ਪ੍ਰਿੰ. ਬਹਾਦਰ ਸਿੰਘ ਗੋਸਲ ‘ਸੰਤ ਵਿਨੋਬਾ ਭਾਵੇ’ ਅਵਾਰਡ ਨਾਲ ਸਨਮਾਨਿਤ
125 ਕਿਤਾਬਾਂ ਦੇ ਲੇਖਕ ਹਨ ਪ੍ਰਿੰ. ਬਹਾਦਰ ਸਿੰਘ ਗੋਸਲ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 07 ਸਤੰਬਰ:
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਸਾਹਿਤ ਅਤੇ ਸਮਾਜ ਸੇਵਾ ਵਿੱਚ ਵੱਡਾ ਯੋਗਦਾਨ ਪਾਉਣ ਲਈ ਸੈਕਟਰ-43 ਚੰਡੀਗੜ੍ਹ ਵਿਖੇ ਨਾਮੀ ਸੰਸਥਾ ਅਚਾਰੀਆ ਕੁਲ ਚੰਡੀਗੜ੍ਹ ਵਲੋਂ ‘ਸੰਤ ਵਿਨੋਬਾ ਭਾਵੇ’ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੰਸਥਾ ਵੱਲੋਂ ਉਨ੍ਹਾਂ ਨੂੰ ਇਹ ਅਵਾਰਡ 125 ਕਿਤਾਬਾਂ ਦਾ ਲੇਖਕ ਹੋਣ ਵਜੋਂ ਦਿੱਤਾ ਗਿਆ ਹੈ, ਜਿਸ ਵਿੱਚ ਵਿਸ਼ੇਸ਼ ਸਨਮਾਨ ਚਿੰਨ੍ਹ ਤੇ ਸ਼ਾਲ ਸ਼ਾਮਿਲ ਸੀ। ਨਾਲ਼ ਹੀ ਇਸ ਮੌਕੇ ਸੰਸਥਾ ਦੀ ਪ੍ਰੈੱਸ ਸਕੱਤਰ ਬਲਜਿੰਦਰ ਸ਼ੇਰਗਿੱਲ ਅਤੇ ਚੰਡੀਗੜ੍ਹ ਦੇ ਆਸ-ਪਾਸ ਦੇ ਪ੍ਰਸਿੱਧ ਪੱਤਰਕਾਰਾਂ ਤੇ ਸਾਹਿਤਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਪ੍ਰਿੰ. ਗੋਸਲ ਨੂੰ ਸਨਮਾਨਿਤ ਕਰਨ ਦੀ ਰਸਮ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ, ਕੇ.ਕੇ. ਸਾਰਦਾ, ਪ੍ਰੇਮ ਵਿਜ ਅਤੇ ਪ੍ਰੇਮ ਲਤਾ ਵਲੋਂ ਕੀਤੀ ਗਈ।

ਇਸ ਮੌਕੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਵਾਈਸ ਚੇਅਰਮੈਨ ਅਨੀਸ਼ ਕੁਮਾਰ ਗਰਗ ਸਾਬਕਾ, ਸਕੱਤਰ ਸੁਭਾਸ਼ ਭਾਸਕਰ, ਸੇਵਾ-ਮੁਕਤ ਡਿਪਟੀ ਸੈਕਟਰੀ ਪੰਜਾਬ ਸਰਕਾਰ ਰਾਜ ਕੁਮਾਰ ਸਾਹੋਵਾਲੀਆ, ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਕਾਰਜਕਾਰੀ ਜਨਰਲ ਸਕੱਤਰ ਬਲਵਿੰਦਰ ਸਿੰਘ, ਧਿਆਨ ਸਿੰਘ ਕਾਹਲ਼ੋਂ, ਉੱਘੇ ਲੇਖਕ ਗੁਰਦਰਸ਼ਨ ਸਿੰਘ ਮਾਵੀ ਅਤੇ ਹੋਰ ਸਾਹਿਤਕਾਰਾਂ ਵੱਲੋਂ ਪ੍ਰਿੰ. ਗੋਸਲ ਨੂੰ ਵਧਾਈ ਦਿੱਤੀ ਗਈ।