ਸਕੱਤਰੇਤ ਦੇ ਸੇਵਾ-ਮੁਕਤ ਉਪ ਸਕੱਤਰ ਹਰਨੇਕ ਸਿੰਘ ਦਾ ਵਿਛੋੜਾ ਅਸਹਿ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 22 ਸਤੰਬਰ:
ਪੰਜਾਬ ਸਿਵਲ ਸਕੱਤਰੇਤ ਦੇ ਆਮ ਰਾਜ ਪ੍ਰਬੰਧ ਵਿਭਾਗ ਤੋਂ ਬਤੌਰ ਉਪ ਸਕੱਤਰ ਸੇਵਾ ਮੁਕਤ ਹੋਏ ਹਰਨੇਕ ਸਿੰਘ ਅਚਾਨਕ ਇੱਕ ਸੜਕ ਦੁਰਘਟਨਾ ਦੌਰਾਨ ਅੱਖ ਦੇ ਫੋਰ ਵਿੱਚ ਹੀ ‘ਹੈ’ ਤੋਂ ‘ਸੀ’ ਹੋ ਗਏ। ਮਰਹੂਮ ਹਰਨੇਕ ਸਿੰਘ, ਮਿਲਣਸਾਰ, ਇਮਾਨਦਾਰ, ਦੂਜਿਆਂ ਦੇ ਕੰਮ ਆਉਣ ਵਾਲ਼ੇ ਨੇਕ ਅਧਿਕਾਰੀ ਸਨ। ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ, ਉੱਘੇ ਲੇਖਕ ਮਲਕੀਅਤ ਸਿੰਘ ਔਜਲਾ ਨੇ ਭਰੇ ਮਨ ਨਾਲ਼ ਉਨ੍ਹਾਂ ਪਲਾਂ ਵਿੱਚੋਂ ਲੰਘਦਿਆਂ ਦੱਸਿਆ, ‘ਲੰਘੀ 31 ਅਗਸਤ, 2026 ਨੂੰ ਸਕੱਤਰੇਤ ਵਿੱਚੋਂ ਦੋ ਅਧਿਕਾਰੀਆਂ ਦੀ ਰਿਟਾਇਰਮੈਂਟ ਹੋਈ ਸੀ। ਦੋਵਾਂ ਨੇ ਰਲ਼ ਕੇ ਸ਼ਾਮ ਨੂੰ ਪਾਰਟੀ ਦਾ ਜਸ਼ਨ ਮਨਾਉਣ ਲਈ ਲਾਂਡਰਾਂ – ਬਨੂੜ ਸੜਕ ‘ਤੇ ਤੰਗੋਰੀ ਨੇੜੇ ਪੈਲੇਸ ਬੁੱਕ ਕੀਤਾ ਤੇ ਆਪਣੇ ਸਾਕ ਸਬੰਧੀਆਂ ਦੇ ਨਾਲ ਨਾਲ ਸਕੱਤਰੇਤ ਦੇ ਸਾਥੀਆਂ ਨੂੰ ਵੀ ਸ਼ਮੂਲੀਅਤ ਲਈ ਸੱਦਾ-ਪੱਤਰ ਭੇਜੇ ਸਨ। ਚੰਡੀਗੜ – ਮੁਹਾਲੀ ਤੋਂ ਸਕੱਤਰੇਤ ਦੇ ਬਾਬੂਆਂ ਦੀਆਂ ਗੱਡੀਆਂ ਰਾਤ ਦਾ ਹਨੇਰਾ ਹੋਣ ਤੋਂ ਪਹਿਲਾਂ ਪੈਲੇਸ ਵੱਲ ਨੂੰ ਭੱਜੀਆਂ ਜਾ ਰਹੀਆਂ ਸਨ। ਸਕੱਤਰੇਤ ਦੇ ਅਧਿਕਾਰੀ ਪਰਮਦੀਪ ਭਬਾਤ, ਭੁਪਿੰਦਰ ਝੱਜ, ਜਸਪ੍ਰੀਤ ਰੰਧਾਵਾ, ਕਮਲ ਸ਼ਰਮਾ ਦੀਆਂ ਗੱਡੀਆਂ ਦੇ ਕਾਫਲੇ ਵਿੱਚ ਸਭ ਤੋਂ ਮੂਹਰੇ ਮੇਰੀ ਗੱਡੀ ਹੀ ਲਾਈਟਾਂ ਜਗਾ ਕੇ ਅੱਗੇ ਵਧ ਰਹੀ ਸੀ। ਰਾਹ ਵਿੱਚ ਪੁਲ਼ ਹੇਠੋਂ ਗੁ਼ਜ਼ਰਨ ਤੋਂ ਪਹਿਲਾਂ ਖੱਬੇ ਹੱਥ ਲੋਕਾਂ ਦਾ ਇਕੱਠ ਸੀ। ਸ਼ਾਇਦ ਕੋਈ ਗੱਡੀ ਟਕਰਾਉਣ ਜਾਂ ਝਗੜਾ ਹੋਇਆ ਸਮਝ, ਅਸੀਂ ਬਿਨਾਂ ਰੁਕੇ ਅੱਗੇ ਨਿਕਲ ਗਏ ਤੇ ਫੰਕਸ਼ਨ ਅਟੈਂਡ ਕਰਕੇ ਦੇਰ ਰਾਤ ਵਾਪਿਸ ਘਰ ਮੁੜੇ।
ਅਗਲੇ ਦਿਨ ਸਵੇਰੇ ਵਟਸਐਪ ਗਰੁੱਪ ਮੈਸੇਜ਼ ਪੜ੍ਹ ਕੇ ਮੇਰਾ ਮਨ ਠਠੰਬਰ ਗਿਆ। ਪਤਾ ਲੱਗਾ ਕਿ ਸੇਵਾ-ਮੁਕਤ ਉਪ ਸਕੱਤਰ ਹਰਨੇਕ ਸਿੰਘ ਜੀ ਵੀ ਰਾਤੀਂ ਆਪਣੇ ਐਕਟਿਵਾ ‘ਤੇ ਇਨ੍ਹਾਂ ਦੋਸਤਾਂ ਦੀ ਰਿਟਾਇਰਮੈਂਟ ਪਾਰਟੀ ਅਟੈਂਡ ਕਰਨ ਜਾ ਰਹੇ ਸਨ। ਰਾਹ ਵਿੱਚ ਕੋਈ ਗੱਡੀ ਉਹਨਾਂ ਨੂੰ ਫੇਟ ਮਾਰ ਗਈ। ਪੜ੍ਹ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਹਾਲਤ ਗੰਭੀਰ ਸੀ, ਖੂਨ ਤੇ ਮਦਦ ਦੀ ਸਖਤ ਜ਼ਰੂਰਤ ਸੀ। ਉਹ ਬੱਤੀ ਸੈਕਟਰ ਦੇ ਹਸਪਤਾਲ ਦਾਖਲ ਸਨ। ਉਨ੍ਹਾਂ ਦੀ ਰੀੜ ਦੀ ਹੱਡੀ ਤਿੰਨ ਥਾਵਾਂ ਤੋਂ ਟੁੱਟ ਗਈ ਸੀ। ਛਾਤੀ ਦੀਆਂ ਪੱਸਲੀਆਂ ਟੁੱਟ ਗਈਆਂ ਸਨ ਤੇ ਗਰਦਣ ਦੇ ਮਣਕੇ ਵੀ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਦੇ ਘਰ ਫੋਨ ਕੀਤਾ। ਘਰ ਵਾਲਿਆਂ ਨੇ ਅਣਪਛਾਤੇ ਨੰਬਰ ਕਰਕੇ ਫੋਨ ਨਹੀਂ ਚੁੱਕਿਆ। ਵਾਰ ਵਾਰ ਫੋਨ ਆਉਣ ‘ਤੇ ਕਾਲ ਅਟੈਂਡ ਕੀਤੀ ਗਈ, ਤਾਂ ਪਰਿਵਾਰ ਨੂੰ ਉਹਨਾਂ ਬਾਰੇ ਪਤਾ ਚੱਲਿਆ। ਘਟਨਾ ਤੋਂ ਤਿੰਨ ਹਫਤੇ ਬਾਅਦ ਹਰਨੇਕ ਸਿੰਘ ਜੀ ਇਸ ਫਾਨੀ ਸੰਸਾਰ ਨੁੰ ਅਲਵਿਦਾ ਆਖ ਗਏ ਹਨ। ਮੇਰੇ ਸਮੇਤ ਹੋਰ ਸਾਥੀ ਵੀ ਪਛਤਾ ਰਹੇ ਹਨ ਕਿ ਅਸੀਂ ਉਸ ਰਾਤ ਦੁਰਘਟਨਾ ਵਾਲੇ ਸਥਾਨ ‘ਤੇ ਕਿਉਂ ਨਹੀਂ ਰੁਕੇ? ਭਾਵੇਂ ਕੋਈ ਹੋਰ ਵੀ ਹੁੰਦਾ, ਸਾਨੂੰ ਉੱਥੇ ਰੁਕਣਾ ਚਾਹੀਦਾ ਸੀ। ਸ਼ਾਇਦ ਉਸ ਵੇਲੇ ਹਰਨੇਕ ਸਿੰਘ ਜੀ ਬੋਲਦੇ ਹੋਣਗੇ ਅਤੇ ਅਸੀਂ ਉਸ ਨਾਲ ਗੱਲਬਾਤ ਕਰ ਪਾਉਂਦੇ ਤੇ ਹਸਪਤਾਲ ਲੈ ਕੇ ਜਾਂਦੇ। ਜੇ ਉਹ ਉਸੇ ਵੇਲੇ ਬੇਹੋਸ਼ ਹੋ ਗਏ ਸਨ, ਤਾਂ ਲੋਕਾਂ ਨੂੰ ਉਸ ਦੇ ਘਰ ਦਾ ਨੰਬਰ ਕਿਵੇਂ ਮਿਲਿਆ ਹੋਵੇਗਾ? ਇਹ ਸਵਾਲ ਤੇ ਉੱਥੇ ਨਾ ਰੁਕਣ ਦਾ ਪਛਤਾਵਾ ਮੇਰੇ ਸਮੇਤ ਮੇਰੇ ਸਾਥੀਆਂ ਦੇ ਮਨਾਂ ਵਿੱਚ ਸਦਾ ਖੌਰੂ ਪਾਉਂਦਾ ਰਹੇਗਾ। ਮਲਕੀਅਤ ਸਿੰਘ ਔਜਲਾ ਨੇ ਭਰੇ ਮਨ ਨਾਲ ਹੋਰਾਂ ਨੂੰ ਭਵਿੱਖੀ ਗੁਜ਼ਾਰਿਸ਼ ਕਰਦਿਆਂ ਆਖਿਆ, ‘ਰੱਬ ਨਾ ਕਰੇ ਕਦੇ ਕਿਤੇ ਸੜਕ ਦੁਰਘਟਨਾ ਦਾ ਮਹੌਲ ਨਜ਼ਰ ਆਵੇ, ਤਾਂ ਸਾਨੂੰ ਅਜਿਹੀ ਥਾਂ ਦੋ ਕੁ ਪਲ ਰੁਕਣਾ ਜ਼ਰੂਰ ਚਾਹੀਦਾ ਹੈ। ਇੰਝ ਕਰਨ ਨਾਲ਼ ਸ਼ਾਇਦ ਕਿਸੇ ਦੁਰਘਟਨਾਗ੍ਰਸਤ ਦੀ ਮਦਦ ਹੋ ਸਕੇ।’
ਇਸੇ ਤਰ੍ਹਾਂ ਉੱਘੇ ਕਹਾਣੀਕਾਰ ਗੁਰਮੀਤ ਸਿੰਗਲ ਆਪਣੇ ਮਰਹੂਮ ਦੋਸਤ ਨੂੰ ਯਾਦ ਕਰਦਿਆਂ ਕਹਿੰਦੇ ਹਨ, ‘ਆਖ਼ਰ ਮੌਤ ਦੇ ਜ਼ਾਲਮ ਪੰਜੇ ਨੇ ਮੇਰੇ ਭਰਾਵਾਂ ਤੋਂ ਵੀ ਵੱਧ ਪਿਆਰੇ ਯਾਰ, ਸਰਦਾਰ ਹਰਨੇਕ ਸਿੰਘ ਨੂੰ ਆਪਣੀ ਜਕੜ ਵਿੱਚ ਲੈ ਹੀ ਲਿਆ। ਦਿਲ ਧਾਹਾਂ ਮਾਰ ਰਿਹਾ ਹੈ। ਦਿਲ ਇਸ ਅਸਹਿ ਤੇ ਅਕਹਿ ਭਾਣੇ ਨੂੰ ਮੰਨਣ ਲਈ ਤਿਆਰ ਨਹੀਂ। ਇੰਜ ਜਾਪਦਾ ਹੈ, ਜਿਵੇਂ ਜ਼ਿੰਦਗੀ ਦਾ ਕੋਈ ਅਨਮੋਲ ਹਿੱਸਾ ਮੇਰੇ ਕੋਲੋਂ ਸਦਾ ਲਈ ਖੋਹਿਆ ਗਿਆ ਹੋਵੇ। 31 ਅਗਸਤ 2026 ਦੀ ਉਹ ਕਾਲ਼ੀ ਤੇ ਕਹਿਰਵਾਨ ਰਾਤ ਮੇਰੇ ਯਾਰ ਦੀ ਜ਼ਿੰਦਗੀ ਲਈ ਕਾਲ ਬਣ ਕੇ ਆਈ, ਜਦੋਂ ਕੋਈ ਕਾਰ ਚਾਲਕ ਉਸ ਨੂੰ ਟੱਕਰ ਮਾਰ ਕੇ ਸੜਕ ’ਤੇ ਸੁੱਟ ਗਿਆ। ਇਸ ਹਾਦਸੇ ਨੇ ਉਸ ਦੇ ਸਰੀਰ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਆਖਰ ਉਹ ਸਾਨੂੰ ਅਲਵਿਦਾ ਕਹਿ ਗਿਆ। ਆਪਣੀ ਸਿਮਰਤੀ ਦੇ ਪਟਾਰੇ ਨੂੰ ਫਰੋਲਦਿਆਂ ਉਹ ਦੱਸਦਾ ਹੈ, ‘ਅਸੀਂ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਇਕੱਠੇ ਵਿਚਰੇ। ਚੰਡੀਗੜ੍ਹ ਇਕੱਠੇ ਕਿਰਾਏ ਦੇ ਕਮਰਿਆਂ ਵਿੱਚ ਰਹਿੰਦੇ ਰਹੇ। ਸਾਡਾ ਆਪਸ ਵਿੱਚ ਭਰਾਵਾਂ ਤੋਂ ਵੀ ਵੱਧ ਪਿਆਰ ਸੀ। ਸਾਡਾ ਇਹ ਪਿਆਰ ਉਮਰ ਭਰ ਬਰਕਰਾਰ ਰਿਹਾ। ਸਾਡਾ ਹਰ ਦੁੱਖ-ਸੁੱਖ ਸਾਂਝਾ ਸੀ। ਅਸੀਂ ਆਪਸ ਵਿੱਚ ਰਿਸ਼ਤੇਦਾਰ ਵੀ ਸੀ। ਹਰਨੇਕ ਸਿੰਘ ਬਹੁਤ ਹੀ ਹੱਸ-ਮੁੱਖ ਤੇ ਮਿਲਾਪੜੇ ਸੁਭਾਅ ਦਾ ਮਾਲਕ ਸੀ। ਉਸ ਦੇ ਬੇਵਕਤੀ ਵਿਛੋੜੇ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਵੇਂ ਮੇਰੀ ਸੱਜੀ ਬਾਂਹ ਵੱਢੀ ਗਈ ਹੋਵੇ।’
‘ਬੰਦਾ ਕਿੱਥੇ ਚਲਾ ਜਾਂਦਾ ਹੈ?’ ਇਹੋ ਸੋਚਦਿਆਂ ਮੇਰੇ ਅੰਦਰੋਂ ਇੱਕ ਗੀਤ ਦੇ ਬੋਲ ਉੱਭਰਨ ਲਗਦੇ ਹਨ। ਜਗਜੀਤ ਜੀ ਗਾ ਰਹੇ ਹਨ, ‘ਇੱਕ ਆਹ ਭਰੀ ਹੋਗੀ ਹਮਨੇ ਨਾ ਸੁਨੀ ਹੋਗੀ/ ਜਾਤੇ ਜਾਤੇ ਤੁਮਨੇ ਆਵਾਜ਼ ਤੋ ਦੀ ਹੋਗੀ/ ਹਰ ਵਕਤ ਯਹੀ ਹੈ ਗ਼ਮ ਉਸ ਵਕਤ ਕਹਾਂ ਥੇ ਹਮ/ ਕਹਾਂ ਤੁਮ ਚਲੇ ਗਏ/ ਚਿੱਠੀ ਨਾ ਕੋਈ ਸੰਦੇਸ਼ ਜਾਨੇ ਵੋਹ ਕੌਣ ਸਾ ਦੇਸ਼/ ਹਾਂ ਤੁਮ ਚਲੇ ਗਏ???’ ਕਿਸੇ ਕੋਲ਼ ਵੀ ਇਸ ਦਾ ਜਵਾਬ ਨਹੀਂ ਹੈ।
ਸੁਰਜੀਤ ਸੁਮਨ, ਸੰਪਾਦਕ, ਸਹਿਜਧਾਰਾ ਡਾਟ ਇਨ – 98144 30874