ਮੁਲਾਜ਼ਮਾਂ ਵੱਲੋਂ ਮੁਕੰਮਲ ਕੰਮ ਬੰਦ ਹੜਤਾਲ ਖ਼ਤਮ ਕਰਨ ਦਾ ਐਲਾਨ – ਮੁੱਖ ਸਕੱਤਰ ਨਾਲ਼ ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ

ਮੁੱਖ ਮੰਤਰੀ ਨਾਲ਼ ਹੋਵੇਗੀ ਮੀਟਿੰਗ – ਸ਼ੋਅ ਕਾਜ਼ ਨੋਟਿਸ ਲਏ ਜਾਣਗੇ ਵਾਪਸ – ਮੁੱਖ ਸਕੱਤਰ ਨੇ ਕੀਤਾ ਵਾਅਦਾ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 09 ਸਤੰਬਰ:
ਮੁੱਖ ਸਕੱਤਰ, ਪੰਜਾਬ ਸਰਕਾਰ ਵੱਲੋਂ ਸਾਂਝਾ ਮੁਲਾਜ਼ਮ ਮੰਚ ਨਾਲ਼ ਸਕੱਤਰੇਤ ਵਿਖੇ ਅੱਜ ਵੀ ਚੱਲ ਰਹੀ ਮੁਕੰਮਲ ਕੰਮ ਬੰਦ ਹੜਤਾਲ ਸਬੰਧੀ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ, ਜਿਸ ਵਿੱਚ ਮੰਚ ਦੇ ਆਗੂਆਂ ਸੁਖਚੈਨ ਸਿੰਘ ਖਹਿਰ, ਸੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ, ਮਨਜੀਤ ਸਿੰਘ ਰੰਧਾਵਾ, ਮਲਕੀਅਤ ਸਿੰਘ ਔਜਲਾ, ਕੁਲਵੰਤ ਸਿੰਘ, ਅਲਕਾ ਚੋਪੜਾ ਅਤੇ ਬਲਰਾਜ ਸਿੰਘ ਦਾਊਂ, ਪੈਨਸ਼ਨਰ ਆਗੂ ਸ਼ਾਮ ਲਾਲ ਸ਼ਰਮਾ ਆਦਿ ਸ਼ਾਮਿਲ ਹੋਏ। ਮਾਣਯੋਗ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਮੁਲਾਜ਼ਮ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਮੁੱਖ ਮੰਤਰੀ ਨਾਲ਼ ਉਨ੍ਹਾਂ ਦੀ ਮੀਟਿੰਗ ਜਲਦ ਹੀ ਕਰਵਾਈ ਜਾਵੇਗੀ ਅਤੇ ਹੁਣ ਤੱਕ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੁਲਾਜ਼ਮ ਵਿਰੋਧੀ ਕਾਰਨ ਦੱਸੋ ਨੋਟਿਸ ਵਾਪਸ ਲੈ ਲਏ ਜਾਣਗੇ।

ਉਨ੍ਹਾਂ ਮੁਲਾਜ਼ਮ ਆਗੂਆਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਬਾਰੇ ਸਰਕਾਰ ਵੱਲੋਂ ਹਮਦਰਦੀ ਨਾਲ਼ ਵਿਚਾਰ ਕੀਤਾ ਜਾਵੇਗਾ। ਪਿਛਲੇ ਕੁਝ ਸਮੇਂ ਤੋਂ ਸਰਕਾਰ ਅਤੇ ਮੁਲਾਜ਼ਮਾਂ ਵਿੱਚ ਬਣਿਆ ਅਣਸੁਖਾਵਾਂ ਟਕਰਾਅ ਹਾਲ ਦੀ ਘੜੀ ਟਲ਼ਣ ਨਾਲ਼ ਸਰਕਾਰ, ਮੁਲਾਜ਼ਮ ਸਫਾਂ ਅਤੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਮਿਲ਼ਦਾ ਪ੍ਰਤੀਤ ਹੋ ਰਿਹਾ ਹੈ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਹੜਤਾਲ਼ੀ ਮੁਲਾਜ਼ਮਾਂ ਨੂੰ ਸੰਬਧਨ ਕਰਦਿਆਂ ਹਾਲ ਦੀ ਘੜੀ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ।