ਚੰਡੀਗੜ੍ਹ ਤੇ ਮੋਹਾਲ਼ੀ ਮੁਲਾਜ਼ਮ ਮੁਕੰਮਲ ਕੰਮ ਬੰਦ ਅਤੇ ਭੁੱਖ ਹੜਤਾਲ਼ ਕਰਨਗੇ 08 ਸਤੰਬਰ ਨੂੰ

18% ਡੀ.ਏ. ਦੇ ਬਕਾਏ ਸਬੰਧੀ ਸੋਮ ਦੱਤ ਡੈਡ ਬਨਾਮ ਵਧੀਕ ਮੁੱਖ ਸਕੱਤਰ ਵਿੱਤ ਕੇਸ ਦੀ ਅਗਲੀ ਸੁਣਵਾਈ 10 ਸਤੰਬਰ ਨੂੰ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 07 ਸਤੰਬਰ:
ਪੰਜਾਬ ਸਿਵਲ ਸਕੱਤਰੇਤ, ਐੱਫ.ਸੀ.ਆਰ. (FCR), ਸਮੂਹ ਡਾਇਰੈਕਟੋਰੇਟ ਅਤੇ ਮੋਹਾਲੀ ਦੇ ਸਮੂਹ ਸਰਕਾਰੀ ਦਫ਼ਤਰਾਂ ਦੀਆਂ ਜਥੇਬੰਦੀਆਂ, ਐਸੋਸੀਏਸ਼ਨ ਦੇ ਆਗੂਆਂ ਦੀ ਸਾਂਝੀ ਮੀਟਿੰਗ ਵਾਈ.ਪੀ.ਐੱਸ. ਚੌਂਕ, ਮੋਹਾਲ਼ੀ ਵਿਖੇ ਹੋਈ। ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਪੰਜਾਬ ਮੁਲਾਜ਼ਮ-ਪੈਨਸ਼ਨਰ ਸਾਂਝਾ ਫ਼ਰੰਟ ਦੀ ਅਗਵਾਈ ਹੇਠ ਭਰਾਤਰੀ ਜਥੇਬੰਦੀਆਂ ਨਾਲ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ 08 ਸਤੰਬਰ 2026 ਨੂੰ ਮੁਕੰਮਲ ਕੰਮ ਬੰਦ ਅਤੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਜਾਵੇਗੀ। ਆਗੂਆਂ ਵੱਲੋਂ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ-ਆਪਣੇ ਦਫ਼ਤਰਾਂ ਵਿੱਚ ਹਾਜ਼ਰ ਹੋ ਕੇ ਮੁਕੰਮਲ ਕੰਮ ਬੰਦ ਕਰਨ ਅਤੇ ਜਥੇਬੰਦੀ ਦੇ 1–2 ਨੁਮਾਇੰਦਿਆਂ ਨਾਲ ਪ੍ਰਤੀਕਾਤਮਕ ਇੱਕ ਦਿਨ ਦੀ ਭੁੱਖ ਹੜਤਾਲ ਵਿੱਚ ਲਾਜ਼ਮੀ ਸ਼ਾਮਲ ਹੋਣ। ਭੁੱਖ ਹੜਤਾਲ ਦੌਰਾਨ ਸਮੂਹ ਮੁਲਾਜ਼ਮ ਕਾਲੇ ਕੱਪੜੇ ਜਾਂ ਕਾਲੇ ਬਿੱਲੇ ਲਗਾ ਕੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਸ਼ਾਂਤਮਈ ਅਤੇ ਅਨੁਸ਼ਾਸਿਤ ਢੰਗ ਨਾਲ ਰੋਸ ਪ੍ਰਗਟ ਕਰਨਗੇ। ਇਸ ਐਕਸ਼ਨ ਨੂੰ ਸਫ਼ਲ ਬਣਾਉਣ ਲਈ ਮੰਚ ਨਾਲ ਜੁੜੇ ਰਿਟਾਇਰਡ ਸਾਥੀਆਂ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ, ਜੋ ਵੱਖ-ਵੱਖ ਦਫ਼ਤਰਾਂ ਦਾ ਦੌਰਾ ਕਰਕੇ ਐਕਸ਼ਨ ਦੀ ਸਮੀਖਿਆ ਕਰੇਗੀ, ਮੁਲਾਜ਼ਮਾਂ ਦਾ ਹੌਸਲਾ ਵਧਾਏਗੀ ਅਤੇ ਐਕਸ਼ਨ ਨੂੰ ਸਫ਼ਲ ਬਣਾਉਣ ਲਈ ਲੋੜੀਂਦੇ ਉਪਰਾਲੇ ਕਰੇਗੀ। ਸਮੂਹ ਜਥੇਬੰਦੀਆਂ ਨੂੰ ਆਪਣੇ-ਆਪਣੇ ਵਿਭਾਗਾਂ ਵਿੱਚ ਵੱਧ ਤੋਂ ਵੱਧ ਮੁਲਾਜ਼ਮਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਐਕਸ਼ਨ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸਾਂਝਾ ਮੁਲਾਜ਼ਮ ਮੰਚ ਦੇ ਆਗੂਆਂ ਨੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਉਕਸਾਵੇ, ਟਕਰਾਅ ਜਾਂ ਅਨੁਸ਼ਾਸਨਹੀਣਤਾ ਤੋਂ ਬਚਦੇ ਹੋਏ ਜਥੇਬੰਦੀ ਦੇ ਫ਼ੈਸਲਿਆਂ ਅਤੇ ਹਦਾਇਤਾਂ ਦੀ ਪਾਲਣਾ ਕਰਨ। ਸਮੇਂ ਸਿਰ ਆਪਣੇ ਦਫ਼ਤਰ ਪਹੁੰਚ ਕੇ ਮੁਕੰਮਲ ਕੰਮ ਬੰਦ ਅਤੇ ਭੁੱਖ ਹੜਤਾਲ ਵਿੱਚ ਲਾਜ਼ਮੀ ਸ਼ਾਮਲ ਹੋਣ। ਕਾਲੇ ਬਿੱਲੇ ਜਾਂ ਕਾਲੇ ਕੱਪੜੇ ਪਾ ਕੇ ਏਕਤਾ ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਆਪਣੇ ਦਫ਼ਤਰ ਦੇ ਵੱਧ ਤੋਂ ਵੱਧ ਸਾਥੀਆਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤੀ ਜਾਵੇ। ਆਪਣੇ ਦਫ਼ਤਰ ਵਿੱਚ ਮੁਕੰਮਲ ਬੰਦ ਕਰਕੇ ਭੁੱਖ ਹੜਤਾਲ ਦੀਆਂ ਤਸਵੀਰਾਂ ਅਤੇ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕਰਕੇ ਸੰਘਰਸ਼ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਜਿੰਨੀ ਵੱਧ ਸ਼ਮੂਲੀਅਤ ਹੋਵੇਗੀ, ਉੱਨੀ ਹੀ ਮਜ਼ਬੂਤੀ ਨਾਲ ਮੁਲਾਜ਼ਮਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੇਗੀ। ਹਰ ਮੁਲਾਜ਼ਮ ਆਪਣੇ ਦਫ਼ਤਰ ਵਿੱਚ ਇਸ ਸੰਘਰਸ਼ ਦਾ ਦੂਤ ਬਣੇ ਅਤੇ ਇਹ ਯਕੀਨੀ ਬਣਾਵੇ ਕਿ ਕੋਈ ਵੀ ਸਾਥੀ ਇਸ ਸਾਂਝੇ ਸੰਘਰਸ਼ ਤੋਂ ਵਾਂਝਾ ਨਾ ਰਹੇ। ਸਾਂਝਾ ਮੁਲਾਜ਼ਮ ਮੰਚ ਦੇ ਆਗੂਆਂ ਵੱਲੋਂ ਮੁਲਾਜ਼ਮਾਂ ਨੂੰ ਸੰਦੇਸ਼ ਦਿੱਤਾ ਕਿ ਅੱਜ ਜੇ ਅਸੀਂ ਆਪਣੇ ਸਾਥੀਆਂ ਦੇ ਹੱਕ ਲਈ ਨਹੀਂ ਖੜ੍ਹੇ ਹੋਏ, ਤਾਂ ਕੱਲ੍ਹ ਸਾਡੇ ਆਪਣੇ ਹੱਕਾਂ ਲਈ ਵੀ ਕੋਈ ਖੜ੍ਹਾ ਨਹੀਂ ਹੋਵੇਗਾ। ਇਸ ਲਈ 08 ਸਤੰਬਰ ਨੂੰ ਏਕਤਾ, ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਨਾਲ ਮੁਕੰਮਲ ਬੰਦ ਕਰਕੇ ਭੁੱਖ ਹੜਤਾਲ ਵਿੱਚ ਸ਼ਾਮਲ ਹੋ ਕੇ ਇਸ ਸੰਘਰਸ਼ ਨੂੰ ਕਾਮਯਾਬ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਵਿਅਕਤੀ ਦੀ ਲੜਾਈ ਨਹੀਂ, ਸਗੋਂ ਸਮੂਹ ਮੁਲਾਜ਼ਮ ਵਰਗ ਦੀ ਇੱਜ਼ਤ, ਸਵੈ-ਅਭਿਮਾਨ ਅਤੇ ਸੰਵਿਧਾਨਕ ਹੱਕਾਂ ਦੀ ਲੜਾਈ ਹੈ। ਮੁਲਾਜ਼ਮ ਆਗੂ ਸੁਸ਼ੀਲ ਫੌਜੀ ਨੇ 18% ਡੀ.ਏ. ਦੇ ਬਕਾਏ ਸਬੰਧੀ ਸੋਮ ਦੱਤ ਡੈਡ ਬਨਾਮ ਵਧੀਕ ਮੁੱਖ ਸਕੱਤਰ ਵਿੱਤ ਪੰਜਾਬ ਵਿੱਚ ਅੱਜ ਮਿਤੀ 07.9.26 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਚੀਫ ਜਸਟਿਸ ਦੀ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਇਸ ਕੇਸ ਦੀ ਅਗਲੀ ਮਿਤੀ 10 ਸਤੰਬਰ ਨਿਸਚਿਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ 95 ਸਾਲ ਪੈਨਸ਼ਨਰ ਪਟੀਸ਼ਨਰ ਸੁਣਵਾਈ ਮੌਕੇ ਅੱਜ ਅਦਾਲਤ ਵਿੱਚ ਹਾਜ਼ਰ ਸੀ।