ਜਦੋਂ ਕਰਮਜੀਤ ਬੱਗਾ ਜੀ ਨੇ ਪਾਈ ਸੀ ਮਲਵਈ ਬੋਲੀ – ਇੱਕ ਦਿਨ ਖੁਰਜੂਗਾ ਪਾਣੀ ਵਿੱਚ ਪਤਾਸਾ

ਕਰਮਜੀਤ ਬੱਗਾ ਜੀ ਦੇ ਘਰ ਕੋਲ਼ੋਂ ਲੰਘਦਾ ਹਾਂ, ਤਾਂ ਦਿਲ ਵਿੱਚ ਇੱਕ ਤਿੱਖੀ ਚੀਸ ਉੱਠਦੀ ਹੈ। ਓਹਦੇ ਘਰ, ਗੇਟ ਨਾਲ਼ ਸੱਜੇ ਪਾਸੇ ਕਲੀਆਂ ਦਾ ਬੂਟਾ ਸਫੈਦ ਫੁੱਲਾਂ ਨਾਲ਼ ਭਰਿਆ ਉਦਾਸ ਖੜ੍ਹਾ ਹੈ। ਓਹਦੇ ਨਾਲ਼ ਬਹੁਤ ਯਾਦਾਂ ਸਾਂਝੀਆਂ ਹਨ। 1997 ਵਿੱਚ ਜਦੋਂ ਮੈਂ ਮੁੰਡੀ ਖਰੜ, ਸ਼ਾਇਰ ਅਜਮੇਰ ਸਾਗਰ ਕੋਲ਼ ਕਿਰਾਏਦਾਰ ਬਣ ਕੇ ਆਇਆ, ਤਾਂ ਇੱਥੇ ਵਿਚਰਦਿਆਂ ਕਰਮਜੀਤ ਬੱਗਾ ਮਿਲ਼ੇ। ਕਿਸੇ ਸਮਾਗਮ ਵਿੱਚ ਮੈਂ ਉਨ੍ਹਾਂ ਦੀ ਕਲਾ ਕੌਸ਼ਲਤਾ ਦੇ ਦਰਸ਼ਨ-ਦੀਦਾਰੇ ਕਰਕੇ ਨਿਹਾਲ ਹੋਇਆ ਸੀ। ਓਹਦਾ ਅਲਗੋਜ਼ਾ ਸੁਣ ਕੇ ਮੈਨੂੰ ਚੇਤੇ ਆਇਆ। ਬਾਲ ਬਰੇਸੇ ਇੱਕ ਸ਼ਾਮ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਡੇਕ ਦੀ ਛਾਵੇਂ ਬੈਠ ਮੈਂ ਚਾਚਾ ਗੁਰਦਾਸ ਸਿੰਘ ਦੇ ਰੇਡੀਓ ਤੋਂ ਗੀਤ ਸੁਣ ਰਿਹਾ ਸੀ। ਜਲੰਧਰ ਰੇਡੀਓ ਤੋਂ ਇੱਕ ਪਤਲੀ ਜਿਹੀ ਮਿੱਠੀ ਤੇ ਮਨਮੋਹਕ ਜਨਾਨਾ ਆਵਾਜ਼ ਗੂੰਜੀ, ‘ਸ਼ਾਮ ਦੇ ਚਾਰ ਵੱਜ ਰਹੇ ਨੇ। ਹੁਣ ਸੁਣੋ ਆਲਮ ਲੁਹਾਰ ਵੱਲੋਂ ਗਾਇਆ ਗੀਤ ਬੋਲ ਮਿੱਟੀ ਦਿਆ ਬਾਵਿਆ।’ ਪਲ ਕੁ ਦੇ ਵਕਫੇ ਬਾਅਦ ਢੋਲਕ ਤੇ ਚਿਮਟੇ ਦੇ ਰਲ਼ੇ-ਮਿਲ਼ੇ ਲਹਿਰੀਏ ਵਿੱਚ ਅਲਗੋਜ਼ੇ ਦੀ ਗੁੰਨ੍ਹੀ ਹੋਈ ਹਲਕੀ ਜਿਹੀ ਤਾਨ ਉੱਭਰਨ ਲਗਦੀ ਹੈ, ‘ਓਏ ! ਬੋਲ ਮਿੱਟੀ ਦਿਆ ਬਾਵਿਆ …।’ ਬਾਬਾ ਆਲਮ ਲੁਹਾਰ ਨੇ ਜ਼ਿੰਦਗੀ ਦੀ ਅਟੱਲ ਸਚਾਈ ਨੂੰ ਪੇਸ਼ ਕਰਦਾ ਅੰਤਰਾ ਛੋਇਆ, ‘ਓ ! ਮਿੱਟੀ ਦਾ ਮੈਂ ਬਾਵਾ ਬਣਾਇਆ/ ਉੱਤੇ ਤਾਣ ਪਿਆਂ ਖੇਸੀ/ ਵਤਨਾਂ ਵਾਲ਼ੇ ਮਾਣ ਕਰਨ/ ਕੀ ਮੈਂ ਮਾਣ ਕਰਾਂ ਪ੍ਰਦੇਸੀ/ ਮੇਰਾ ਸੋਹਣਾ ਮਾਹੀ ਆ ਜਾ ਓ…..।’ ਜਾਪਿਆ ਜਿਵੇਂ ਹਵਾ ਠਹਿਰ ਗਈ ਹੋਵੇ। ਸਮਾਂ ਰੁਕ ਗਿਆ ਹੋਵੇ। ਅਰਬਦ-ਨਰਬਦ ਧੁੰਦੂਕਾਰੇ ਵਿੱਚੋਂ ਜਿਵੇਂ ਇੱਕ ਧੁਨੀ ਜਨਮੀ ਤੇ ਗੂੰਜ ਰਹੀ ਹੋਵੇ। ਅਨੰਤ, ਜਿਸ ਦਾ ਕੋਈ ਆਦਿ ਨਹੀਂ, ਅੰਤ ਨਹੀਂ। ਹੁਣ ਜਦੋਂ ਵੀ ਕਦੀ ਅਲੋਗੇਜ਼ੇ ਦੀ ਤਾਨ ਕੰਨੀਂ ਪੈਂਦੀ ਹੈ, ਤਾਂ ਆਲਮ ਲੁਹਾਰ ਦਾ ਅਲਗੋਜ਼ਾ, ਹੌਲ਼ੀ ਹੌਲ਼ੀ ਕਰਮਜੀਤ ਬੱਗੇ ਦੇ ਅਲਗੋਜ਼ੇ ਦੀ ਤਾਨ ਵਿੱਚ ਇੱਕ-ਮਿੱਕ ਹੋਣ ਲਗਦਾ ਮਹਿਸੂਸ ਹੁੰਦਾ ਹੈ।

ਮੈਂ ਜਦੋਂ ਵੀ ਉਹਨੂੰ ਮਿਲਣ ਜਾਂਦਾ, ਓਹਦੇ ਦਰ-ਦਰਵਾਜ਼ਿਉਂ ਰੇਡੀਓ ਦੀ ਆਵਾਜ਼ ਆਉਂਦੀ। ਖ਼ਬਰਾਂ ਚੱਲ ਰਹੀਆਂ ਹੁੰਦੀਆਂ ਜਾਂ ਕੋਈ ਨਾ ਕੋਈ ਪੁਰਾਣਾ ਗੀਤ ਗਾਇਆ ਜਾ ਰਿਹਾ ਹੁੰਦਾ। ‘ਪੈਰ ਧੋਅ ਕੇ ਝਾਂਜਰਾਂ ਪਾਉਂਦੀ ਮੇਅਲਦੀ ਆਉਂਦੀ/ ਕਿ ਸ਼ੌਕਣ ਮੇਲੇ ਦੀ’ ਮਾਤਾ ਸੁਰਿੰਦਰ ਕੌਰ ਦੀ ਮਖ਼ਮਲੀ ਆਵਾਜ਼ ਚੁਫੇਰੇ ਕੋਇਲ ਬਣ ਕੂਕਦੀ। ਚੁਫੇਰਾ ਕਿਸੇ ਅਲੋਕਾਰੀ ਰੰਗ ਵਿੱਚ ਰੰਗਿਆ ਉਦਾਸ ਖੜ੍ਹਾ ਹੁੰਦਾ। ਦੋਵੇਂ ਬੱਚੇ ਕੈਨੇਡਾ ਸੈਟਲ ਸਨ। ਮੁੱਦਤ ਪਹਿਲਾਂ ਵਿਛੋੜਾ ਦੇ ਗਈ ਅਰਧਾਂਗਨੀ ਪ੍ਰਵੀਨ ਦੀਆਂ ਯਾਦਾਂ ਵਿੱਚ ਤਨਹਾਈ ਹੰਢਾ ਰਿਹਾ ਕਰਮਜੀਤ ਬੱਗਾ ਬੈਗ ਵਿੱਚੋਂ ਜੋੜੀ ਕੱਢਦਾ। ਆਪਣੇ ਆਪ ਨੂੰ ਸੁਰਬੱਧ ਕਰਦਿਆਂ ਉਹ ਅਲਗੋਜ਼ੇ ਵਿੱਚ ਫੂਕ ਮਾਰਦਾ। ਓਹਦੇ ਅਲਗੋਜ਼ੇ ਦੀ ਇੱਕ ਬੰਸਰੀ ਵਿੱਚ ਇੱਕ ਸੁਰ ਵੱਜਦੀ ਰਹਿੰਦੀ ਤੇ ਫਿਰ ਦੂਜੀ ਬੰਸਰੀ ਨਾਲ਼ ਉਹ ਮੁੱਖ ਧੁਨੀ ਵਜਾਉਣੀ ਆਰੰਭ ਕਰਦਾ। ਇਸ ਤਰ੍ਹਾਂ ਉਤਪੰਨ ਹੋ ਰਹੀ ਉਦਾਸ ਧੁਨ ਵਿੱਚੋਂ ਵੈਰਾਗਮਈ ਇਕੱਲਤਾ ਪੈਦਾ ਹੋਣ ਲਗਦੀ। ਮੇਰੀ ਨਜ਼ਰ ਓਧਰ ਗਈ। ਓਹਦੇ ਬਿਲਕੁਲ ਸਾਹਮਣੇ ਪਤਨੀ ਪ੍ਰਵੀਨ, ਤਸਵੀਰ ਵਿੱਚ ਮੰਦ ਮੰਦ ਮੁਸਕਰਾ ਰਹੀ ਹੈ। ਉਸ ਡੂੰਘਾ ਸਾਹ ਭਰਿਆ ਤੇ ਅਲਗੋਜ਼ੇ ਵਿੱਚ ਫੁਕ ਮਾਰੀ, ‘ਕਲਹਿਰੀਆ ਮੋਰਾ ਵੇ ਹੁਣ ਮੈਂ ਨਾ ਤੇਰੇ ਰਹਿੰਦੀ … ਸਿਰ ਤੇਰੇ ਤੇ ਖੁਦੀ ਗਰੂਰ/ ਕਰਦੈਂ ਮੇਰੀ ਮੇਰੀ ਤੂੰ/ ਇਹ ਗੱਲ ਮੂਰਖ ਕਦੇ ਨਾ ਸੋਚੀ/ ਅੰਤ ਖ਼ਾਕ ਦੀ ਢੇਰੀ ਤੂੰ/ ਇੱਕ ਦਿਨ ਇੰਝ ਤੂੰ ਢਹਿ ਜਾਣਾ/ ਜਿਵੇਂ ਕੰਧ ਰੇਤ ਦੀ ਢਹਿੰਦੀ … ਕਲਹਿਰੀਆ ਮੋਰਾ ਵੇ…।’ ਰੂਹ ਨੂੰ ਜ਼ਿਬਾਹ ਕਰ ਰਹੀਆਂ ਧੁਨਾਂ ਤੇ ਤਾਨਾਂ ਵਿੱਚ ਡੂੰਘਾ ਉਤਰਿਆ ਮੇਰਾ ਆਪਾ ਅੱਖਾਂ ਥਾਣੀਂ ਪਾਣੀ ਬਣ ਵਹਿ ਤੁਰਿਆ। ਬੱਗਾ ਜੀ ਖੱਬੇ ਹੱਥ ਨਾਲ਼ ਅੱਖਾਂ ਪੂੰਝੀਆਂ। ਜਿੰਨਾ ਚਿਰ ਉਹ ਅਲਗੋਜ਼ਾ ਪਲੇਅ ਕਰਦਾ ਰਿਹਾ, ਓਹਦੀ ਨਜ਼ਰ ਪ੍ਰਵੀਨ ਦੀ ਨਜ਼ਰ ਬਣੀ ਰਹੀ, ਮੈਨੂੰ ਇੰਝ ਹੀ ਮਹਿਸੂਸ ਹੋਇਆ।

ਪਤਾ ਹੀ ਨਹੀਂ ਲੱਗਿਆ। ਇੱਕ ਸਾਲ ਬੀਤ ਗਿਆ ਕਰਮਜੀਤ ਬੱਗਾ ਜੀ ਨੂੰ ਵਿਛੜਿਆਂ। ਓਹਦੇ ਵਿਛੋੜੇ ਦਾ ਦਰਦ ਸਹਿੰਦਾ ਪਰਿਵਾਰ ਤੇ ਸਨੇਹੀ ਉਸ ਨੂੰ ਚੇਤੇ ਕਰ ਰਹੇ ਹਨ। ਪਿਛਲੇ ਸਾਲ 12 ਅਕਤੂਬਰ ਨੂੰ ਨਵਾਂ ਜ਼ਮਾਨਾ ਦੇ ਐਤਵਾਰਤਾ ਅੰਕ ਵਿੱਚ ਬੱਗਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਨਿਮਨ-ਦਰਜ ਰਚਨਾ ‘ਸ਼ੀਸ਼ੇ ਦੇ ਵੱਲ ਦੇਖ ਨਾ ਹੋਵੇ’ ਮੇਰੇ ਕਾਲਮ ਵਿੱਚ ਛਪੀ ਰਚਨਾ, ਹੂਬਹੂ ਮੁੜ ਪੇਸ਼ ਹੈ ਜੀ:
ਬੋਲ ਮਿੱਟੀ ਦਿਆ ਬਾਵਿਆ – 36
ਪੋਸਟਮਾਰਟਮ ਬਾਅਦ ਜਿਹੜੇ ਵੇਲ਼ੇ ਰਾਜਵੀਰ ਜਵੰਦਾ ਦੀ ਦੇਹ ਨੂੰ ਮੋਹਾਲ਼ੀ ਦੇ ਸਰਕਾਰੀ ਹਸਪਤਾਲੋਂ ਲੈ ਕੇ ਐਬੂਲੰਸ ਅਗਲੇ ਸਫਰ ਲਈ ਰਵਾਨਾ ਹੋ ਰਹੀ ਸੀ, ਐਨ ਓਸੇ ਵੇਲ਼ੇ ਕਰਮਜੀਤ ਬੱਗਾ ਨੂੰ ਇਸੇ ਹਸਪਤਾਲ ਲਿਜਾਇਆ ਜਾ ਰਿਹਾ ਸੀ। ਉਦੋਂ ਤੱਕ ਇਹ ਕੋਈ ਨਹੀਂ ਸੀ ਜਾਣਦਾ ਕਿ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਦੇ ਦਿਲ ਦੇ ਧੜਕਣ ਅਚਾਨਕ ਬੰਦ ਹੋਣ ਨਾਲ਼ ਰਾਹ ਵਿੱਚ ਹੀ ਕਿਧਰੇ ਓਹਦੇ ਪ੍ਰਾਣ ਪੰਖੇਰੂ ਹੋ ਚੁੱਕੇ ਹਨ। ਹਾਲੇ ਦੁਪਹਿਰ ਵੇਲ਼ੇ ਹੀ ਬੱਗਾ ਜੀ ਨੇ ਅੰਤਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਲੋਕ ਗਾਇਕ ਰਾਜਵੀਰ ਜਵੰਦਾ ਨੂੰ ਆਪਣੀ ਫੇਸਬੁੱਕ ’ਤੇ ਸ਼ਰਧਾਂਜਲੀ ਦਿੱਤੀ ਸੀ। ਹੁਣ ਦੋਹਾਂ ਦੀਆਂ ਦੇਹਾਂ ਸਾਹਹੀਣ ਸਨ। ਦੋਵੇਂ ਕਿਸੇ ਅਦਿੱਖ ਸਫ਼ਰ ’ਤੇ ਸਨ। ਮੇਰੇ ਅੰਦਰੋਂ ਕਿੱਧਰਿਉਂ ਅਲਗੋਜ਼ੇ ਦੀਆਂ ਧੁਨਾਂ ਨੇ ਦਸਤਕ ਦਿੱਤੀ। ‘ਬੋਲ ਮਿੱਟੀ ਦਿਆ ਬਾਵਿਆ’ ਆਲਮ ਲੁਹਾਰ ਦੇ ਇਨ੍ਹਾਂ ਬੋਲਾਂ ਦੇ ਉੱਚਾ ਹੋਣ ਤੋਂ ਪਹਿਲਾਂ ਹੀ ਸ਼ਿਵ ਦੇਵ ਦੇ ਕੰਨਾਂ ਵਿੱਚ ਵੀ ਚਾਚੇ ਕਰਮਜੀਤ ਦੇ ਅਲਗੋਜ਼ੇ ਦੀਆਂ ਸੁਰੀਲੀਆਂ ਧੁਨਾਂ ਗੂੰਜੀਆਂ ਹੋਣਗੀਆਂ। ਵੱਡੇ ਭਰਾ ਸੁਖਦੇਵ ਦੀਆਂ ਮਨ ਤਰੰਗਾਂ ਵਿੱਚ ਕਰਮਜੀਤ ਬੱਗੇ ਦੀਆਂ ਖੇਡਾਂ ਤੇ ਕਲਾਵਾਂ ਪ੍ਰਗਟ ਹੋਈਆਂ ਹੋਣਗੀਆਂ। ਐਨ ਓਸੇ ਤਰ੍ਹਾਂ ਜਿਸ ਤਰ੍ਹਾਂ ਰਾਜਵੀਰ ਜਵੰਦਾ ਦੀ ਬੇਟੀ ਦੇ ਮਨ ਨੇ ਆਪਣੇ ਪਿਓ ਦੇ ਗੀਤ ਦੇ ਬੋਲ ਛੋਹੇ ਹੋਣਗੇ, ‘ਬਾਬਲ ਤੇਰੀ ਪੱਗ ਵੇ ਸੁੱਚੀ, ਅੰਬਰ ਦੇ ਚੰਨ ਤੋਂ ਉੱਚੀ।’ ਮਾਂ ਤੇ ਪਤਨੀ ਹਾਲੋਂ-ਬੇਹਾਲ ਹੋਣਗੀਆਂ। ਸਮਸ਼ਾਨ ’ਚ ਅਨੇਕਾਂ ਹੋਰ ਰੂਹਾਂ ਵਾਂਗ ਕੰਵਰ ਗਰੇਵਾਲ਼ ਦੇ ਬੁੱਲ੍ਹ ਫਰਕੇ ਹੋਣਗੇ, ‘ਮਿੱਟੀ ਨਾ ਫਰੋਲ ਜੋਗੀਆ, ਨਈਂਉਂ ਲੱਭਣੇ ਗੁਆਚੇ ਹੋਏ ਲਾਲ।’ ਰਾਜਵੀਰ ਦੇ ਪਿੰਡ ਦੁਆਲ਼ੇ ਸਿੱਲ੍ਹੀਆਂ-ਸਿੱਲ੍ਹੀਆਂ ਹਵਾਵਾਂ ਦਾ ਗੁਬਾਰ ਹੋਏਗਾ। ਇਹ ਮੰਜ਼ਰ ਤੱਕਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਹੜੇ ਫਿਰ ਸੱਥਰ ਵਿਛਿਆ ਵੇਖ ਕਲੇਜਾ ਮੂੰਹ ਨੂੰ ਆਇਆ ਹੈ। ਮੇਰੀਆਂ ਸੋਚਾਂ ਦੀ ਫਿਰਕੀ ਘੁੰਮੀ ਤਾਂ ਮਨ ਦੇ ਵਿਹੜੇ ਪਹਾੜੀ ਰਾਗ ਦੀ ਸੁਰ ਉੱਚੀ ਹੋਣ ਲੱਗੀ। ਜ਼ੁਬਿਨ ਗਰਗ ਗਾ ਰਿਹੈ, ‘ਮੇਰੇ ਮਹਿਬੂਬ ਕਿਆਮਤ ਹੋਗੀ/ ਆਜ ਰੁਸਵਾ ਤੇਰੀ ਗਲੀਓਂ ਸੇ ਮੁਹੱਬਤ ਹੋਗੀ।’ ਆਪਣੀ ਕਲਾ ਰਾਹੀਂ ਲੋਕ ਮਨਾਂ ਦੀਆਂ ਹਨ੍ਹੇਰੀਆਂ ਗਲ਼ੀਆਂ ਵਿੱਚ ਚਾਨਣ ਛਿੜਕਦੇ ਅਜਿਹੇ ਫਨਕਾਰ ਸਾਜ਼ਿਸ਼ੀ ਪੌਣਾਂ ਦਾ ਸ਼ਿਕਾਰ ਕਿਉਂ ਹੋ ਜਾਂਦੇ ਨੇ ਭਲਾਂ? ਮੇਰੇ ਕੋਲ਼ ਇਨ੍ਹਾਂ ਮੂੰਹਜ਼ੋਰ ਸਵਾਲਾਂ ਦਾ ਕੋਈ ਜਵਾਬ ਨਹੀਂ। ਸੜਕੀ ਦੁਰਘਟਨਾਵਾਂ ਨਾਲ਼ ਨਿੱਤ ਦਿਨ ਜਾ ਰਹੀਆਂ ਅਨੇਕਾਂ ਜਾਨਾਂ। ਅਣਗਿਣਤ ਘਰਾਂ ਦੀ ਗੁਲ ਹੋ ਰਹੀ ਰੌਸ਼ਨੀ। ਇਨ੍ਹਾਂ ਲਈ ਜ਼ਿੰਮੇਵਾਰ ਲੋਕ ਲੰਮੀਆਂ ਤਾਣ ਸੁੱਤੇ ਪਏ ਹਨ। ਸੜਕਾਂ ’ਤੇ ਠਾਠਾਂ ਮਾਰਦੇ ਵਾਹਨਾਂ ਦੀ ਭੀੜ। ਅਵਾਰਾ ਪਸ਼ੂਆਂ ਦੇ ਘੁੰਮ ਰਹੇ ਵੱਗ। ਇਨ੍ਹਾਂ ਤਿੰਨਾਂ ਫਨਕਾਰਾਂ ਦੀ ਜ਼ਿੰਦਗੀ ਨਾਲ਼ ਵਾਪਰੀਆਂ ਸਾਜ਼ਿਸ਼ੀ ਘਟਨਾਵਾਂ ਮੇਰਾ ਧਿਆਨ ਖਿੱਚਦੀਆਂ ਹਨ। ਜ਼ੂਬਿਨ ਗਰਗ ਦੀ ਰਹੱਸਮਈ ਮੌਤ ਤੋਂ ਪਰਦਾ ਚੁੱਕਿਆ ਜਾਵੇਗਾ ਵੀ ਜਾਂ ਨਹੀਂ, ਇਹ ਸਵਾਲ ਹਾਲੇ ਸਮੇਂ ਦੇ ਗਰਭ ਵਿੱਚ ਹਨ। ਰਾਜਬੀਰ ਜਵੰਦਾ ਦੀ ਗਾਇਕੀ, ਓਹਦੇ ਗੀਤਾਂ ਦੇ ਬੋਲ ਮਨੁੱਖੀ ਰਿਸ਼ਤਿਆਂ ਦੀ ਗਹਿਰੀ ਬਾਤ ਪਾਉਂਦੇ ਹਨ। ਉਹਦੇ ਗਾਏ ਗੀਤ ਸ਼ਾਹਕਾਰ ਹਨ, ਪਰ ਹਾਲੇ ਉਸ ਹੋਰ ਸ਼ਾਹਕਾਰ ਗੀਤ ਗਾਉਣੇ ਸਨ। ਮਨੁੱਖੀ ਰਿਸ਼ਤਿਆਂ ਨੂੰ ਲੈ ਕੇ ਓਹਦੇ ਮਨ ਵਿੱਚ ਕਿਧਰੇ ਬਹੁਤ ਵੱਡਾ ਖੱਪਾ ਸੀ। ਓਹਦਾ ਗੀਤ ‘ਧੀਆਂ’ ਹਰ ਪਰਿਵਾਰ ਦੀ ਧੀ ਦੇ ਵਿਆਹ ਵੇਲ਼ੇ ਗਾਇਆ ਜਾਂਦਾ ਰਹੇਗਾ। ਮੇਰੀ ਧੀਅ ਦੇ ਵਿਆਹ ਦੀ ਵੀਡੀਓ ’ਚ ਜਿਉਂ ਜਿਉਂ ਇਸ ਗੀਤ ਦੇ ਬੋਲਾਂ ਦੀ ਸੁਰ ਉੱਚੀ ਹੋ ਰਹੀ ਸੀ, ਮਨ ਉਛਾਲ਼ੇ ਮਾਰ ਰਿਹਾ ਸੀ। ਕਿੰਨੀਆਂ ਅਟੱਲ ਸਚਾਈਆਂ ਦੀ ਵਿਆਖਿਆ ਕਰ ਰਿਹੈ, ਇਹ ਗੀਤ। ਮਾਂ ਤੋਂ ਵੱਧਕੇ, ਇੱਕ ਧੀ ਦੀ ਪਹਿਲੀ ਸਹੇਲੀ ਕਿਹੜੀ ਹੋ ਸਕਦੀ ਹੈ? ਮਾਂ ਵੱਲੋਂ ਦਿੱਤੀਆਂ ਮੱਤਾਂ ਦਾ ਗਹਿਣਾ ਹਮੇਸ਼ਾ ਧੀਆਂ ਦੇ ਅੰਗ-ਸੰਗ ਰਹਿੰਦਾ ਹੈ। ਵਿਦਾ ਹੋ ਰਹੀ ਰੋਂਦੀ ਧੀਅ ਮਾਂ ਨੂੰ ਬਾਹਲ਼ਾ ਨਾ ਰੋਣ ਦੀਆਂ ਨਸੀਹਤਾਂ ਦਿੰਦੀ ਹੈ, ਭੁੱਬਾਂ ਮਾਰ ਰੋ ਪੈਂਦੀ ਹੈ। ਗੀਤ ਦੇ ਇੱਕ ਅੰਤਰੇ ਵਿੱਚ ਭੈਣ ਆਪਣੇ ਭਰਾ ਨੂੰ ਦੱਸਦੀ ਹੈ ਕਿ ਉਹ ਹਰ ਵਾਰੀ ਜਿੱਤਣ ਮਾਰੀ ਹੀ ਓਹਦੇ ਨਾਲ਼ ਲੜ ਪੈਂਦੀ ਸੀ। ਖੇਡ-ਖੇਡ ਵਿੱਚ ਭਰਾ ਨਾਲ਼ ਰੋਂਡ ਮਾਰਦੀ, ਵਿਦਾਇਗੀ ਵੇਲ਼ੇ ਮੁਕੱਦਰਾਂ ਹੱਥੋਂ ਹਾਰ ਜਾਂਦੀ ਹੈ, ਕਿਉਂਕਿ ਇਹ ਹਸਦਾ-ਵਸਦਾ ਤੇ ਗਾਉਂਦਾ ਘਰ ਛੱਡ ਉਸ ਆਪਣੇ ਨਵੇਂ ਬਣ ਰਹੇ ਘਰ ਵੱਲ ਰਵਾਨਾ ਹੋਣਾ ਹੈ। ਰਾਜਵੀਰ-ਹਰਸ਼ਜੋਤ-ਸਿੰਘਜੀਤ-ਜੀ. ਗੁਰੀ ਦੇ ਇਸ ਗੀਤ ਦੀ ਬੁਣਤੀ ਨੇ ਇਸ ਰਿਸ਼ਤੇ ਦੀ ਚਿਰਸਥਾਈ ਅਹਿਮੀਅਤ ਤੇ ਵਿਲੱਖਣਤਾ ਨੂੰ ਬਾਖੂਬੀ ਪ੍ਰਗਟਾਇਆ ਹੈ। ਰਾਜਵੀਰ ਜਵੰਦਾ ਦਾ ਇਹ ਗੀਤ ਖਰੇ ਰਿਸ਼ਤਿਆਂ ਦੀ ਚਾਸ਼ਨੀ ਵਿੱਚ ਢਲ਼ ਕੇ ਕੌੜੀਆਂ ਸਚਾਈਆਂ ਪ੍ਰਗਟ ਕਰਦਾ ਤੁਰਿਆ ਜਾਂਦਾ ਹੈ। ਸੋਚਦਾ ਹਾਂ ਉਹ ਕਿਹੜੇ ਪਲ ਸਨ, ਜਿਹੜੇ ਉਹਦੀ ਸੁਹਾਗਣ ਪਤਨੀ ਨੂੰ ਆਪਣੀ ਸੱਸ ਦੀ ਜੂਨ ਵਰਗੀ ਜੂਨ ਹੰਢਾਉਣ ਲਈ ਬੰਨ੍ਹ ਗਏ ਹਨ? ਰਾਜਵੀਰ ਜਵੰਦਾ ਦੇ ਵਿਛੋੜੇ ਨੇ ਸਾਡੀ ਮਹਿੰਗੀ, ਲਾਲਚੀ ਡਾਕਟਰੀ ਇਲਾਜ ਪ੍ਰਣਾਲ਼ੀ ’ਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲਗਾਇਆ ਹੈ। ਉਂਝ ਮਨੁੱਖੀ ਜ਼ਿੰਦਗੀ ਨਾਲ਼ ਜੁੜੇ ਇਸ ਕਿੱਤੇ ਵਿੱਚ ਨਿੱਤ ਦਿਨ ਚੱਲ ਰਹੀਆਂ ਸਾਜ਼ਿਸ਼ਾਂ ਉਜਾਗਰ ਹੁੰਦੀਆਂ ਰਹਿੰਦੀਆਂ ਹਨ, ਪਰ ਗਰੀਬ ਆਦਮੀ ਨਾਲ਼ ਹੋਈਆਂ-ਬੀਤੀਆਂ ਨੂੰ ਕੌਣ ਗੌਲ਼ਦਾ ਹੈ? ਆਏ ਦਿਨ ਸੰਤਾਪ ਹੰਢਾ ਰਹੇ ਲੋਕ, ਚਾਰਾ ਨਾ ਚੱਲਦਾ ਦੇਖ ਮਜ਼ਬੂਰੀਵਸ ਭੁੱਲ-ਭੁਲਾ ਜਾਂਦੇ ਹਨ। ਉਂਝ ਅੰਦਰੋਂ-ਅੰਦਰੀਂ ਧੁਖਦੇ ਰਹਿੰਦੇ ਹਨ। ਉਨ੍ਹਾਂ ਦੇ ਇਸ ਦੁੱਖ ਨੂੰ ਵੰਡਾਉਣ ਵਾਲ਼ਾ ਕੋਈ ਨਹੀਂ। ਆਪਣੀ ਸਾਰੀ ਜ਼ਿੰਦਗੀ ਦੀ ਖੱਟੀ-ਕਮਾਈ ਨਾਲ਼ ਆਧੁਨਿਕ ਡਾਕਟਰੀ ਇਲਾਜ ਪ੍ਰਣਾਲ਼ੀ ਦੇ ਖੀਸੇ ਭਰ ਛੱਡਦੇ ਹਨ। ਇਨ੍ਹਾਂ ਸੋਚਾਂ ਦੇ ਆਲਮ ਵਿੱਚ ਹੀ ਸਾਂ ਕਿ ਬਾਈ ਦਲੇਰ ਸਿੰਘ ਦੇ ਫੋਨ ਦੀ ਘੰਟੀ ਖੜਕੀ। ‘ਛੋਟੇ ਭਾਈ ਸ਼ਿਵ ਕੁਮਾਰ ਬਟਾਲਵੀ ਵਾਂਗ ਜੋਬਨ ਰੁੱਤੇ ਜ਼ਿੰਦਗੀ ਦੇ ਸਾਹਾਂ ਨਾਲ਼ੋਂ ਤੰਦ ਤੋੜ ਗਏ ਸਿੱਧੂ ਮੂਸੇਵਾਲ਼ਾ, ਦਿਲਸ਼ਾਦ ਅਖ਼ਤਰ, ਅਮਰ ਸਿੰਘ ਚਮਕੀਲਾ, ਸੁਰਜੀਤ ਬਿੰਦਰਖੀਆ, ਕੁਲਵਿੰਦਰ ਢਿੱਲੋਂ ਤੇ ਦਿਲਜਾਨ ਵਰਗੇ ਗੱਭਰੂ ਫਨਕਾਰਾਂ ਨੂੰ ਕਿਹੜੀਆਂ ਕਿਹੜੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋਣਾ ਪਿਆ, ਸਭ ਦੇ ਸਾਹਮਣੇ ਹੈ। ਰਾਜਵੀਰ ਜਵੰਦਾ ਵੀ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਐ।

ਬੱਗਾ ਜੀ ਬਿਮਾਰ ਸੀ ਭਲਾਂ? ਹਾਲੇ ਕੁਝ ਦਿਨ ਪਹਿਲਾਂ ਤਾਂ ਉਹ ਕਨੇਡਿਉਂ ਆਇਆ ਕਹਿੰਦੇ। ਅਲਗੋਜ਼ਿਆਂ ਨਾਲ਼ ਇੱਕ ਵਾਰ ਤਾਂ ਮਹਿਫਲ ਵਿੱਚ ਰੰਗ ਭਰ ਦਿੰਦਾ ਸੀ। ‘ਤੇਰੇ ਗੀਤ ਯਾਦਾਂ ਦਿਲ ਦੇ ਝਨਾਂ ’ਚ ਜਦੋਂ ਵਹਿਣਗੀਆਂ’ ਦੀ ਵੀਡੀਓ ਵਿੱਚ ਮੈਂ ਹੁਣੇ ਫਿਰ ਦੇਖ ਕੇ ਹਟਿਆਂ ਉਹਨੂੰ। ਮਲਵਈ ਬੋਲੀਆਂ ਪਾਉਣ ਵਿੱਚ ਵੀ ਓਹਦਾ ਕੋਈ ਸਾਨੀ ਨਹੀਂ ਸੀ। ਤੂੰ ਦੱਸਿਆ ਸੀ ਓਹਦੀ ਪਤਨੀ ਤਾਂ ਕਹਿੰਦੇ ਬਹੁਤ ਸਮਾਂ ਪਹਿਲਾਂ ਵਿਛੋੜਾ ਦੇ ਗਈ ਸੀ। ਉਫ ! ਬੜਾ ਔਖਾ ਯਾਰ। ਕਿੰਝ ਉਸ ਨੇ ਛੋਟੇ ਛੋਟੇ ਬੱਚੇ ਪਾਲ਼ੇ, ਪੜ੍ਹਾਏ ਤੇ ਹੁਣ ਕਹਿੰਦੇ ਕੈਨੇਡਾ ਸੈਟਲ ਨੇ। ਪਿਛਲੇ ਹਫਤੇ ਈ ਪੋਤੀ ਨੂੰ ਕਾਰ ’ਤੇ ਬਿਠਾ ਕੇ ਉਸ ਫੇਸਬੁੱਕ ’ਤੇ ਫੋਟੋ ਪਾਈ ਸੀ। ਚੱਲ ਦੋ ਚਾਰ ਮਹੀਨੇ ਬੱਚਿਆਂ ਕੋਲ਼ ਰਹਿ ਆਉਂਦਾ ਸੀ, ਪਰ ’ਕੱਲਾ ਰਹਿਣਾ ਬੜਾ ਔਖਾ। ਇੱਕ ਵਾਰ ਜਦੋਂ ਆਪਾਂ ਓਹਦੇ ਘਰ ਮਿਲ਼ਣ ਗਏ ਸੀ। ਉਸ ਵੱਲੋਂ ਅਲਗੋਜ਼ੇ ’ਤੇ ਵਜਾਈ ਜੁਗਨੀ ਦੀ ਧੁਨ ਮੈਨੂੰ ਕਿਸੇ ਹੋਰ ਦੁਨੀਆਂ ਦੇ ਸਫਰ ’ਤੇ ਤੋਰ ਲੈਂਦੀ ਹੈ ਭਰਾ। ਸਨਮਾਨ ਚਿੰਨ੍ਹਾਂ ਨਾਲ਼ ਓਹਦਾ ਘਰ ਭਰਿਆ ਪਿਆ ਸੀ। ਜਦੋਂ ਆਪਾਂ ਓਹਦੇ ਘਰ ’ਚ ਦਾਖਲ ਹੋਏ ਰੇਡੀਓ ’ਤੇ ’ਵੀਰ ਮੇਰਿਆ ਓਏ ਜੁਗਨੀ’ ਵੱਜ ਰਿਹਾ ਸੀ। ਹੁਣ ਤਾਂ ਓਹਦੀ ਦੇਹ ਮੌਰਚਰੀ ’ਚ ਰੱਖੀ ਹੋਣੀ ਆ। ਆਹੋ ! ਬੱਚਿਆਂ ਦੀ ਉਡੀਕ ਤਾਂ ਕਰਨੀ ਪਵੇਗੀ। ਜਾਨਲੇਵਾ ਡਾਕਟਰੀ ਇਲਾਜ ਤੇ ਦਵਾਈਆਂ ਦਾ ਰੱਬ ਈ ਰਾਖਾ। ਆਹ ਹੁਣ ਦੇਖ ਲੈ ਕਫ ਸਿਰਪ ਕਾਰਨ ਘੱਟੋ ਘੱਟ ਵੀਹ ਬੱਚਿਆਂ ਦੀਆਂ ਜਾਨਾਂ ਚਲੇ ਗਈਆਂ। ਦੁਨੀਆਂ ਦੀ ਫਾਰਮੇਸੀ ਵਜੋਂ ਜਾਣੇ ਜਾਂਦੇ ਆਪਣੇ ਦੇਸ਼ ਦੀ ਬਣੀ ਭੱਲ ਧੁੰਦਲੀ ਹੋ ਰਹੀ ਏ ਭਰਾਵਾ। ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਮੀਡੀਆ ਸਭ ਆਪਣੀਆਂ ਆਪਣੀਆਂ ਖੇਡਾਂ ਵਿੱਚ ਮਸ਼ਰੂਫ ਹਨ। ਸਾਰੀ ਜ਼ਿੰਮੇਵਾਰੀ ਨਿਆਂਪਾਲਿਕਾ ’ਤੇ ਸੁੱਟੀ ਜਾ ਰਹੇ ਨੇ। ਫਾਰਮਾ ਉਤਪਾਦਾਂ ਦੀ ਭਰੋਸੇਯੋਗਤਾ ਕਿੱਧਰ ਨੂੰ ਜਾ ਰਹੀ ਹੈ? ਵਪਾਰ ਦੇ ਨੱਥਹੀਣ ਢੱਠੇ ਨੇ ਮਨੁੱਖੀ ਕਦਰਾਂ-ਕੀਮਤਾਂ ਨੂੰ ਸਿੰਗਾਂ ’ਤੇ ਚੁੱਕ ਲਿਆ ਹੋਇਐ।’ ਫੋਨ ਕਦੋਂ ਕੱਟਿਆ ਗਿਆ ਪਤਾ ਨਹੀਂ। ਗੀਤ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨ, ਅਲਗੋਜ਼ੇ ਵੱਜ ਰਹੇ ਹਨ ਜਿਵੇਂ ਕਰਮਜੀਤ ਬੱਗਾ ਵਜਾ ਰਿਹਾ ਹੋਵੇ। ਰਾਜਵੀਰ ਜਵੰਦਾ ਨਹੀਂ ਨਹੀਂ ਆਲਮ ਲੁਹਾਰ ਗਾ ਰਿਹੈ, ‘ਬੂਹੇ ਅੱਗੇ ਲਾਵਾਂ ਫੇਰੀਆਂ/ ਗੱਲਾਂ ਘਰ ਘਰ ਹੋਵਣ ਤੇਰੀਆਂ – ਮੇਰੀਆਂ/ ਮੈਨੂੰ ਸ਼ਕਲ ਦਿਖਾ ਜਾ/ ਆ ਜਾ ਹੋ … ਬੋਲ ਮਿੱਟੀ ਦਿਆ ਬਾਵਿਆ ਤੂੰ ਕਿਉਂ ਨਈਂ ਬੋਲਦਾ/ ਦਿਲਾਂ ਦੀ ਘੁੰਡੀ ਨੂੰ ਤੂੰ ਵੈਰੀਆ ਨਈਂ ਖੋਲ੍ਹਦਾ?’
ਸੁਰਜੀਤ ਸੁਮਨ- 98144 30874
