ਧਿਆਨ ਸਿੰਘ ਕਾਹਲ਼ੋਂ ਦੇ ਗੀਤ ਸੰਗ੍ਰਹਿ ‘ਤੇਤਰੇ ਮੇਤਰੇ ਬੋਲ’ ’ਤੇ ਹੋਈ ਵਿਚਾਰ ਚਰਚਾ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 26 ਸਤੰਬਰ:
ਕਵੀ ਮੰਚ (ਰਜਿ.) ਮੋਹਾਲ਼ੀ ਵੱਲੋਂ ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.), ਚੰਡੀਗੜ੍ਹ ਦੇ ਸਹਿਯੋਗ ਨਾਲ਼ ਧਿਆਨ ਸਿੰਘ ਕਾਹਲ਼ੋਂ ਦੇ ਗੀਤ ਸੰਗ੍ਰਹਿ ‘ਤੇਤਰੇ ਮੇਤਰੇ ਬੋਲ’ ’ਤੇ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿੱਚ ਡਾ. ਲਾਭ ਸਿੰਘ ਖੀਵਾ, ਮੁੱਖ ਮਹਿਮਾਨ ਅਤੇ ਮਲਕੀਅਤ ਸਿੰਘ ਔਜਲਾ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਭਗਤ ਰਾਮ ਰੰਘਾੜਾ ਵੱਲੋਂ ਕੀਤੀ ਗਈ। ਸਭ ਤੋਂ ਪਹਿਲਾਂ ਗਾਇਕ ਗੁਰਿੰਦਰ ਗੁਰੀ ਨੇ ਧਿਆਨ ਸਿੰਘ ਕਾਹਲ਼ੋਂ ਦੇ ਗੀਤ, ‘ਸੱਜਣਾ ਮਨਾਵੇਂ ਵੇ ਤੂੰ ਲੋਹੜੀਆਂ-ਦੀਵਾਲ਼ੀਆਂ’ ਅਤੇ ‘ਮਿੱਟੀ ਦਾ ਸਰੀਰ ਮਿੱਟੀ ਰੁਲ਼ ਜਾਣਾ ਏ’, ਤਰੰਨਮ ਵਿੱਚ ਸੁਣਾਏ। ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਉੱਘੇ ਲੇਖਕ ਤੇ ਜਰਨਲਿਸਟ ਸੁਰਜੀਤ ਸੁਮਨ ਨੇ ਕਿਹਾ ਕਿ ਧਿਆਨ ਸਿੰਘ ਕਾਹਲ਼ੋ ਗੀਤਕਾਰੀ ਦਾ ਭਰ ਵਹਿੰਦਾ ਦਰਿਆ ਹੈ। ਉਹ ਗੀਤ ਰਚਦਾ ਹੈ, ਗਾਉਂਦਾ ਹੈ ਤੇ ਗੀਤ ਨੂੰ ਜਿਊਂਦਾ ਵੀ ਹੈ। ਉਨ੍ਹਾਂ ਕਿਹਾ ਕਿ ਗੀਤਕਾਰ ਵੱਲੋਂ ‘ਬੋਲ’ ਸ਼ਬਦ ਨੂੰ ਆਪਣੇ ਗੀਤਾਂ ਵਿੱਚ ਨਿਵੇਕਲ਼ੇ ਤੇ ਵਿਸ਼ੇਸ਼ ਮਹੱਤਵ ਵਜੋਂ ਵਰਤਿਆ ਹੈ। ਉੱਘੇ ਜਰਨਲਿਸਟ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਕਾਹਲ਼ੋਂ ਨਾਲ਼ ਆਪਣੇ ਲੰਬੇ ਮੁਹੱਬਤੀ ਸਫਰ ਬਾਰੇ ਕਿਹਾ ਕਿ ਕਿਸੇ ਵੇਲ਼ੇ ਉਹ ਸਟੇਜ ’ਤੇ ਡਿਊਟ ਗੀਤ ਗਾਉਂਦੇ ਸਨ। ਹੁਣ ਉਨ੍ਹਾਂ ਵੱਲੋਂ ਰਚੇ ਜਾ ਰਹੇ ਗੀਤਾਂ ਦੇ ਉਹ ਕਾਇਲ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਵੀ ਪਵਨ ਤੇ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ ਹੈ, ਇਸ ਲਈ ਸ਼ਬਦ ਤੇ ਬੋਲ ਹੀ ਸਭ ਤੋਂ ਉੱਚਾ ਸਥਾਨ ਰੱਖਦੇ ਹਨ।

ਰਾਜ ਕੁਮਾਰ ਸਾਹੋਵਾਲ਼ੀਆ ਨੇ ਪੇਪਰ ਪੜ੍ਹਦਿਆ ਕਿਹਾ ਕਿ ਕਾਹਲ਼ੋਂ ਦੇ ਪਹਿਲੇ ਗੀਤ ਸੰਗ੍ਰਹਿ ਰਸੀਲੇ ਬੋਲ, ਟੰਬਵੇਂ ਬੋਲ ਅਤੇ ਹੁਣ ਤੇਤਰੇ ਬੋਲ ਤੱਕ ਉਹ ਸ਼ਬਦ ਸ਼ਬਦ ਦੇ ਗਵਾਹ ਰਹੇ ਹਨ। ਉਨ੍ਹਾਂ ਕਾਹਲ਼ੋਂ ਦੀ ਹਰ ਰੰਗ ਦੀ ਗੀਤਕਾਰੀ ਨੂੰ ਸਰੋਤਿਆਂ ਸਨਮੁੱਖ ਕਰਦਿਆਂ ਕਿਹਾ ਕਿ ਬੇਸ਼ੱਕ ਗੀਤ ਲਿਖਣਾ ਔਖਾ ਕਾਰਜ ਹੈ, ਪਰ ਗੀਤ ਲਿਖਣ ਦੇ ਨਾਲ਼ ਨਾਲ਼ ਕਾਹਲ਼ੋਂ ਸੁਰ-ਤਾਲ ਦਾ ਵੀ ਪੂਰਾ ਧਿਆਨ ਰੱਖਦਾ ਹੈ। ਉਹਦੇ ਗੀਤਾਂ ਵਿੱਚੋਂ ਬਹੁ-ਪੱਖੀ ਗਿਆਨ ਝਲਕਦਾ ਹੈ, ਜਿਸ ਵਿੱਚ ਕੋਈ ਨਾ ਕੋਈ ਸੁਨੇਹਾ ਹੁੰਦਾ ਹੈ। ਗੀਤਕਾਰ ਧਿਆਨ ਸਿੰਘ ਕਾਹਲ਼ੋ ਨੇ ਸਵੈ-ਰਚਿਤ ਗੀਤ, ‘ਕਾਹਲ਼ੋਂ ਡੁੱਬ ਜਾਣਿਆਂ, ਜ਼ਿੰਦਗੀ ਬੰਦ ਲਿਫਾਫਾ ਮਿੱਤਰਾ ਖੋਲ੍ਹੀਂ ਨਾ, ਦਾਦੇ ਪੋਤੇ ਦਾ ਪਿਆਰ ਅਤੇ ਓਹੜ-ਪੋਹੜ ਕਰੀ ਜਾਵਾਂ ਜ਼ਿੰਦਗੀ ਜਿਊਣ ਲਈ’ ਆਦਿ ਸੁਣਾਏ। ਉਨ੍ਹਾਂ ਸ਼ਾਮਿਲ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਵੀ ਕੀਤਾ।

ਮਲਕੀਅਤ ਸਿੰਘ ਔਜਲਾ ਨੇ ‘ਸਮਾਂ ਹੁੰਦਾ ਹੈ ਬੜਾ ਬਲਵਾਨ ਲੋਕੋ’ ਸੁਣਾ ਕੇ ਵਕਤ ਦੀ ਅਹਿਮੀਅਤ ਨੂੰ ਤਰਜੀਹ ਦਿੰਦਿਆਂ ਗੀਤ ‘ਹਰ ਵੇਲ਼ੇ ਫੋਨ ’ਚ ਵੜਿਆ ਰਹਿੰਨੈ’ ਸੁਣਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਸੁਖਵੰਤ ਕਾਹਲ਼ੋਂ ਨੇ ਕਿਹਾ ਕਿ ਮੇਰੇ ਪਿਤਾ ਬਹੁਤ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਦੀ ਬਦੌਲਤ ਮੈਂ ਤੇ ਮੇਰਾ ਪਰਿਵਾਰ ਸਫਲ ਹੋਇਆ ਹੈ। ਭਗਤ ਰਾਮ ਰੰਗਾੜਾ ਨੇ ਕਾਹਲ਼ੋਂ ਦੀ ਗੀਤਕਾਰੀ, ਸੁਭਾਅ ਤੇ ਸਮਰਪਣ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਗੀਤਕਾਰੀ ਦੇ ਨਾਲ਼ ਨਾਲ਼ ਉਹ ਇੱਕ ਚੰਗੇ ਇਨਸਾਨ ਵੀ ਹਨ। ਉਨ੍ਹਾਂ ਕਾਹਲ਼ੋਂ ਨੂੰ ਪੰਜ ਹਜ਼ਾਰ ਰੁਪਏ ਵਿੱਤੀ ਸਹਾਇਤਾ ਭੇਟ ਕੀਤੀ। ਇਸੇ ਤਰ੍ਹਾਂ ਮਲਕੀਅਤ ਸਿੰਘ ਔਜਲਾ ਨੇ ਇੱਕੀ ਸੌ ਰੁਪਏ ਅਤੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਭਿਆਚਾਰ ਨੂੰ ਬਚਾਉਣ ਲਈ ਹਮੇਸ਼ਾ ਤਤਪਰ ਰਣਜੀਤ ਕੌਰ ਕੰਗ ਟਿਵਾਣਾ ਨੇ ਵੀ ਉਨ੍ਹਾਂ ਸ਼ਗਨ ਨੂੰ ਦਿੱਤਾ। ਇਸ ਮੌਕੇ ਅਮਰਜੀਤ ਕੌਰ ਮੋਰਿੰਡਾ ਤੇ ਭੁਪਿੰਦਰ ਸਿੰਘ ਭਾਗੋਮਾਜਰੀਆ ਨੇ ਗੀਤ ਸੁਣਾਏ। ਜਰਨਲਿਸਟ ਗੁਰਜੀਤ ਸਿੰਘ ਲਾਂਬਾ ਅਤੇ ਐਡਵੋਕੇਟ ਨੀਲਮ ਨਾਰੰਗ ਨੇ ਵੀ ਸੰਬੋਧਨ ਕੀਤਾ। ਮੁੱਖ ਮਹਿਮਾਨ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਕਾਹਲ਼ੋਂ ਨਾਲ਼ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ। ਉਸ ਦੀ ਗੀਤਕਾਰੀ ਵਿੱਚ ਪ੍ਰਪੱਕਤਾ ਹੈ। ਉਨਾਂ ਕਿਹਾ ਕਿ ਸਾਡੇ ਵੇਦ, ਪੁਰਾਣ, ਗ੍ਰੰਥ ਆਦਿ ਸਭ ਕਵਿਤਾ ਵਿੱਚ ਹੀ ਰਚੇ ਗਏ ਹਨ। ਗੀਤਕਾਰੀ ਸਾਡੀ ਬਹੁਤ ਪੁਰਾਣੀ ਵਿਧਾ ਹੈ। ਮਨੁੱਖ ਨੇ ਸਭ ਤੋਂ ਪਹਿਲਾਂ ਬੋਲਣਾ ਸ਼ੁਰੂ ਕੀਤਾ, ਜਦਕਿ ਸ਼ਬਦ ਬਹੁਤ ਬਾਅਦ ਵਿੱਚ ਆਇਆ। ਕਾਹਲ਼ੋਂ ਦੀ ਗੀਤਕਾਰੀ ‘ਬੋਲ’ ਸ਼ਬਦ ਦੇ ਦੁਆਲ਼ੇ ਘੁੰਮਦੀ ਹੈ। ਉਨ੍ਹਾਂ ਕਿਹਾ ਕਿ ਇਹ ਗੀਤ ਹੀ ਹਨ, ਜੋ ਸਾਡੇ ਸਾਹਿਤ ਤੇ ਸਭਿਆਚਾਰ ਨੂੰ ਅਮੀਰ ਕਰਦੇ ਹਨ। ਮੰਚ ਵੱਲੋਂ ਡਾ. ਲਾਭ ਸਿੰਘ ਖੀਵਾ, ਮਲਕੀਅਤ ਸਿੰਘ ਔਜਲਾ, ਧਿਆਨ ਸਿੰਘ ਕਾਹਲ਼ੋਂ, ਰਾਜ ਕੁਮਾਰ ਸਾਹੋਵਾਲ਼ੀਆ, ਗੁਰਪ੍ਰੀਤ ਸਿੰਘ ਨਿਆਮੀਆਂ, ਸੁਰਜੀਤ ਸੁਮਨ, ਗੁਰਿੰਦਰ ਗੁਰੀ ਅਤੇ ਰਣਜੀਤ ਕੌਰ ਕੰਗ ਟਿਵਾਣਾ ਦਾ ਲੋਈ ਤੇ ਯਾਦ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਕਹਾਣੀਕਾਰ ਗੁਰਮੀਤ ਸਿੰਗਲ, ਮਹਿੰਦਰ ਸਿੰਘ ਕਲਸੀ, ਜਸਵਿੰਦਰ ਸਿੰਘ ਕਾਈਨੌਰ, ਪਿਆਰਾ ਸਿੰਘ ਰਾਹੀ, ਸਰਬਜੀਤ ਸਿੰਘ ਪੱਡਾ, ਡਾ. ਪੰਨਾ ਲਾਲ ਮੁਸਤਫਾਬਾਦੀ, ਗੁਰਸ਼ਰਨ ਸਿੰਘ ਕਾਕਾ, ਸੁਮਿੱਤਰ ਸਿੰਘ ਦੋਸਤ, ਬਾਬੂ ਰਾਮ ਦੀਵਾਨਾ ਅਤੇ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਵੱਲੋਂ ਹਿੱਸਾ ਲਿਆ ਗਿਆ।

