍ਰਤੀ ਅਥਾਹ ਮੋਹ, ਦੇਸ਼ ਭਗਤੀ ਦੀ ਭਾਵਨਾ ਅਤੇ ਵਿਦੇਸ਼ੀ ਸੱਭਿਆਚਾਰ ਨੂੰ ਬੜੀ ਡੂੰਘਾਈ ਨਾਲ ਦੇਖਣ-ਪਰਖਣ ਦੀ ਇੱਕ ਬਹੁਤ ਹੀ ਸਫ਼ਲ ਅਤੇ ਸਲਾਹੁਣਯੋਗ ਕੋਸ਼ਿਸ਼ ਹੈ। ਇਹ ਪੁਸਤਕ ਹਰ ਵਰਗ ਦੇ ਪਾਠਕ ਲਈ ਪੜ੍ਹਨਯੋਗ ਅਤੇ ਸੰਭਾਲਣਯੋਗ ਹੈ। ਸਾਨੂੰ ਉਮੀਦ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਅਜਿਹੇ ਅਨੁਭਵਾਂ ਰਾਹੀਂ ਸਾਹਿਤ ਜਗਤ ਦੀ ਝੋਲੀ ਹੋਰ ਅਣਮੁੱਲੇ ਮੋਤੀ ਪਾਉਂਦੇ ਰਹਿਣਗੇ। ਇਹ ਸਫਰਨਾਮਾ ਸਾਹਿਤ ਵਿੱਚ ਸਮਰੱਥ ਵਾਧਾ ਕਰਦਾ ਹੈ।
ਜਸਵਿੰਦਰ ਸਿੰਘ ਕਾਈਨੌਰ, 98888-42244