ਪਿਆਰਾ ਸਿੰਘ ਰਾਹੀ ਦੇ ਗ਼ਜ਼ਲ ਸੰਗ੍ਰਹਿ ‘ਚੀਸ’ ਦਾ ਲੋਕ ਅਰਪਣ ਅੱਜ – ਜਸਵਿੰਦਰ ਸਿੰਘ ਕਾਈਨੌਰ

ਖਰੜ (ਸਹਿਜਧਾਰਾ ਬਿਊਰੋ), 24 ਸਤੰਬਰ:
ਪਿਆਰਾ ਸਿੰਘ ਰਾਹੀ ਪਿਛਲੇ ਲੰਮੇ ਅਰਸੇ ਤੋਂ ਗ਼ਜ਼ਲ ਲਿਖਣ ਵੱਲ ਅਗਰਸਰ ਹੈ। ਉਸ ਦੀ ਗ਼ਜ਼ਲ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ। ਲੇਖਕ ਵਜੋਂ ਸਥਾਪਤ ਹੋਣ ਤੋਂ ਪਹਿਲਾਂ ਉਹ ਭੰਗੜਾ ਕਲਾਕਾਰ, ਇੱਕ ਨਿਪੁੰਨ ਸਟੇਜ ਸੰਚਾਲਕ ਤੇ ਹੋਰ ਖੇਤਰਾਂ ਵਿੱਚੋਂ ਲੰਘਦਿਆਂ ਜ਼ਿੰਦਗੀ ਦੀਆਂ ਦੁਸ਼ਵਾਰੀਆਂ, ਮੁਸੀਬਤਾਂ, ਮੁਸ਼ਕਲਾਂ ਤੇ ਖੁਸ਼ੀਆਂ-ਖੇੜਿਆਂ ਨਾਲ਼ ਵਾਹ-ਵਾਸਤਾ ਰੱਖਦਿਆਂ ਸਮਾਜ ਦੇ ਕਈ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ। ‘ਚੀਸ’ ਆਪਣੇ ਆਪ ਵਿੱਚ ਹੀ ਹਿਲਾ ਦੇਣ ਵਾਲ਼ਾ ਸ਼ਬਦ ਹੈ। ਰਾਹੀ ਇਸ ‘ਚੀਸ’ ਨੂੰ ਆਪਣੇ ਸ਼ਬਦਾਂ ਵਿੱਚ ਪਰੋਅ ਕੇ ਸਹਾਰਦਾ ਹੈ। ਉਹ ਚੀਸ, ਜੋ ਬੰਦੇ ਨੂੰ ਹੌਲ਼ੀ ਹੌਲ਼ੀ ਅੰਦਰੇ ਅੰਦਰ ਜ਼ਿਬਾਹ ਕਰਦੀ ਚਲੇ ਜਾਂਦੀ ਹੈ। ਉਹ ਇਸ ਚੀਸ ਨੂੰ ਹੰਢਾਉਂਦਾ ਹੈ। ਸ਼ਾਇਦ ਇਸ ਲਈ ਕਿਸੇ ਸਿਆਣੇ ਨੇ ਮੁਹਾਵਰਿਆਂ ਵਿੱਚ ਕਿਹਾ ਹੈ ਕਿਹਾ ਹੈ, ‘ਜਿਸ ਦੇ ਪੈਰ ਨਾ ਫਟੀ ਬਿਆਈ/ ਉਹ ਕੀ ਜਾਣੇ ਪੀੜ ਪਰਾਈ।’
ਸਾਹਿਤਕ ਸੱਥ ਦਾ ਜਨਰਲ ਸਕੱਤਰ ਹੁੰਦਿਆਂ ਉਹ ਬਹੁਤ ਸਾਰੇ ਲੇਖਕਾਂ ਨੂੰ ਆਪਣੀਆਂ ਆਪਣੀਆਂ ‘ਚੀਸਾਂ’ ਸ਼ਬਦ ਵਿੱਚ ਢਾਲ਼ ਕੇ ਇਸ ਮੰਚ ਤੋਂ ਉਨ੍ਹਾਂ ਨੂੰ ਚੀਸ ਮੁਕਤ ਹੋਣ ਲਈ ਮੌਕਾ ਪ੍ਰਦਾਨ ਕਰਦਾ ਰਹਿੰਦਾ ਹੈ। ਮੁਹੱਬਤ ਤੇ ਚੀਸ ਭਰੀ ਗ਼ਜ਼ਲ ਦੇ ਕਲ ਕਲ ਵਹਿੰਦੇ ਦਰਿਆ ਪਿਆਰਾ ਸਿੰਘ ਰਾਹੀ ਦੇ ਕੁਝ ਸ਼ੇਅਰ ਦੇਖੋ; ਸੁਪਨੇ, ਚਾਅ, ਇੱਛਾਵਾਂ ਖੋਹਣ ਨੂੰ ਫਿਰਦੇ ਨੇ/ ਰੁੱਖਾਂ ਕੋਲ਼ੋਂ ਛਾਵਾਂ ਖੋਹਣ ਨੂੰ ਫਿਰਦੇ ਨੇ। ਸਾਡੀ ਸੁੱਕੀ ਰੋਟੀ ਦੀ ਮਸ਼ਹੂਰੀ ਹੈ/ ਓਹਦੀ ਥਾਲ਼ੀ ਦੇ ਵਿੱਚ ਚਿਕਨ ਤੰਦੂਰੀ ਹੈ/ ਰਾਹੀ ਪੱਲੇ ਪੀੜ੍ਹਾਂ ਬੰਨ੍ਹੀ ਫਿਰਦਾ ਹੈ/ ਲੋਕੀ ਆਖਣ ਹੀਰ ਕਿਸੇ ਦੀ ਚੂਰੀ ਹੈ। ਇੱਕ ਹੋਰ ਸ਼ੇਅਰ ਦੇਖੋ; ਲਾਲੋ ਜਿੱਥੇ ਹੱਕ ਹਲਾਲ ਦੀ ਖਾਂਦਾ ਹੈ/ ਨਾਨਕ ਵੀ ਆ ਛਕਦਾ ਹੁਣ ਘਰ ਲਾਲੋ ਦੇ। ਘਰ ਦੇ ਵਿੱਚ ਹੈ ਕੂੜਾ ਬਹੁਕਰ ਮਾਰ ਕੁੜੇ/ ਅੰਦਰ ਮੈਲ਼ਾ ਹੋਵੇ ਨਈਂ ਸਤਿਕਾਰ ਕੁੜੇ।

ਸਾਹਿਤਕ ਸੱਥ ਖਰੜ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਸਹਿਜਧਾਰਾ ਡਾਟ ਇਨ ਨੂੰ ਜਾਣਕਾਰੀ ਦਿੱਤੀ ਹੈ ਕਿ ਪਿਆਰਾ ਸਿੰਘ ਰਾਹੀ ਦਾ ਤਾਜ਼ਾ ਗ਼ਜ਼ਲ ਸੰਗ੍ਰਹਿ ‘ਚੀਸ’ ਮਿਤੀ 28.9.2026 (ਸੋਮਵਾਰ) ਨੂੰ ਠੀਕ ਸਵੇਰੇ 10.00 ਵਜੇ ਜੋਤੀ ਸਰੂਪ ਕੰਨਿਆ ਆਸਰਾ (ਰਜਿ.), ਬਡਾਲਾ ਰੋਡ, ਖਰੜ ਵਿਖੇ ਲੋਕ ਅਰਪਣ ਕੀਤਾ ਜਾ ਰਿਹਾ ਹੈ। ਪੰਜਾਬੀ ਦੇ ਨਾਮਵਰ ਲੇਖਕ, ਅਲੋਚਕ ਤੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਇਸ ਸਮਾਗਮ ਦੇ ਮੁੱਖ ਮਹਿਮਾਨ, ਜਦਕਿ ਡਾ. ਹਰਮਿੰਦਰ ਸਿੰਘ, ਸੰਸਥਾਪਕ, ਜੋਤੀ ਸਰੂਪ ਕੰਨਿਆ ਆਸਰਾ (ਰਜਿ.) ਵਿਸ਼ੇਸ਼ ਮਹਿਮਾਨ ਹੋਣਗੇ। ਇਸੇ ਤਰ੍ਹਾਂ ਜਸਵਿੰਦਰ ਸਿੰਘ ਕਾਈਨੌਰ ਪੁਸਤਕ ‘ਤੇ ਪੇਪਰ ਪੜ੍ਹਨਗੇ। ਪ੍ਰਸਿੱਧ ਗਾਇਕ ਕਲਾਕਾਰ ਗੁਰਵਿੰਦਰ ਗੁਰੀ ਤੇ ਕ੍ਰਿਸ਼ਨ ਰਾਹੀ ਗ਼ਜ਼ਲ ਗਾਇਨ ਕਰਨਗੇ। ਇਸ ਮੌਕੇ ਹਾਜ਼ਰ ਸ਼ਾਇਰਾਂ ਦੀਆਂ ਰਚਨਾਵਾਂ ਦਾ ਅਨੰਦ ਵੀ ਮਾਣਿਆ ਜਾਵੇਗਾ। ਉਨ੍ਹਾਂ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸਮੇਂ-ਸਿਰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।
ਜਸਵਿੰਦਰ ਸਿੰਘ ਕਾਈਨੌਰ – 98888 4224
