ਫਿਲਮ ਤੇ ਟੈਲੀਵਿਜ਼ਨ ਅਦਾਕਾਰਾ ਸਤਵੰਤ ਕੌਰ ਹੋਏ ਦਰਸ਼ਕਾਂ ਦੇ ਰੂਬਰੂ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 23 ਸਤੰਬਰ:
ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਸਤੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਵਿੱਚ ਫਿਲਮ ਤੇ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਸਤਵੰਤ ਕੌਰ ਦਰਸ਼ਕਾਂ ਦੇ ਰੂਬਰੂ ਹੋਏ। ਅਦਾਕਾਰਾ ਨੇ ਆਪਣੇ ਜਨਮ, ਸਕੂਲੀ ਸਫ਼ਰ ਅਤੇ ਕਲਾ ਜਗਤ ਵਿਚ ਜਗ੍ਹਾ ਬਨਾਉਣ ਦਾ ਵਿਸਥਾਰ, ਦਰਸ਼ਕਾਂ ਨਾਲ ਭਾਵਪੂਰਤ ਤਰੀਕੇ ਨਾਲ ਸਾਂਝਾ ਕੀਤਾ। ਅਦਾਕਾਰਾ ਦੀ ਖੂਬਸੂਰਤੀ ਅਤੇ ਆਵਾਜ਼ ਨੇ ਜਾਦੂ ਦਾ ਅਸਰ ਕੀਤਾ। ਸਰੋਤਿਆਂ ਵੱਲੋਂ ਕੀਤੇ ਸਵਾਲਾਂ ਦਾ ਜਵਾਬ ਅਦਾਕਾਰਾ ਨੇ ਬੇਬਾਕੀ ਨਾਲ ਦਿੱਤਾ। ਸਭਾ ਦੀ ਇਸ ਨਵੀਂ ਸ਼ੁਰੂਆਤ ਨੂੰ ਸਭ ਨੇ ਸਲਾਹਿਆ। ਜਿਨ੍ਹਾਂ ਹਸਤੀਆਂ ਨੂੰ ਅਸੀਂ ਰੋਜ਼ਾਨਾ ਫਿਲਮੀ ਪਰਦੇ ’ਤੇ ਦੇਖਦੇ ਹਾਂ, ਉਨ੍ਹਾਂ ਨੂੰ ਸਾਹਮਣੇ ਦੇਖਣ ਦਾ ਅਨੁਭਵ ਬਹੁਤ ਨਿਵੇਕਲਾ ਸੀ। ਸਭਾ ਦੇ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ ਨੇ ਇਸ ਨਵੀਂ ਸ਼ੁਰੂਆਤ ਨੂੰ ਬਹੁਤ ਸਲਾਹਿਆ ਅਤੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।

ਅਗਲੇ ਦੌਰ ਵਿਚ ਡਾ. ਸਵੈਰਾਜ ਸੰਧੂ ਨੇ ਨਵੀਂ ਕਹਾਣੀ “ਜਦੋਂ ਪੱਥਰ ਪਿੱਘਲ਼ੇ” ਸੁਣਾਈ। ਕਹਾਣੀ ਵਿਚ ਇੱਕ ਨਿੱਕੇ ਪਰਿਵਾਰ ਦਾ ਜ਼ਿਕਰ ਸੀ, ਜੋ ਸੁੱਖ-ਸਾਂਦ ਨਾਲ ਵੱਸਦਾ-ਰਸਦਾ ਹੈ। ਪਰਿਵਾਰ ਵਿਚ ਦੋ ਧੀਆਂ ਤੇ ਇੱਕ ਵੱਡਾ ਮੁੰਡਾ ਹੈ। ਇਕ ਦਿਨ ਅੱਧੀ ਰਾਤ ਨੂੰ ਆਏ ਭੂਚਾਲ਼ ਨਾਲ ਸਾਰਾ ਪਰਿਵਾਰ ਮਾਰਿਆ ਜਾਂਦਾ ਹੈ, ਕੇਵਲ ਮੁੰਡਾ ਹੀ ਬਚਦਾ ਹੈ। ਤਿੰਨ ਦਿਨਾਂ ਬਾਅਦ ਉਨ੍ਹਾਂ ਦੀ ਦੌੜ ਚੁੱਕੀ ਗਾਂ, ਅਚਾਨਕ ਕਿੱਲੇ ’ਤੇ ਆਣ ਖੜਦੀ ਹੈ। ਪੱਥਰ ਹੋਇਆ ਮੁੰਡਾ ਗਾਂ ਦੇ ਗਲ਼ ਲੱਗ ਕੇ ਧਾਂਹਾਂ ਮਾਰਕੇ ਰੋਂਦਾ ਹੈ। ਇਸ ਕਹਾਣੀ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸੇ ਤਰ੍ਹਾਂ ਤੀਜੇ ਦੌਰ ਵਿਚ ਕਵੀ ਦਰਬਾਰ ਹੋਇਆ, ਜਿਸ ਵਿਚ ਹਾਜ਼ਰ ਕਵੀਆਂ ਡਾ.ਪੰਨਾ ਲਾਲ ਮੁਸਤਫ਼ਾਬਾਦੀ, ਭੁਪਿੰਦਰ ਸਿੰਘ ਮਟੌਰਵਾਲਾ, ਹਰਿੰਦਰ ਹਰ, ਬਲਵਿੰਦਰ ਸਿੰਘ ਢਿੱਲੋਂ, ਸਵਰਨਜੀਤ ਸਿੰਘ, ਮਹਿੰਦਰ ਸਿੰਘ ਗੋਸਲ, ਸਰਬਜੀਤ ਸਿੰਘ ਪੱਡਾ,, ਗੁਰਮੇਲ ਸਿੰਘ ਮੌਜੇਵਾਲ, ਦਰਸ਼ਨ ਤਿਉਣਾ, ਇੰਦਰਜੀਤ ਸਿੰਘ ਜਾਵਾ, ਡਾ. ਨਿਰਮਲ ਸਿੰਘ ਬਾਸੀ ਨੇ ਆਪਣੀਆਂ ਰਚਨਾਵਾਂ ਸੁਣਾਕੇ ਸਾਰੇ ਆਏ ਹੋਏ ਸਰੋਤਿਆਂ ਦਾ ਮਨੋਰੰਜਨ ਕੀਤਾ। ਆਖਿਰ ਵਿੱਚ ਸਭਾ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।
