ਬਲਬੀਰ ਸਿੰਘ ਸਿੱਧੂ, ਪੁਆਧੀ ਅਖਾੜਾ ਪਰੰਪਰਾ ਦੇ ਮੋਢੀ ਭਗਤ ਆਸਾ ਰਾਮ ਬੈਦਵਾਣ ਜੀ ਦੀ ਯਾਦਗਾਰ ‘ਤੇ ਹੋਏ ਨਤਮਸਤਕ
ਭਗਤ ਆਸਾ ਰਾਮ ਬੈਦਵਾਣ ਜੀ ਦੀ ਯਾਦ ਵਿੱਚ ਮਨਜ਼ੂਰ ਆਡੀਟੋਰੀਅਮ ਦਾ ਪ੍ਰਾਜੈਕਟ ‘ਆਪ’ ਸਰਕਾਰ ਨੇ ਪੌਣੇ ਪੰਜ ਸਾਲਾਂ ਵਿੱਚ ਵੀ ਨਹੀਂ ਕੀਤਾ ਸ਼ੁਰੂ: ਬਲਬੀਰ ਸਿੰਘ ਸਿੱਧੂ
ਮੋਹਾਲੀ (ਸਹਿਜਧਾਰਾ ਬਿਊਰੋ), 14 ਅਗਸਤ:
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪੁਆਧੀ ਅਖਾੜਾ ਪਰੰਪਰਾ ਦੇ ਮੋਢੀ ਭਗਤ ਆਸਾ ਰਾਮ ਬੈਦਵਾਣ ਜੀ ਦੀ ਯਾਦਗਾਰ ਵਿਖੇ ਪਹੁੰਚ ਕੇ ਉਨ੍ਹਾਂ ਦੀ ਸਮਾਧੀ ‘ਤੇ ਨਤਮਸਤਕ ਹੋਏ ਅਤੇ ਭਗਤ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਨ੍ਹਾਂ ਨੇ ਯਾਦਗਾਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਦਿਆਂ ਇਲਾਕੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਸਾਰਥਕ ਵਿਚਾਰ-ਵਟਾਂਦਰਾ ਵੀ ਕੀਤਾ। ਇਸ ਮੌਕੇ ਸਿੱਧੂ ਨੇ ਕਿਹਾ ਕਿ ਭਗਤ ਆਸਾ ਰਾਮ ਬੈਦਵਾਣ ਜੀ ਨੇ ਪੁਆਧੀ ਲੋਕ-ਸੱਭਿਆਚਾਰ, ਅਖਾੜਾ ਪਰੰਪਰਾ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀ ਯਾਦ ਨੂੰ ਸਾਂਭਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਨ੍ਹਾਂ ਦੀ ਵਿਰਾਸਤ ਨੂੰ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਦਿੱਤੇ ਮਾਣ-ਸਨਮਾਨ ਲਈ ਉਹ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਭਗਤ ਆਸਾ ਰਾਮ ਬੈਦਵਾਣ ਜੀ ਦੀ ਯਾਦ ਨੂੰ ਸਮਰਪਿਤ ਇੱਕ ਆਧੁਨਿਕ ਆਡੀਟੋਰੀਅਮ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਸੀ। ਚੰਡੀਗੜ੍ਹ ਦੇ ਟੈਗੋਰ ਥੀਏਟਰ ਦੀ ਤਰਜ਼ ‘ਤੇ ਤਿਆਰ ਕੀਤੇ ਜਾਣ ਵਾਲੇ ਇਸ ਆਡੀਟੋਰੀਅਮ ਲਈ ਸੈਕਟਰ-78 ਵਿੱਚ ਜਗ੍ਹਾ ਅਤੇ ਫੰਡ ਮਨਜ਼ੂਰ ਕਰਵਾਇਆ ਗਿਆ ਸੀ, ਤਾਂ ਜੋ ਪੁਆਧੀ ਸੱਭਿਆਚਾਰ, ਲੋਕ ਕਲਾਵਾਂ, ਅਖਾੜਾ ਪਰੰਪਰਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਇੱਕ ਵੱਡਾ ਮੰਚ ਮਿਲ ਸਕੇ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਿਰਫ਼ ਇੱਕ ਇਮਾਰਤ ਬਣਾਉਣ ਦਾ ਮਾਮਲਾ ਨਹੀਂ, ਸਗੋਂ ਪੁਆਧ ਦੀ ਅਮੀਰ ਵਿਰਾਸਤ ਅਤੇ ਭਗਤ ਆਸਾ ਰਾਮ ਬੈਦਵਾਣ ਜੀ ਦੀ ਯਾਦ ਨੂੰ ਸਦੀਵੀ ਰੂਪ ਵਿੱਚ ਸਾਂਭਣ ਦਾ ਮਾਮਲਾ ਹੈ। ਸਰਕਾਰ ਵੱਲੋਂ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਲੰਬੇ ਸਮੇਂ ਤੋਂ ਲਟਕਾਇਆ ਜਾਣਾ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਨੇ ਵੱਡੇ-ਵੱਡੇ ਵਾਅਦੇ ਤਾਂ ਬਹੁਤ ਕੀਤੇ, ਪਰ ਜ਼ਮੀਨੀ ਪੱਧਰ ‘ਤੇ ਪਹਿਲਾਂ ਤੋਂ ਮਨਜ਼ੂਰ ਅਤੇ ਲੋਕ ਹਿੱਤ ਨਾਲ ਜੁੜੇ ਪ੍ਰਾਜੈਕਟਾਂ ਨੂੰ ਵੀ ਅਮਲੀ ਰੂਪ ਦੇਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕਾਂਗਰਸ ਸਰਕਾਰ ਵੱਲੋਂ ਜਗ੍ਹਾ ਅਤੇ ਫੰਡ ਮਨਜ਼ੂਰ ਕੀਤੇ ਜਾ ਚੁੱਕੇ ਸਨ ਤਾਂ ਫਿਰ ਪੌਣੇ ਪੰਜ ਸਾਲਾਂ ਵਿੱਚ ਇਸ ਦੀ ਉਸਾਰੀ ਸ਼ੁਰੂ ਕਿਉਂ ਨਹੀਂ ਕਰਵਾਈ ਗਈ। ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਤੁਰੰਤ ਬਾਅਦ ਭਗਤ ਆਸਾ ਰਾਮ ਬੈਦਵਾਣ ਆਡੀਟੋਰੀਅਮ ਦਾ ਪ੍ਰਾਜੈਕਟ ਬਿਨਾਂ ਕਿਸੇ ਹੋਰ ਦੇਰੀ ਦੇ ਮੁੜ ਚਾਲੂ ਕਰਵਾਇਆ ਜਾਵੇਗਾ ਅਤੇ ਇਸ ਦੀ ਉਸਾਰੀ ਨੂੰ ਤਰਜੀਹ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਆਧ ਦੀ ਧਰਤੀ ਦੀ ਸੱਭਿਆਚਾਰਕ ਵਿਰਾਸਤ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਕਾਂਗਰਸ ਪੂਰੀ ਤਰ੍ਹਾਂ ਵਚਨਬੱਧ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਭਗਤ ਆਸਾ ਰਾਮ ਬੈਦਵਾਣ ਜੀ ਦੀ ਯਾਦ ਸਿਰਫ਼ ਇੱਕ ਵਿਅਕਤੀ ਦੀ ਯਾਦ ਨਹੀਂ, ਸਗੋਂ ਪੂਰੇ ਪੁਆਧ ਦੀ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਦਾ ਹਿੱਸਾ ਹੈ। ਇਸ ਵਿਰਾਸਤ ਨੂੰ ਸੰਭਾਲਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਰੜ), ਬੂਟਾ ਸਿੰਘ ਸੋਹਾਣਾ, ਗੁਰਦੀਪ ਸਿੰਘ ਗੱਗਾ, ਜਸਵਿੰਦਰ ਸਿੰਘ ਛਿੰਦਾ, ਮਨਜੀਤ ਸਿੰਘ ਪੱਪੀ, ਗੁਰਦੀਪ ਸਿੰਘ ਘੋਲਾ, ਮਾਸਟਰ ਸੁਖਦੇਵ ਸਿੰਘ ਸੋਹਾਣਾ, ਲਖਵਿੰਦਰ ਸਿੰਘ ਕਾਲਾ, ਦਵਿੰਦਰ ਸਿੰਘ ਸੀ ਟੀ ਯੂ, ਨਰਿੰਦਰ ਸਿੰਘ ਜਲਾਣੀਆ, ਅਮਰੀਕ ਸਿੰਘ ਸਰਪੰਚ ਮਟੌਰ, ਮਲਕੀਤ ਸਿੰਘ ਮਟੌਰ, ਸੁੱਚਾ ਸਿੰਘ ਮਟੌਰ, ਕ੍ਰਿਸ਼ਨ ਕੁਮਾਰ ਸੇਠੀ ਪੱਪੂ ਬੁੰਬਾ ਸੋਹਾਣਾ ਦਿਲਬਰ ਖਾਨ ਮਟੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ।