ਉਜਾਗਰ ਸਿੰਘ ਦੀ ਪੁਸਤਕ ‘ਲੋਕ ਸੰਪਰਕ ਪੰਜਾਬ ਦੇ ਹੀਰੇ’ – ਜਸਵਿੰਦਰ ਸਿੰਘ ਕਾਈਨੌਰ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 8 ਅਗਸਤ:
ਪੰਜਾਬੀ ਦੇ ਨਾਮਵਰ ਪੱਤਰਕਾਰਾਂ ਅਤੇ ਸਾਹਿਤਕਾਰਾਂ ਵਿੱਚ ਉਜਾਗਰ ਸਿੰਘ ਦਾ ਨਾਂ ਵੀ ਸ਼ੁਮਾਰ ਹੁੰਦਾ ਹੈ। ਉਨ੍ਹਾਂ ਨੇ 1974 ਵਿੱਚ ਲੋਕ ਸੰਪਰਕ ਵਿਭਾਗ, ਪੰਜਾਬ ਵਿੱਚ ਸੇਵਾ ਸ਼ੁਰੂ ਕੀਤੀ ਅਤੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਦੇ ਅਹੁਦੇ ਤੋਂ 2007 ਵਿੱਚ ਸੇਵਾ ਮੁਕਤ ਹੋਏ। ਲੇਖਕ ਉਜਾਗਰ ਸਿੰਘ ਦੀਆਂ ਪਹਿਲਾਂ ਪ੍ਰਕਾਸ਼ਿਤ ਹੋਈਆਂ 15 ਪੁਸਤਕਾਂ ਵਿੱਚੋਂ 10ਵੀਂ ਪੁਸਤਕ ‘ਲੋਕ ਸੰਪਰਕ ਪੰਜਾਬ ਦੇ 52 ਰਤਨ’ ਛਪੀ ਸੀ। ਹੁਣ ਇਸੇ ਪੁਸਤਕ ਦਾ ਦੂਜਾ ਅਡੀਸ਼ਨ ‘ਲੋਕ ਸੰਪਰਕ ਪੰਜਾਬ ਦੇ ਹੀਰੇ’ ਪ੍ਰਕਾਸ਼ਿਤ ਹੋਇਆ ਹੈ। ਇਸ ਵਿੱਚ ਪਹਿਲੇ ਐਡੀਸ਼ਨ ਦੇ 52 ਸ਼ਖ਼ਸੀਅਤਾਂ ਦੇ ਨਾਲ 19 ਹੋਰ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਸ਼ਾਮਲ ਕੀਤੀ ਗਈ ਹੈ, ਜਿਸ ਨਾਲ ਹੁਣ ਹੀਰਿਆਂ ਦੀ ਗਿਣਤੀ 71 ਹੋ ਗਈ ਹੈ। ਲੇਖਕ ਨੇ ਲੋਕ ਸੰਪਰਕ ਵਿਭਾਗ ਵਿੱਚ 33 ਸਾਲ ਸੇਵਾ ਕੀਤੀ ਹੈ। ਇਸ ਪੁਸਤਕ ਵਿਚ ਲੇਖਕ ਨੇ ਅਪਣੇ ਵਿਭਾਗ ਦੇ ਇਤਿਹਾਸ ਅਤੇ ਵਿਭਾਗ ਦੇ ਹੀਰਿਆਂ ਦੀ ਜਿਨ੍ਹਾਂ ਨੇ ਨਾ ਸਿਰਫ਼ ਸਰਕਾਰੀ ਡਿਊਟੀ ਨਿਭਾਈ, ਸਗੋਂ ਪੱਤਰਕਾਰੀ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਨਾਮਣਾ ਖੱਟਿਆ। ਉਨ੍ਹਾਂ ਦੀਆਂ ਜੀਵਨੀਆਂ ਅਤੇ ਕਾਰਜਾਂ ਬਾਰੇ ਵਿਸਥਾਰਪੂਰਵਕ ਵੇਰਵਾ ਬੜੀ ਸ਼ਰਧਾ ਅਤੇ ਮਿਹਨਤ ਨਾਲ ਸ਼ਬਦਾਂ ਵਿੱਚ ਪਰੋਇਆ ਹੈ।
ਇਹ ਪੁਸਤਕ ਸਿਰਫ਼ ਜੀਵਨੀ-ਸੰਗ੍ਰਹਿ ਨਹੀਂ ਹੈ, ਸਗੋਂ ਇਹ ਪੰਜਾਬੀ ਪੱਤਰਕਾਰੀ ਦੇ ਵਿਕਾਸ ਦਾ ਇੱਕ ਅਹਿਮ ਹਿੱਸਾ ਹੈ। ਲੇਖਕ ਨੇ ਲਿਖਿਆ ਹੈ ਕਿ ਲੋਕ ਸੰਪਰਕ ਅਧਿਕਾਰੀ ਸਰਕਾਰ ਅਤੇ ਜਨਤਾ ਦੇ ਵਿਚਕਾਰ ਇੱਕ ਮਜ਼ਬੂਤ ਕੜੀ ਹੁੰਦੇ ਹਨ। ਇਸ ਪੁਸਤਕ ਰਾਹੀਂ ਪਾਠਕਾਂ ਨੂੰ ਇਹ ਸਮਝ ਲੱਗਦੀ ਹੈ ਕਿ ਕਿਵੇਂ ਇਨ੍ਹਾਂ ਅਧਿਕਾਰੀਆਂ ਨੇ ਮੁਸ਼ਕਲ ਸਮਿਆਂ ਵਿੱਚ ਵੀ ਪੰਜਾਬ ਦੇ ਅਕਸ ਨੂੰ ਉਸਾਰੂ ਰੱਖਣ ਵਿੱਚ ਭੂਮਿਕਾ ਨਿਭਾਈ। ਉਜਾਗਰ ਸਿੰਘ ਦੀ ਭਾਸ਼ਾ ਸਰਲ, ਸਪੱਸ਼ਟ ਅਤੇ ਭਾਵੁਕਤਾ ਨਾਲ ਭਰੀ ਹੋਈ ਹੈ। ਉਨ੍ਹਾਂ ਨੇ ਹਰੇਕ ਸ਼ਖ਼ਸੀਅਤ ਦੇ ਨਿੱਜੀ ਗੁਣਾਂ ਜਿਵੇਂ ਨਿਮਰਤਾ, ਦ੍ਰਿੜ੍ਹਤਾ ਅਤੇ ਲਗਨ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਪਰੋਇਆ ਹੈ। ਲੇਖਕ ਦਾ ਵਿਭਾਗ ਨਾਲ ਸਬੰਧ ਰਹਿਣ ਕਰਕੇ ਉਨ੍ਹਾਂ ਦੀ ਲਿਖਤ ਵਿੱਚ ਪ੍ਰਮਾਣਿਕਤਾ ਅਤੇ ਡੂੰਘਾਈ ਨਜ਼ਰ ਆਉਂਦੀ ਹੈ। ਪੁਸਤਕ ਦਾ ਦੂਜਾ ਐਡੀਸ਼ਨ ਛਪਣਾ ਇਸ ਦੀ ਲੋਕਪ੍ਰਿਯਤਾ ਦਾ ਸਬੂਤ ਹੈ। ਇਸ ਵਿਭਾਗ ਨੇ ਬਹੁਤ ਸਾਰੇ ਅਪਣੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਤਰਾਸ਼ ਕੇ ਹੀਰੇ ਬਣਨ ਦੇ ਕਾਬਿਲ ਬਣਾਇਆ ਹੈ।
ਪੁਸਤਕ ’ਚ ਸ਼ਾਮਿਲ ਹਰੇਕ ਵਿਭਾਗੀ ਹੀਰੇ ਦੀ ਕਲਾਕਾਰੀ ਕਮਾਲ ਹੈ, ਜਿਵੇਂ ਕੋਈ ਸਿਰਕੱਢ ਪੱਤਰਕਾਰ, ਸਾਹਿਤਕਾਰ, ਗਾਇਕ, ਗ਼ਜ਼ਲਗੋ, ਸਰਬਾਂਗੀ ਲੇਖਕ, ਵਿਅੰਗਕਾਰ, ਖਿਡਾਰੀ, ਅਲਗੋਜ਼ਾ ਤੇ ਬੰਸਰੀ ਵਾਦਕ, ਰੰਗਮੰਚ ਕਲਾਕਾਰ, ਪ੍ਰਸ਼ਾਸ਼ਨਿਕ ਪ੍ਰਣਾਲੀ ਮਾਹਿਰ ਅਤੇ ਪੰਜਾਬੀ ਫਿਲਮਾਂ ਦਾ ਬਾਦਸ਼ਾਹ ਆਦਿ ਨਾਲ ਸਬੰਧ ਰਿਹਾ ਹੈ। ਇਸ ਪੁਸਤਕ ’ਚ ਸ਼ਾਮਿਲ 71 ਹੀਰਿਆਂ ਦੇ ਨਾਂਅ ਇਸ ਪ੍ਰਕਾਰ ਹਨ। ਓ.ਪੀ. ਰਤਨ, ਡਾ. ਓਪਿੰਦਰ ਸਿੰਘ ਲਾਂਬਾ, ਉਮਾ ਸ਼ਰਮਾ (ਡਾ.), ਉਂਕਾਰ ਚੰਦ ਸ਼ਰਮਾ, ਅਜੀਤ ਕੰਵਲ ਸਿੰਘ ਹਮਦਰਦ (ਡਾ.), ਅਤਰ ਸਿੰਘ, ਅਮਰਜੀਤ ਸਿੰਘ ਵੜੈਚ, ਅਮਨਦੀਪ ਸਿੰਘ ਪੰਜਾਬੀ, ਐਸ.ਬੀ.ਦੁਰਗਾ (ਸ਼ਮਸ਼ੇਰ ਬਹਾਦਰ ਦੁਰਗਾ), ਸਰਬਜੀਤ ਸਿੰਘ ਕੰਗਣੀਵਾਲ, ਸੁਖਪਾਲਵੀਰ ਸਿੰਘ ਹਸਰਤ, ਸੇਨੂੰ ਦੁੱਗਲ (ਡਾ.), ਸਿਰੀ ਰਾਮ ਅਰਸ਼, ਸੰਜੀਵ ਤਿਵਾੜੀ, ਸੁਰਿੰਦਰ ਸਿੰਘ ਮਾਹੀ, ਸੁਰਜੀਤ ਸਿੰਘ ਦੁਖੀ, ਸੁਖਦੇਵ ਸਿੰਘ ਰੰਧਾਵਾ, ਸੁਰਿੰਦਰ ਮੋਹਨ ਸਿੰਘ, ਸੁਲਤਾਨਾ ਬੇਗ਼ਮ, ਹਰਚਰਨ ਗਰੇਵਾਲ, ਹਰਬੰਸ ਸਿੰਘ ਤਸੱਵਰ (ਡਾ.), ਹਰਜੀਤ ਸਿੰਘ ਗਰੇਵਾਲ, ਕੁਲਵੰਤ ਸਿੰਘ ਵਿਰਕ, ਕਰਨੈਲ ਸਿੰਘ ਗਿੱਲ, ਕ੍ਰਿਸ਼ਨ ਲਾਲ ਰੱਤੂ, ਕੁਲਜੀਤ ਸਿੰਘ, ਗੁਰਦੇਵ ਸਿੰਘ ਮਾਨ, ਗੁਰਨਾਮ ਸਿੰਘ ਤੀਰ (ਡਾ.), ਗੁਰਜੀਵਨ ਸਿੰਘ ਸਿੱਧੂ (ਕੈਪ.), ਗੁਰਮੇਲ ਸਿੰਘ ਸਿੱਧੂ (ਸਿੱਧੂ ਦਮਦਮੀ), ਗੁਰਦੀਪ ਸਿੰਘ ਮਾਨ, ਗੁਰਮੇਲ ਸਿੰਘ ਮੁੰਡੀ, ਗੁਰਦਾਸ ਸਿੰਘ, ਗੁਰਿੰਦਰ ਸਿੰਘ ਸੋਢੀ, ਗਿਆਨ ਸਿੰਘ ਖੀਵਾ, ਜੀ. ਆਰ. ਕੁਮਰਾ, ਚਰਨ ਸਿੰਘ ਸਿੰਧਰਾ, ਜਰਨੈਲ ਸਿੰਘ, ਜਗਮੋਹਨ ਸਿੰਘ ਬਰਾੜ, ਜਗਮੋਹਨ ਭਨੋਟ, ਜੋ ਕ੍ਰਿਸ਼ਨ ਕਸ਼ਿਯਪ, ਤਰਲੋਚਨ ਸਿੰਘ, ਦੀਦਾਰ ਸੰਧੂ, ਨਵਦੀਪ ਸਿੰਘ ਗਿੱਲ, ਨਵਲ ਕਿਸ਼ੋਰ, ਨਰਾਤਾ ਸਿੰਘ ਸਿੱਧੂ, ਨਿਰੰਜਨ ਸਿੰਘ ਮਿੱਠਾ, ਪਾਲ ਸਿੰਘ, ਪਾਲੀ ਦੇਤਵਾਲੀਆ (ਪ੍ਰਿਤਪਾਲ ਸਿੰਘ), ਪ੍ਰਭਜੋਤ ਸਿੰਘ ਨੱਥੋਵਾਲ, ਪਿਆਰਾ ਸਿੰਘ ਭੂਪਾਲ, ਪ੍ਰੇਮ ਵਿਜ, ਫ਼ੂਲ ਚੰਦ ਮਾਨਵ, ਭਾਗ ਸਿੰਘ, ਭਰਤ ਇੰਦਰ ਸਿੰਘ ਚਾਹਲ, ਭੁਪੇਸ਼ ਚੱਠਾ, ਭੁਪਿੰਦਰ ਸਿੰਘ ਬਰਾੜ, ਮਨਵਿੰਦਰ ਸਿੰਘ, ਮੇਘਾ ਸਿੰਘ (ਡਾ.), ਮੇਘਾ ਮਾਨ, ਮੁਹੰਮਦ ਸਦੀਕ, ਰਣਦੀਪ ਸਿੰਘ ਆਹਲੂਵਾਲੀਆ, ਰਾਜਿੰਦਰ ਭੋਗਲ. ਰਿਪੁਦਮਨ ਸ਼ਰਮਾ, ਆਰ. ਸੀ. ਬਾਲੀ (ਰਤਨ ਚੰਦ ਬਾਲੀ), ਰਾਜਿੰਦਰ ਕੁਮਾਰ ਸੈਣੀ, ਵਰਿਆਮ ਸਿੰਘ ਢੋਟੀਆਂ, ਵਰਿੰਦਰ ਸਿੰਘ ਵਾਲੀਆ, ਵਰਿਆਮ ਮਸਤ, ਪੰਡਿਤ ਜੱਗੀ (ਵੇਦ ਪ੍ਰਕਾਸ਼ ਜੱਗੀ) ਅਤੇ ਉਜਾਗਰ ਸਿੰਘ। ਇਹ ਪੁਸਤਕ ਉਨ੍ਹਾਂ ਨੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਇਮਾਨਦਾਰ ਅਤੇ ਮਿਹਨਤੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ, ਜਿਨ੍ਹਾਂ ਨੇ ਵਿਭਾਗ ਦਾ ਨਾਂ ਰੌਸ਼ਨ ਕੀਤਾ ਹੈ ਤੇ ਕਰ ਰਹੇ ਹਨ, ਨੂੰ ਸਮਰਪਣ ਕੀਤੀ ਹੈ। ਲੋਕ ਸੰਪਰਕ ਪੰਜਾਬ ਦੇ ਹੀਰੇ ਪੱਤਰਕਾਰੀ ਦੇ ਵਿਦਿਆਰਥੀਆਂ, ਮੌਜੂਦਾ ਲੋਕ ਸੰਪਰਕ ਅਧਿਕਾਰੀਆਂ ਅਤੇ ਪੰਜਾਬ ਦੇ ਪ੍ਰਬੰਧਕੀ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਇੱਕ ਲਾਹੇਵੰਦ ਸਰੋਤ ਹੈ। ਇਸ ਪੁਸਤਕ ਨੂੰ ਪੰਜਾਬੀ ਯੂਨੀਵਰਸਿਟੀ ਦੇ ਖੋਜੀ ਵਿਦਿਆਰਥੀਆਂ ਵੱਲੋਂ ਰੈਫਰੈਂਸ ਪੁਸਤਕ ਦੇ ਤੌਰ ’ਤੇ ਵਰਤਿਆ ਜਾ ਰਿਹਾ ਹੈ। ਇਹ ਪੁਸਤਕ ਸਿਖਾਉਂਦੀ ਹੈ ਕਿ ਪੇਸ਼ੇਵਰ ਕੰਮ ਦੇ ਨਾਲ-ਨਾਲ ਮਾਨਵੀ ਕਦਰਾਂ-ਕੀਮਤਾਂ ਅਤੇ ਸਾਹਿਤਕ ਰੁਚੀਆਂ ਨੂੰ ਕਿਵੇਂ ਜਿਉਂਦਾ ਰੱਖਿਆ ਜਾ ਸਕਦਾ ਹੈ।
ਲੋਕ ਸੰਪਰਕ ਪੰਜਾਬ ਦੇ ਹੀਰੇ/ ਲੇਖਕ: ਉਜਾਗਰ ਸਿੰਘ/ ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ/ ਮੁੱਲ : 250 ਰੁਪਏ, ਸਫ਼ੇ : 195/ ਸੰਪਰਕ: 94178-13072
ਜਸਵਿੰਦਰ ਸਿੰਘ ਕਾਈਨੌਰ,
ਮੇਬਾਈਲ 98888-42244