ਤ੍ਰੈਮਾਸਿਕ ਮੈਗਜ਼ੀਨ ‘ਪੁਆਧਨਾਮਾ’ ਲੋਕ-ਅਰਪਣ – ਮਨਮੋਹਨ ਸਿੰਘ ਦਾਊਂ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 14 ਸਤੰਬਰ:
ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸਮਾਗਮ ਦੌਰਾਨ ਤ੍ਰੈਮਾਸਿਕ ‘ਪੁਆਧਨਾਮਾ’ ਮੈਗਜ਼ੀਨ ਦਾ ਪਲੇਠਾ ਅੰਕ ਲੋਕ ਅਰਪਣ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸੇਵਾ-ਮੁਕਤ, ਆਈ.ਏ.ਐਸ ਜੀ.ਕੇ. ਸਿੰਘ, ਉੱਘੇ ਵਿਦਵਾਨ ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਬਲਬੀਰ ਸਿੰਘ ਢੋਲ ਸੇਵਾ-ਮੁਕਤ ਪੀ.ਸੀ.ਐਸ, ਮੈਗਜ਼ੀਨ ਸੰਚਾਲਕ ਡਾ. ਗੁਰਮੀਤ ਸਿੰਘ, ਸਾਬਕਾ ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਸੰਪਾਦਕ ਸ੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਉੱਘੇ ਸਮਾਜ ਸੇਵੀ ਪਰਵਿੰਦਰ ਸਿੰਘ ਬੈਦਵਾਨ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਡਾ. ਜਸਪਾਲ ਸਿੰਘ ਜੱਸੀ ਨੇ ਸਮਾਗਮ ਦਾ ਆਰੰਭ ਕਰਦਿਆਂ ‘ਪੁਆਧਨਾਮਾ’ ਦੀ ਪ੍ਰਕਾਸ਼ਨਾ ਬਾਰੇ ਜਾਣਕਾਰੀ ਦਿੱਤੀ ਅਤੇ ਸੁਆਗਤੀ ਸ਼ਬਦ ਆਖੇ। ਮਨਮੋਹਨ ਸਿੰਘ ਦਾਊਂ ਨੇ ਆਪਣੀ ਸੰਪਾਦਨਾ ਅਤੇ ਪੁਆਧ ਖੇਤਰ ਦੀ ਸਾਹਿਤਕ, ਸਭਿਆਚਾਰਕ ਤੇ ਇਤਿਹਾਸਕ ਮਹੱਤਤਾ ’ਤੇ ਚਾਨਣਾ ਪਾਇਆ। ਡਾ. ਗੁਰਮੀਤ ਸਿੰਘ ਨੇ ਪੁਆਧ ਖੇਤਰ ਦੀ ਵਿਲੱਖਣਤਾ ਦੇ ਨੁਕਤੇ ਉਠਾਂਦਿਆਂ ‘ਪੁਆਧਨਾਮਾ’ ਦੇ ਮਿਆਰੀ ਸੰਪਾਦਨਾ ਦੀ ਤਾਰੀਫ ਕੀਤੀ ਅਤੇ ਦਾਊਂ ਜੀ ਦੀ ਕਾਰਜ-ਸ਼ੈਲੀ ਨੂੰ ਰਾਹ ਦਸੇਰਾ ਦੱਸਿਆ। ਜੀ.ਕੇ. ਸਿੰਘ ਨੇ ਮਾਂ-ਬੋਲੀ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਬੌਧਿਕ-ਗਿਆਨ ਦੀ ਪ੍ਰਾਪਤੀ ’ਤੇ ਜ਼ੋਰ ਦਿੱਤਾ ਅਤੇ ‘ਪੁਆਧਨਾਮਾ’ ਨੂੰ ਨਵੀਂ ਪੁਲਾਂਘ ਦੱਸਿਆ। ਡਾ. ਬਲਬੀਰ ਸਿੰਘ ਢੋਲ ਨੇ ਪੁਆਧੀ ਸੱਥ ਵੱਲੋਂ ਇਹ ਮੈਗਜ਼ੀਨ ਸ਼ੁਰੂ ਕਰਨਾ ਗੌਰਵਮਈ ਆਖਿਆ। ਪਰਵਿੰਦਰ ਸਿੰਘ ਬੈਦਵਾਨ ਨੇ ਸਮਾਗਮ ਦੀ ਭਰਪੂਰ ਸ਼ਾਲਾਘਾ ਕੀਤੀ।

ਪ੍ਰਧਾਨਗੀ ਭਾਸ਼ਣ ਨਾਲ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਸਰੋਤਿਆਂ ਨੂੰ ਪ੍ਰਭਾਵਤ ਕੀਤਾ ਅਤੇ ਮੁੱਲਵਾਨ ਵਿਚਾਰ ਪੇਸ਼ ਕਰਦਿਆਂ ਦਾਊਂ ਜੀ ਨੂੰ ਵਧਾਈ ਦਿੱਤੀ। ਇਸ ਮੌਕੇ ਪੁਆਧੀ ਗੀਤਕਾਰ ਭੁਪਿੰਦਰ ਸਿੰਘ ਮਟੌਰਵਾਲਾ ਨੇ ਆਪਣੀ ਗਾਇਕੀ ਦੇ ਜ਼ੌਹਰ ਵਿਖਾਏ। ਧੰਨਵਾਦੀ ਸ਼ਬਦ ਪ੍ਰੋ. ਸੁਖਵਿੰਦਰ ਸਿੰਘ ਨੇ ਭਾਵਕ-ਢੰਗ ਨਾਲ ਪੇਸ਼ ਕੀਤੇ। ਇਸ ਸਮਾਗਮ ‘ਚ ਐਡਵੋਕਟ ਸਤਵੰਤ ਸਿੰਘ ਰੰਗੀ, ਹਰਬੰਸ ਸੋਢੀ, ਡਾ. ਸਿਮਰਜੀਤ ਕੌਰ, ਪ੍ਰੋ.ਰਵਿੰਦਰ ਸਿੰਘ, ਦਲਜੀਤ ਕੌਰ ਦਾਊਂ (ਸਹਾਇਕ ਸੰਪਾਦਕ ‘ਪੁਆਧਨਾਮਾ’), ਸਤਵਿੰਦਰ ਸਿੰਘ ਮੜੌਲਵੀ, ਕਰਮਜੀਤ ਸਿੰਘ ਸਕਰੁੱਲਾਪੁਰੀ, ਡਾ. ਬਲਵਾਨ ਔਜਲਾ, ਮਲਕੀਅਤ ਔਜਲਾ, ਗੁਰਮੀਤ ਸਿੰਗਲ, ਜਗਦੀਪ ਸਿੰਘ ਬੈਦਵਾਨ, ਗੁਰਪ੍ਰੀਤ ਸਿੰਘ ਨਿਆਮੀਆ, ਡਾ. ਮੁਖਤਿਆਰ ਸਿੰਘ, ਗਿਆਨੀ ਧਰਮ ਸਿੰਘ, ਜੈਲਦਾਰ ਹਸਮੁਖ, ਡਾ. ਜਗਜੀਤ ਸਿੰਘ, ਨਕਸ਼ਦੀਪ ਪੰਜਕੋਹਾ, ਸੁਖਵਿੰਦਰ ਸਿੰਘ ਸੈਣੀ ਅਤੇ ਦਰਸ਼ਨ ਸਿੰਘ ਸ਼ਾਹਬਾਦ ਨੇ ਹਾਜ਼ਰੀ ਭਰੀ।