ਪੰਜਾਬ ਵਿੱਤੀ ਕਮਿਸ਼ਨਰ ਸਕੱਤਰੇਤ ਐਸੋਸੀਏਸ਼ਨ ਦੀਆਂ ਮਹਿਲਾਵਾਂ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਓਹਾਰ – ਅਲਕਾ ਚੋਪੜਾ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 14 ਅਗਸਤ:
ਪੰਜਾਬ ਵਿੱਤੀ ਕਮਿਸ਼ਨਰਜ਼ ਸਕੱਤਰੇਤ ਅਧਿਕਾਰੀ/ ਕਰਮਚਾਰੀ ਐਸੋਸੀਏਸ਼ਨ ਦੀ ਜਨਰਲ ਸਕੱਤਰ ਮੈਡਮ ਅਲਕਾ ਚੋਪੜਾ ਦੀ ਅਗਵਾਈ ਹੇਠ ਹੋਟਲ ਸਨਬੀਮ ਪ੍ਰੀਮੀਅਮ ਵਿਖੇ ‘ਤੀਆਂ ਦਾ ਤਿਉਹਾਰ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਰੰਗਾਰੰਗ ਸਮਾਗਮ ਵਿੱਚ ਮਹਿਲਾ ਮੁਲਾਜ਼ਮ ਪੂਰੇ ਪੰਜਾਬੀ ਪਹਿਰਾਵੇ ਵਿੱਚ ਸੱਜ-ਧੱਜ ਕੇ ਸ਼ਾਮਲ ਹੋਈਆਂ। ਸਮਾਗਮ ਵਿੱਚ ਮੈਡਮ ਸਤਨਾਮ ਕੌਰ, ਉਪ ਸਕੱਤਰ ਮਾਲ, ਮੈਡਮ ਮਨਜੀਤ ਕੌਰ ਸਹੋਤਰਾ, ਉਪ ਸਕੱਤਰ ਖੇਤੀਬਾੜੀ ਅਤੇ ਮੈਡਮ ਸਰਬਜੀਤ ਕੌਰ, ਅਧੀਨ ਸਕੱਤਰ ਮਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਕੁਲਵਿੰਦਰ ਕੌਰ, ਦਵਿੰਦਰ ਕੌਰ, ਭੁਪਿੰਦਰ ਕੌਰ, ਹਰਪ੍ਰੀਤ ਕੌਰ ਅਤੇ ਸਮੂਹ ਮਹਿਲਾ ਕਰਮਚਾਰੀਆਂ ਸਮੇਤ ਕਈ ਸੇਵਾ-ਮੁਕਤ ਸਾਥਣਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਦੌਰਾਨ ਜਿੱਥੇ ਮੁਟਿਆਰਾਂ ਨੇ ਗਿੱਧੇ ਅਤੇ ਬੋਲੀਆਂ ਨਾਲ ਰੌਣਕਾਂ ਲਾਈਆਂ, ਉੱਥੇ ਹੀ ਮਹਿਲਾ ਮੁਲਾਜ਼ਮਾਂ ਵੱਲੋਂ ਇੱਕ ਬੇਹੱਦ ਪ੍ਰਭਾਵਸ਼ਾਲੀ ਸਕਿੱਟ (ਨਾਟਕ) ਪੇਸ਼ ਕੀਤੀ ਗਈ। ਇਸ ਰਾਹੀਂ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਜਿਵੇਂ ਕਿ ਮਹਿੰਗਾਈ ਭੱਤਾ, ਪੁਰਾਣੀ ਪੈਨਸ਼ਨ ਸਕੀਮ (OPS) ਦੀ ਬਹਾਲੀ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਅਤੇ ਪੈਨਸ਼ਨਰਾਂ ਦੇ ਮਸਲਿਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਰਕਾਰ ਤੱਕ ਪਹੁੰਚਾਇਆ ਗਿਆ। ਅਖੀਰ ਵਿੱਚ ਜਨਰਲ ਸਕੱਤਰ ਮੈਡਮ ਅਲਕਾ ਚੋਪੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ।