“ਉੱਚਾ ਦਰ ਬਾਬੇ ਨਾਨਕ ਦਾ” ਲਈ ਮੁਫਤ ਯਾਤਰਾ ਬੱਸ ਨਾ ਲਗਾਉਣ ਦੀ ਨਿਖੇਧੀ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 21 ਅਗਸਤ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਪੰਜਾਬ ਸਰਕਾਰ ਦੁਆਰਾ ਚੰਡੀਗੜ੍ਹ ਤੋਂ ਸ਼ੰਭੂ ਬੈਰੀਅਰ ਤੱਕ “ਉੱਚਾ ਦਰ ਬਾਬੇ ਨਾਨਕ ਦਾ” ਯਾਤਰਾ ਬੱਸ ਨਾ ਲਗਾਉਣ ਦੀ ਨਿਖੇਧੀ ਕੀਤੀ ਗਈ ਹੈ। ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਕਾਰਜਕਾਰੀ ਸਕੱਤਰ ਰਾਜ ਕੁਮਾਰ ਸਾਹੋਵਾਲੀਆ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਅਤੇ ਸਲਾਹਕਾਰ ਬਲਵਿੰਦਰ ਸਿੰਘ ਵਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਦੀਆਂ ਸੰਗਤਾਂ ਦੀ ਇਹ ਮਨੋਕਾਮਨਾ ਹੈ ਕਿ ਉਹ “ਉੱਚਾ ਦਰ ਬਾਬੇ ਨਾਨਕ ਦਾ” ਦੇ ਖੁੱਲ੍ਹੇ ਦਰਸ਼ਨ ਕਰਕੇ ਆਉਣ ਅਤੇ ਉੱਥੇ ਦਿਖਾਈ ਜਾ ਰਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਤਨੋਂ-ਮਨੋਂ ਸਮਝ ਸਕਣ, ਕਿਉਂਕਿ ਇਹ ਇੱਕ ਅਦਭੁੱਤ ਅਦਾਰਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਜਾਣ ਲਈ ਸੰਗਤਾਂ ਦਾ ਕੋਈ ਵਸੀਲਾ ਨਹੀਂ ਬਣਦਾ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਕਈ ਵਾਰ ਬੇਨਤੀ ਕਰ ਚੁੱਕੇ ਹਨ ਕਿ ਪੰਜਾਬ ਸਰਕਾਰ ਵਲੋਂ ਜਿਹੜੀਆਂ ਮੁਫਤ ਬੱਸਾਂ ਧਾਰਮਿਕ ਸਥਾਨਾਂ ਲਈ ਜਾਂਦੀਆਂ ਹਨ, ਉਨ੍ਹਾਂ ਵਿੱਚੋਂ ਇੱਕ ਬੱਸ ਨੂੰ ਚੰਡੀਗੜ੍ਹ ਤੋਂ “ਉੱਚਾ ਦਰ ਬਾਬੇ ਨਾਨਕ ਦਾ” ਦੇ ਲਈ ਪੱਕੇ ਤੌਰ ‘ਤੇ ਲਗਾਇਆ ਜਾਵੇ। ਇਸ ਲਈ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੀਆਂ ਸੰਗਤਾਂ ਨੂੰ ਵੱਡੀ ਰਾਹਤ ਮਿਲੇਗੀ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਇੱਕ ਵੱਡੇ ਕਾਫਲੇ ਵਿੱਚ “ਉੱਚਾ ਦਰ ਬਾਬੇ ਨਾਨਕ ਦਾ” ਦੇਖਣ ਲਈ ਯਾਤਰਾ ਕਰ ਚੁੱਕੇ ਹਨ ਅਤੇ ਉਹ ਇਸ ਅਦਾਰੇ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਹੁਣ ਹੋਰ ਵੀ ਮੈਂਬਰ ਸਾਹਿਬਾਨ ਇਹ ਅਦਾਰਾ ਦੇਖਣਾ ਚਾਹੁੰਦੇ ਹਨ, ਪਰੰਤੂ ਬੱਸਾਂ ਦਾ ਪ੍ਰਬੰਧ ਨਾ ਹੋਣ ਕਾਰਣ ਉਹ ਅਜਿਹਾ ਕਰਨ ਤੋਂ ਅਸਮਰਥ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ ਇੱਕ ਮੁਫਤ ਯਾਤਰਾ ਵਾਲੀ ਬੱਸ ਨੂੰ ਤੁਰੰਤ ਚੰਡੀਗੜ੍ਹ ਤੋਂ ਰਵਾਨਗੀ ਦਾ ਪ੍ਰੋਗਰਾਮ ਬਣਾਇਆ ਜਾਵੇ।