ਪ੍ਰਤਾਪ ਪਾਰਸ ਗੁਰਦਾਸਪੁਰੀ ਦੂਰਦਰਸ਼ਨ ਦੇ ਪ੍ਰੋਗਰਾਮ ‘ਗੱਲਾਂ ਤੇ ਗੀਤ’ ਵਿੱਚ 08 ਅਗਸਤ ਨੂੰ ਹੋਣਗੇ ਸਰੋਤਿਆਂ ਦੇ ਰੂਬਰੂ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 07 ਅਗਸਤ:
ਉੱਘੇ ਕਵੀ, ਕਹਾਣੀਕਾਰ ਤੇ ਗੀਤਕਾਰ ਪ੍ਰਤਾਪ ਪਾਰਸ ਗੁਰਦਾਸਪੁਰੀ, ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ‘ਗੱਲਾਂ ਤੇ ਗੀਤ’ ਵਿੱਚ 08 ਅਗਸਤ, 2026 ਨੂੰ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਲੰਮੇ ਅਰਸੇ ਤੋਂ ਕਹਾਣੀ, ਕਵਿਤਾ ਤੇ ਗੀਤ ਲਿਖ ਰਹੇ ਹਨ। ਗੁਰਦਾਸਪੁਰ ਦੇ ਪਿੰਡ ਨੰਗਲ ਲਮੀਨ ਵਿਖੇ ਮਾਤਾ ਸਵਰਗੀ ਸ਼੍ਰੀਮਤੀ ਸਮਿੱਤਰੋ ਦੇਵੀ ਤੇ ਪਿਤਾ ਸ੍ਰੀ ਕ੍ਰਿਸ਼ਨ ਚੰਦ ਦੇ ਗ੍ਰਹਿ 2 ਅਪ੍ਰੈਲ, 1972 ਨੂੰ ਜਨਮੇ ਪ੍ਰਤਾਪ ਪਾਰਸ ਗੁਰਦਾਸਪੁਰੀ ਅੱਜ ਕੱਲ੍ਹ ਪੰਜਾਬ ਪੁਲਿਸ ਮੋਹਾਲ਼ੀ ਵਿਖੇ ਬਤੌਰ ਸਬ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਤਾਪ ਪਾਰਸ ਗੁਰਦਾਸਪੁਰੀ ਦੇ ਬਹੁਤ ਸਾਰੇ ਗੀਤ ਪਹਿਲਾਂ ਹੀ ਵੱਖ ਵੱਖ ਗਾਇਕਾਂ ਵੱਲੋਂ ਗਾਏ ਜਾ ਰਹੇ ਹਨ। ਉਨ੍ਹਾਂ ਦੇ ਕਈ ਗੀਤ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਪ੍ਰਸਾਰਿਤ ਹੋ ਚੁੱਕੇ ਹਨ। ਇੱਕ ਮੁਲਾਕਾਤ ਦੌਰਾਨ ਪਾਰਸ ਨੇ ਕਿਹਾ, ‘ਮੈਂ ਉਦੋਂ ਪੰਜ ਕੁ ਸਾਲ ਦਾ ਹੀ ਹੋਵਾਂਗਾ, ਜਦੋਂ ਸਾਡੇ ਪਿੰਡ ਫੌਜ ਦੀ ਛਾਉਣੀ ਬਣਨ ਲੱਗੀ। ਸਾਨੂੰ ਮਜਬੂਰਨ ਆਪਣੀ ਜਨਮ ਭੂਮੀ ਛੱਡ ਕੇ ਕਾਹਨੂੰਵਾਨ ਬਲਾਕ ਵਿਖੇ ਬਿਆਸ ਦਰਿਆ ਦੇ ਕੰਢੇ ਵਸਣਾ ਪਿਆ। ਇੱਥੇ ਹੀ ਮੈਂ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ। ਪੰਜਾਬ ਵਿੱਚ ਚੱਲ ਰਹੇ ਕਾਲ਼ੇ ਦੌਰ ਨੇ ਇੱਕ ਵਾਰ ਫਿਰ ਸਾਡੇ ਘਰ ਨੂੰ ਉੱਥੋਂ ਪੁੱਟ ਦਿੱਤਾ ਅਤੇ ਅਸੀਂ ਸ਼ਹਿਰ ਗੁਰਦਾਸਪੁਰ ਵਿਖੇ ਆ ਵਸੇ। ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਮੈਂ ਪੁਲਿਸ ਵਿੱਚ ਕਾਂਸਟੇਬਲ ਭਰਤੀ ਹੋ ਗਿਆ। ਪੁਲਿਸ ਦੀ ਨੌਕਰੀ ਕਰਦਿਆਂ ਹੀ ਮੈਂ ਪ੍ਰਾਈਵੇਟ ਗਰੈਜੂਏਸ਼ਨ ਕੀਤੀ ਅਤੇ ਤਰੱਕੀ ਰਾਹੀਂ ਬਤੌਰ ਸਬ ਇੰਸਪੈਕਟਰ ਬਣਿਆਂ।’
ਉਨ੍ਹਾਂ ਕਿਹਾ, ‘ਸਾਡੇ ਪਰਿਵਾਰ ਵਿੱਚ ਮੇਰੇ ਚਾਰ ਭਰਾ ਸਾਹਿਤ ਨਾਲ਼ ਜੁੜੇ ਹੋਏ ਸਨ, ਜਿਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਮੈਂ ਵੀ ਸਾਲ 1987 ਤੋਂ ਲਿਖਣ-ਪੜ੍ਹਨ ਲੱਗਾ। ਹੁਣ ਤੱਕ ਮੇਰੀਆਂ ਰਚਨਾਵਾਂ ਬਹੁਤ ਸਾਰੀਆਂ ਅਖ਼ਬਾਰਾਂ ਵਿੱਚ ਛਪਦੀਆਂ ਰਹੀਆਂ ਹਨ ਅਤੇ ਮੈਨੂੰ ਇਸ ਤਰ੍ਹਾਂ ਉਤਸ਼ਾਹ ਮਿਲ਼ਦਾ ਰਿਹਾ ਹੈ। ਜਦੋਂ ਮੈਂ ਗੀਤਕਾਰੀ ਵੱਲ ਆਇਆ ਤਾਂ ਮੇਰਾ ਪਹਿਲਾ ਗੀਤ ਯਾਰ ਦਾ ਵਿਆਹ ਪੰਜਾਬੀ ਲੋਕ ਗਾਇਕ ਪੰਮਾ ਮੱਲ੍ਹੀ ਵੱਲੋਂ ਰਿਕਾਰਡ ਕੀਤਾ ਗਿਆ। ਇਸ ਤੋਂ ਬਾਅਦ ਮੇਰਾ ਦੋਗਾਣਾ ਪ੍ਰੀਤ ਰਾਣਾ-ਜੀਵਨਜੋਤੀ ਜੋੜੀ ਵੱਲੋਂ ਰਿਕਾਰਡ ਕੀਤਾ ਗਿਆ। ਇਸ ਤਰ੍ਹਾਂ ਬਾਰਡਰ ਜ਼ੋਨ ਦੇ ਕਲਾਕਾਰ ਮੇਰੀਆਂ ਲਿਖਤਾਂ ਨੂੰ ਪਸੰਦ ਕਰਨ ਲੱਗੇ। ਮੇਰੇ ਗੀਤ ਮਨੋਹਰ ਧਾਰੀਵਾਲ, ਜੱਗੀ ਠਾਕਰ, ਰਾਮ ਸਿੰਘ, ਸਿਕੰਦਰ, ਹਸਨ, ਲੱਖਾ ਨਾਜ਼, ਰੇਹਾਨਾ ਭੱਟੀ, ਗੁਰਲੇਜ਼ ਅਖ਼ਤਰ, ਲਾਲੀ ਜਗਨਾਲ਼, ਛਿੰਦਾ ਗੁਰਦਾਸਪੁਰੀ, ਅਨੂਪ ਸਿੱਧੂ ਆਦਿ ਨੇ ਗਾਏ, ਜਿਨ੍ਹਾਂ ਉੱਤੇ ਮੈਨੂੰ ਹਮੇਸ਼ਾ ਮਾਣ ਰਹੇਗਾ। ਮੈਨੂੰ ਸਭ ਤੋਂ ਵੱਧ ਪ੍ਰਸਿੱਧੀ ਦਿਵਾਉਣ ਵਾਲ਼ਾ ਗੀਤ ਸਲਿਊਟ, ਗਾਇਕ ਜੋੜੀ ਪੰਮਾ ਮੱਲ੍ਹੀ ਅਤੇ ਗੁਰਲੇਜ਼ ਅਖ਼ਤਰ ਵੱਲੋਂ ਗਾਇਆ ਗਿਆ, ਜਿਸ ਦੀਆਂ ਹਜ਼ਾਰਾਂ ਵਿੱਚ ਰੀਲ੍ਹਾਂ ਬਣੀਆਂ ਅਤੇ ਲੱਖਾਂ ਵਿਊਜ਼ ਆਏ। ਉਸ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਸ ਗੀਤ ਦੀਆਂ ਆਈ.ਪੀ.ਐੱਸ./ ਪੀ.ਪੀ.ਐੱਸ ਅਧਿਕਾਰੀਆਂ ਵੱਲੋਂ ਵੀ ਰੀਲ੍ਹਾਂ ਬਣਾਈਆਂ ਗਈਆਂ। ਇਸੇ ਦੌਰਾਨ ਦੂਰਦਰਸ਼ਨ ਤੋਂ ਵੀ ਮੇਰੇ ਗੀਤ ਪ੍ਰਸਾਰਿਤ ਹੁੰਦੇ ਰਹੇ ਹਨ।’ ਉਨ੍ਹਾਂ ਦੱਸਿਆ, ‘ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿੱਚ ਮੈਂ ਅਕਸਰ ਸ਼ਾਮਿਲ ਹੁੰਦਾ ਰਹਿੰਦਾ ਹਾਂ। ਮੇਰੀ ਇਹ ਖਾਹਿਸ਼ ਹੈ ਕਿ ਮੇਰੇ ਗੀਤ ਦੁਨੀਆਂ ਭਰ ਦੇ ਸਰੋਤਿਆਂ ਵੱਲੋਂ ਸੁਣੇ ਤੇ ਪਸੰਦ ਕੀਤੇ ਜਾਣ।’ ਉਨ੍ਹਾਂ ਦੂਰਦਰਸ਼ਨ ਦੇ ਸਾਬਕਾ ਡਾਇਰੈਕਟਰ ਕੇਵਲ ਕਿਸ਼ਨ ਅਤੇ ਮਿੱਤਰ ਰਾਮ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਉਸਤਾਦ ਗ਼ਜ਼ਲਗੋ ਸੁਭਾਸ਼ ਦੀਵਾਨਾ, ਸਾਹਿਤਕ ਮਿੱਤਰ ਤਰਸੇਮ ਸਿੰਘ ਭੰਗੂ, ਅਵਤਾਰ ਸਿੰਘ ਢਿੱਲੋਂ ਦਾ ਬਹੁਤ ਰਿਣੀ ਹਾਂ। ਉਨ੍ਹਾਂ ਕਿਹਾ ਕਿ ਮੈਂ ਚੰਡੀਗੜ੍ਹ ਅਤੇ ਟਰਾਈਸਿਟੀ ਦੀਆਂ ਸਾਹਿਤ ਸਭਾਵਾਂ ਦਾ ਵੀ ਬਹੁਤ ਰਿਣੀ ਹਾਂ ਜੋ ਮੈਨੂੰ ਹਮੇਸ਼ਾ ਸਪੇਸ ਦਿੰਦੀਆਂ ਰਹਿੰਦੀਆਂ ਹਨ।