ਉੱਘੇ ਕਵੀ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਹਾਕ’ ‘ਤੇ ਹੋਈ ਵਿਚਾਰ-ਚਰਚਾ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 29 ਅਗਸਤ:

ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ, ਪੰਜਾਬ ਕਲਾ ਭਵਨ ਸੈਕਟਰ 16 ਵਿਖੇ ਉੱਘੇ ਕਵੀ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਹਾਕ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਪ੍ਰਧਾਨਗੀ ਮੰਡਲ ਵੱਲੋਂ ਕਿਤਾਬ ਦਾ ਲੋਕ ਅਰਪਣ ਕੀਤਾ ਗਿਆ। ਇਸ ਤੋਂ ਬਾਅਦ ਜਗਜੀਤ ਸੰਧੂ ਨੇ ਨਿਰਵਾਣ, ਹਾਕ, ਲਿਖਤਮ ਐਨ ਆਰ ਆਈ, ਲਿਖਤੁਮ ਹਿੰਦੋਸਤਾਨ ਆਦਿ ਕਵਿਤਾਵਾਂ ਦਾ ਪਾਠ ਕੀਤਾ। ਇਸ ਉਪਰੰਤ ਮੁੱਖ ਬੁਲਾਰੇ ਵਜੋਂ ਬੋਲਦਿਆਂ ਡਾ. ਮਨਪ੍ਰੀਤ ਜਸ ਨੇ ਕਿਹਾ ਕਿ ਇਹ ਕਵਿਤਾ ਇਕ ਸੰਕਲਪ ਨਾਲ ਬੱਝੀ ਨਹੀਂ। ਇਸ ਵਿਚ ਪਿਆਰ ਦੇ ਬਹੁਤ ਸਾਰੇ ਰੰਗ ਪ੍ਰਗਟ ਹੁੰਦੇ ਹਨ। ਉਹਨਾਂ ਅਗਾਂਹ ਕਿਹਾ ਕਿ ਇਸ ਕਵਿਤਾ ਵਿਚ ਆਮ ਪਾਠਕ ਦੀ ਦਿਲਚਸਪੀ ਘੱਟ ਹੋ ਸਕਦੀ ਹੈ।

ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਇਹ ਕਵਿਤਾ ਇਕ ਥੀਮ ਦੀ ਕਵਿਤਾ ਨਹੀਂ। ਇਹ ਕਵਿਤਾ ਮਸਤਕ ਤੋਂ ਮਨ ਦਾ ਸਫ਼ਰ ਕਰਦੀ ਹੈ। ਉੱਘੇ ਆਲੋਚਕ ਡਾ. ਯੋਗਰਾਜ ਨੇ ਕਿਹਾ ਕਿ ਜਗਜੀਤ ਸੰਧੂ ਆਪਣੇ ਪ੍ਰਵਚਨ ਨੂੰ ਕਵਿਤਾ ਵਿਚ ਢਾਲਦਾ ਹੈ। ਇਹ ਰਿਦਮਕ ਕਵਿਤਾ ਹੈ। ਵੱਡੇ ਆਲੋਚਕ ਤੇ ਉੱਘੇ ਕਵੀ ਡਾ. ਮਨਮੋਹਨ ਨੇ ਕਿਹਾ ਕਿ ਇਹ ਕਵਿਤਾ ਪ੍ਰਮਾਣਿਕ ਅਨੁਭਵ ਦੀ ਕਵਿਤਾ ਹੈ। ਇਹਨਾਂ ਕਵਿਤਾਵਾਂ ਨੂੰ ਸਰਲ ਤੇ ਸਿੱਧੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਹਨਾਂ ਕਵਿਤਾਵਾਂ ਵਿਚ ਸਰਬਕਾਲਿਕ ਮਸਲੇ ਪੇਸ਼ ਕੀਤੇ ਗਏ ਹਨ। ਆਖ਼ਰ ਵਿਚ ਪੰਜਾਬ ਕਲਾ ਪਰਿਸ਼ਦ ਚੇਅਰਮੈਨ ਕਵੀ ਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਕਿਹਾ ਕਿ ਉਹ ਜਗਜੀਤ ਨੂੰ ਚਾਰ ਦਹਾਕਿਆਂ ਤੋਂ ਜਾਣਦੇ ਹਨ। ਉਹਨਾਂ ਕਿਹਾ ਕਿ ਜਗਜੀਤ ਦੀ ਕਵਿਤਾ ਲੋਕ ਮਨ ਦੇ ਨੇੜੇ ਹੈ। ਉਹਨਾਂ ਆਏ ਸਰੋਤਿਆਂ ਦਾ ਧੰਨਵਾਦ ਵੀ ਕੀਤਾ। ਮੰਚ ਸੰਚਾਲਨ ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਕੀਤਾ। ਸਮਾਗਮ ਵਿਚ ਉੱਘੇ ਵਿਦਵਾਨ ਸੁਮੇਲ ਸਿੰਘ ਸਿੱਧੂ, ਵਰਿੰਦਰ ਸਿੰਘ, ਚਰਨਜੀਤ ਬਾਠ, ਡਾ. ਅਵਤਾਰ ਸਿੰਘ ਪਤੰਗ, ਹਰਜੀਤ ਸਿੰਘ, ਦੀਪਕ ਮਹਿਤਾ, ਡਾ. ਸੁਰਿੰਦਰ ਗਿੱਲ, ਸਰਦਾਰਾ ਸਿੰਘ ਚੀਮਾ, ਬਲਜੀਤ ਕੌਰ ਆਦਿ ਹਾਜ਼ਰ ਸਨ।