ਸੁਪਰ-ਡੁਪਰ ਹਿੱਟ ਗੀਤਕਾਰੀ ਦਾ ਰੌਸ਼ਨ ਸਿਤਾਰਾ: ਭੱਟੀ ਭੱੜੀ ਵਾਲਾ/ ਮਾਹੀ ਮਲਕੀਤ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 28 ਅਗਸਤ:

ਕੁਦਰਤ ਨੇ ਜਿਸ ਤਰਾਂ ਸ੍ਰਿਸ਼ਟੀ ਵਿੱਚ ਕਈ ਖੂਬਸੂਰਤ ਰੰਗਾਂ ਦੀ ਕਲਾ ਭਰੀ ਹੋਈ ਹੈ। ਇਸੇ ਤਰ੍ਹਾਂ ਹੀ ਇਨਸਾਨੀ ਜ਼ਿੰਦਗੀ ਵੀ ਅਨੇਕਾਂ ਹੀ ਰੰਗਾਂ ਦੀ ਉੱਤਮ ਕਲਾ ਦਾ ਸੁੰਦਰ ਸੁਮੇਲ ਹੈ। ਜਿਸ ਤਰਾਂ ਪੰਜਾਬੀ ਗੀਤਕਾਰੀ ਦੀ ਸਭਿਆਚਾਰਕ ਫੁੱਲਵਾੜੀ ਨੂੰ ਲੋਕ ਰੰਗੀ ਸ਼ਬਦੀ ਫੁੱਲ-ਪੱਤੀਆਂ ਦੇ ਖਿੜ ਖਿੜ ਪੈਂਦੇ ਸਿਖਰ ਦੁਪਹਿਰੇ ਵਰਗੇ ਜੋਬਨੀ ਰੰਗ ਦੀ ਜੋ ਕਮਾਲ ਉੱਚ ਕੋਟੀ ਦੇ ਗੀਤਕਾਰ ਭੱਟੀ ਭੜੀ ਵਾਲੇ ਦੀ ਗੀਤਕਾਰੀ ਕਲਮ ਨੇ ਦਿਖਾਈ ਹੈ, ਬਾ ਕਮਾਲ ਦੇ ਕਲਾਤਮਕ ਅਰਥੀ ਭਾਵ ਪੰਜਾਬੀ ਗਾਇਕੀ ਦੇ ਸੁਰਬੱਧ ਲੋਕ ਸੰਗੀਤ ਦੀਆਂ ਪੌਣੌ ਦੇ ਕੰਧੇੜੇ ਚੜ੍ਹ ਲੋਕ ਮਨਾਂ ਦੀਆਂ ਖਿਲ-ਖਿਲੌਦੀਆਂ ਖੁਸ਼ੀਆਂ ਦੀਆਂ ਰੌਣਕਾਂ ਵਿੱਚ ਕਿੱਕਲੀ ਜਿਹੀ ਪਾਉਂਦੇ ਹੀ ਤਾਂ ਜਾਪਦੇ ਹਨ। ਜਿਵੇਂ ਕਿ ਗੀਤਕਾਰੀ ਵਿੱਚ ਭੱਟੀ ਭੱੜੀ ਵਾਲੇ ਦੀ ਕਲਮ ਦੇ ਲਿਖੇ ਇੱਕ ਨਹੀਂ, ਬਹਤੁ ਸਾਰੇ ਗੀਤਾਂ ਨੇ ਸ਼ੋਹਰਤ ਦੀਆਂ ਸਿਖਰਾਂ ਨੂੰ ਛੋਹਦਿਆਂ, ਸਿਰੇ ਦਾ ਮੁਕਾਮ ਪਾਇਆ ਹੈ, ਜਿਸਦੇ ਪੰਜਾਬੀ ਦੀ ਸਤਰੰਗੀ ਸੁਰਮਈ ਲਿਸ਼ਕੋਰ ਦੇ ਲਿਸ਼-ਲਿਸ਼ ਕਰਦੇ ਹੀਰੇ, ਮੋਤੀਆਂ ਵਰਗੇ ਕੁਝ ਗੀਤਾਂ ਦੇ ਬੋਲਾਂ ਦੀ ਵੰਨਗੀ ਦੇ ਹਾਰ ਵਿੱਚੋਂ ਮੇਲਾ ਵੇਖਦੀ ਮਟਿਆਰੇ ਮੇਲਾ ਤੈਨੂੰ ਵੇਖਦਾ, ਰੱਬ ਵਰਗਾ ਸੀ ਤੇਰਾ ਯਾਰ ਵੈਰਨੇ, ਅਸੀਂ ਜਿੱਤਾਂਗੇ ਮੁਕੱਦਮਾ ਪਿਆਰ ਦਾ, ਤੂੰ ਰਾਤ ਪਈ ਤੋਂ ਨੀ ਚੰਨੀਏ, ਬਾਪੂ ਤੇਰਾ ਕਰਜ਼ ਲਾਹੁੰਦਾ ਗੁਜ਼ਰ ਗਿਆ, ਯਾਦਾਂ ਤੇਰੀਆਂ, ਮੇਲਾ ਲੁੱਟ ਕੇ ਮੁੜੇਂਗੀ, ਔਰਤ ਤੇਰੀ ਇਹੀ ਕਹਾਣੀ, ਟਾਈਮ ਟਾਈਮ ਦੀ ਗੱਲ ਆਦਿ ਗੀਤ ਖਾਸ ਤੌਰ ‘ਤੇ ਜ਼ਿਕਰਯੋਗ ਹਨ, ਜਿਸਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਆਪਣੇ ਗੀਤਕਾਰੀ ਸਫ਼ਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਨੂੰ ਵਾਹਿਗੁਰੂ ਦਾ ਰਹਿਮੋ-ਕਰਮ ਹੀ ਕਹਿ ਸਕਦੇ ਹਾਂ ਕਿ ਅਚਾਨਕ ਹੀ ਲਿਖਣ ਦੀ ਅਜਿਹੀ ਚੇਟਕ ਲੱਗੀ ਕਿ ਦਿਲ ਦੀਆਂ ਭਾਵਨਾਵਾਂ ਦੇ ਜਜ਼ਬਾਤ ਗੀਤਾਂ ਦਾ ਰੂਪ ਧਾਰਨ ਕਰਦੇ ਗਏ, ਜਿਸ ਦੀ ਸ਼ੁਰੂਆਤ ਖੰਨੇ ਕਾਲਜ ਪੜ੍ਹਦਿਆਂ ਮੇਰਾ ਪਹਿਲਾ ਧਾਰਮਿਕ ਗੀਤ ਰੋਂਦੀ ਚਮਕੌਰ ਦੀ ਗੜੀ ਧਾਹਾਂ ਮਾਰ ਖੁਦਾ ਦੇ ਅੱਗੇ, ਉੱਘੇ ਗਾਇਕ ਮਰਹੂਮ ਲਾਭ ਜੰਜੂਏ ਦੀ ਆਵਾਜ਼ ਵਿੱਚ ਰਿਕਾਰਡ ਹੋਣ ਤੋਂ ਐਸੀ ਸ਼ੁਰੂਆਤ ਹੋਈ ਕਿ ਉਨ੍ਹਾਂ ਹੀ ਦਿਨਾਂ ਵਿੱਚ ਕੇਸਰ ਮਾਣਕੀ ਦੀ ਆਵਾਜ਼ ਵਿੱਚ ਯਾਦਾਂ ਦੇ ਖਿਡੌਣੇ, ਮਿੰਨੀ ਮਿੰਨੀ ਭੂਰ ਗਿਰਦੀ ਤੇ ਅੱਜ ਫਿੱਕੀਆਂ ਪੈ ਗਈਆਂ ਬੁੱਢੇ ਬੋਹੜ ਦੀਆਂ ਛਾਵਾਂ, ਰਿਕਾਰਡ ਹੋਏ ਗੀਤ ਆਮ ਹੀ ਸਰੋਤਿਆਂ ਵਿੱਚ ਵਾਹਵਾ ਚਰਚਿਤ ਹੋਏ। ਫਿਰ ਕੀ ਸੀ ਭੱਟੀ ਦੀ ਗੀਤਕਾਰੀ ਦੀ ਗੱਡੀ ਨੇ ਰਫਤਾਰ ਇੰਜ ਫੜੀ ਕਿ ਅੱਜ ਹੋਰ ਕੱਲ ਹੋਰ, ਹਿੰਦੀ ਤੇ ਪੰਜਾਬੀ ਦੇ ਉੱਚਕੋਟੀ ਦੇ ਗਾਇਕਾਂ ਤੋਂ ਲੈ ਕੇ ਉਭਰੇ ਰਹੇ ਗਾਇਕਾਂ ਤੱਕ ਦੀਆਂ ਆਵਾਜ਼ਾਂ ਵਿੱਚ ਸੱਤ, ਅੱਠ ਸੌਅ ਦੇ ਕਰੀਬ ਹੁਣ ਤੱਕ ਗੀਤ ਰਿਕਾਰਡ ਹੋ ਚੁੱਕੇ ਹਨ।

ਆਪਣੇ ਬਹੁ-ਚਰਚਿਤ ਗੀਤਾਂ ਬਾਰੇ ਗੱਲ ਕਰਦਿਆਂ ਭੱਟੀ ਭੜੀ ਵਾਲ਼ਾ ਨੇ ਦੱਸਿਆ ਕਿ ਖਾਸ ਕਰਕੇ ਮੇਲਾ ਵੇਖਦੀਏ ਮੁਟਿਆਰੇ, ਦਿਲ ਮਿਲਿਆਂ ਦੇ ਮੇਲੇ, ਰੱਬ ਵਰਗਾ ਸੀ ਤੇਰਾ ਯਾਰ ਵੈਰਨੇ, ਬਾਪੂ ਤੇਰਾ ਗੁਜ਼ਰ ਗਿਆ, ਯਾਦਾਂ ਤੇਰੀਆਂ ਸੋਹਣਿਆ, ਮੇਲੇ ਜਾਣ ਵਾਲੀਏ ਆਦਿ ਸਦਾ ਬਹਾਰ ਗੀਤਾਂ ਦੇ ਬੋਲ ਅੱਜ ਵੀ ਲੋਕ ਚੇਤਿਆਂ ਵਿੱਚ ਵਸੇ ਹੋਏ ਹਨ। ਇਹ ਪੁੱਛਣ ‘ਤੇ ਕਿ ਜਿਵੇਂ ਅਜੋਕੇ ਦੌਰ ਦੀ ਗਾਇਕੀ ਤੇ ਗੀਤਕਾਰੀ ਵਿੱਚੋਂ ਇੱਕ ਹਿੱਟ ਗੀਤ ਪਿੱਛੇ ਗੀਤ ਦੇ ਬੋਲਾਂ ਦੀ ਕਿੰਨੀ ਕੁ ਅਹਿਮੀਅਤ ਸਮਝਦੇ ਹੋ, ਦੇ ਜਵਾਬ ਵਿੱਚ ਭੱਟੀ ਦਾ ਕਹਿਣਾ ਸੀ ਕਿ ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਗੀਤ ਦੇ ਬੋਲਾਂ ਦੀ ਮਹੱਤਤਾ ਹੀ ਗੀਤ ਦੇ ਸੁਪਰ-ਡੁਪਰ ਹਿੱਟ ਹੋਣ ਪਿੱਛੇ ਜ਼ਿਆਦਾਤਰ ਸਹਾਈ ਸਿੱਧ ਹੋਈ ਹੈ, ਅੱਜ ਵੀ ਲੋਕਾਂ ਦੇ ਹਰਮਨ ਪਿਆਰੇ ਗੀਤਾਂ ਦੀ ਜੇਕਰ ਗੱਲ ਕਰੀਏ ਤਾਂ ਗਾਇਕੀ ਦਾ ਦੌਰ ਭਾਵੇਂ ਕੋਈ ਵੀ ਕਿਉਂ ਨਾ ਰਿਹਾ ਹੋਵੇ, ਜੋ ਲੋਕ ਮਨਾਂ ਤੇ ਗੀਤ ਦੇ ਬੋਲ ਅਸਰ ਕਰਦੇ ਹਨ। ਉਹ ਹਮੇਸ਼ਾ ਹੀ ਲੋਕਾਂ ਦੀ ਰੂਹ ਵਿੱਚ ਵੱਸਦੇ ਹਨ, ਕਿਉਂਕਿ ਗੀਤਕਾਰ ਤਾਂ ਇੱਕ ਉਹ ਉਪਜਾਊ ਧਰਤੀ ਹੈ ਜੋ ਆਪਣੇ ਜ਼ਿਹਨ ਵਿੱਚੋਂ ਗੀਤਾਂ ਦੀ ਫਸਲ ਪੈਦਾ ਕਰਦੀ ਹੈ, ਪਰ ਕਿਤੇ ਨਾ ਕਿਤੇ ਗਾਇਕ ਜਾਂ ਸੰਗੀਤਕਾਰ ਜਾਂ ਮਿਊਜ਼ਿਕ ਕੰਪਨੀਆਂ ਵੀ ਇਕ ਗੀਤ ਦੇ ਸੁਪਰ-ਡੁਪਰ ਹਿੱਟ ਹੋਣ ਪਿੱਛੇ ਆਪਣਾ ਜ਼ਿਆਦਾ ਯੋਗਦਾਨ ਮੰਨਦੀਆਂ ਹਨ, ਜੋ ਕਿ ਇਸ ਤਰਾਂ ਨਹੀਂ ਹੈ। ਪਹਿਲੀ ਸੋਚ ਦੀ ਉਪਜ ਤਾਂ ਇਕ ਗੀਤਕਾਰ ਦੀ ਸ਼ਾਇਰਾਨਾ ਉਡਾਣ ਚੋਂ ਹੀ ਮਿਲਦੀ ਹੈ। ਇੰਨਾ ਆਪਾਂ ਜ਼ਰੂਰ ਮੰਨ ਸਕਦੇ ਹਾਂ ਕਿ ਇੱਕ ਗੀਤ ਦੀ ਕਾਮਯਾਬੀ ਵਿੱਚ ਸਮੁੱਚੀ ਟੀਮ ਦੀ ਆਪਸੀ ਮਿਹਨਤ ਹੋਰ ਵੀ ਚਾਰ ਚੰਨ ਲਾ ਦਿੰਦੀ ਹੈ, ਜਿਸ ਦਾ ਕਹਿਣਾ ਹੈ ਕਿ ਉਸਦੇ ਗੀਤਾਂ ਨੂੰ ਹਿੰਦੀ ਤੇ ਪੰਜਾਬੀ ਦੇ ਪ੍ਰਸਿੱਧ ਗਾਇਕਾਂ ਵਿੱਚੋਂ ਕਵਿਤਾ ਕ੍ਰਿਸ਼ਨ ਮੂਰਤੀ, ਬਾਲੀ ਬ੍ਰਹਮਭੱਟ, ਅਨੁਰਾਧਾ ਪੌਡਵਾਲ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ, ਹਰਦੀਪ, ਜਸਬੀਰ ਜੱਸੀ, ਬਿਲ ਸਿੰਘ, ਪੰਮੀ ਬਾਈ, ਡੌਲੀ ਗੁਲੇਰੀਆ, ਗੁਰਕਿਰਪਾਲ ਸੂਰਾਪੁਰੀ, ਭੁਪਿੰਦਰ ਬੱਬਲ, ਗੁਰਬਖਸ਼ ਸ਼ੌਂਕੀ, ਕੁਲਦੀਪ ਤੂਰ, ਲੱਖੀ ਸੈਣੀ, ਨੁਸਰਤ ਖਾਨ, ਰਾਜਵੀਰ ਲਾਲੀ, ਰਿਚਾ ਸ਼ਰਮਾ, ਸੰਦੀਪ ਦਾਖਾ, ਤੋਂ ਇਲਾਵਾ ਪਿਛਲੇ ਦਿਨੀਂ ਸੁਰੀਲੇ ਗਾਇਕ ਫਿਰੋਜ਼ ਖਾਨ ਦੀ ਆਵਾਜ਼ ਵਿੱਚ ਧਾਰਮਿਕ ਗੀਤ ਸਰਬੱਤ ਦਾ ਭਲਾ, ਧਾਰਮਿਕ ਹਲਕਿਆਂ ਵਿੱਚ ਬੜਾ ਪਸੰਦ ਕੀਤਾ ਗਿਆ। ਬੁਲੰਦ ਆਵਾਜ਼ ਦੇ ਗਾਇਕ ਦੁਰਗਾ ਰੰਗੀਲਾ ਦੀ ਆਵਾਜ਼ ਵਿੱਚ, ਗੁਆਂਢੀ ਕਿਤੇ ਹੋਰ ਵੱਸ ਗਏ ਤੇ ਗਾਇਕ ਰੇਸ਼ਮ ਸਿਕੰਦਰ ਦੀ ਆਵਾਜ਼ ਵਿੱਚ ਸਾਡੀ ਮਾਲ਼ਾ ਵਿੱਚੋਂ ਮੋਤੀ ਵਾਂਗ ਟੁੱਟ ਕੇ, ਸਰੋਤਿਆਂ ਦੀ ਨਜ਼ਰੀ ਪ੍ਰਵਾਨ ਚੜ੍ਹੇ।

ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਹੱਦ ਵਿੱਚ ਪੈਂਦੇ ਪਿੰਡ ਭੱੜੀ ਦੇ ਵਾਸੀ ਸਵਰਗਵਾਸੀ ਪਿਤਾ ਹਰਨੇਕ ਸਿੰਘ ਭੱੜੀ ਤੇ ਮਾਤਾ ਸਵਰਨ ਕੌਰ ਦੇ ਪਰਿਵਾਰ ਵਿੱਚ ਪੈਦਾ ਹੋਏ ਭੱਟੀ ਨੇ ਅੱਗੇ ਹੋਰ ਦੱਸਿਆ ਕਿ ਹਾਲ ਹੀ ਵਿੱਚ ਵੱਡੀ ਪੱਧਰ ਉੱਘੇ ਗਾਇਕ ਜੈਲੀ ਦਾ ਗੀਤ “ਸ਼ੇਰ ਦਾ ਲਾਇਨ, ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਗਿਆ ਹੈ, ਜਿਸ ਦੇ ਪ੍ਰੋਡਿਊਸਰ ਰਾਮ ਭੋਗਪੁਰੀਆ ਵੱਲੋਂ ਆਰ.ਜੇ ਬੀਟਸ ਦੇ ਬੈਨਰ ਥੱਲੇ ਦੁਨੀਆ ਭਰ ਦੇ ਸਾਰੇ ਡਿਜੀਟਲ ਪਲੇਟਫਾਰਮਾਂ ਤੇ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਬਾਰੇ ਗੱਲਬਾਤ ਕਰਦਿਆਂ ਭੱਟੀ ਭੱੜੀ ਵਾਲ਼ਾ ਨੇ ਕਿਹਾ ਕਿ ਸ਼ੇਰ ਦਾ ਲਾਇਨ ਗੀਤ ਨੂੰ ਸੁਰੀਲੀ ਤੇ ਬੁਲੰਦ ਆਵਾਜ਼ ਵਾਲ਼ੇ ਗਾਇਕ ਜੈਲੀ ਨੇ ਬਹੁਤ ਹੀ ਰੂਹ ਨਾਲ ਗਾਇਆ ਹੈ। ਇਸ ਗੀਤ ਦਾ ਇੱਕ ਇੱਕ ਬੋਲ ਸੁਣਨ ਵਾਲਾ ਹੈ ਜੋ ਸਾਡੇ ਪੰਜਾਬੀ ਗਭਰੂਆਂ ਤੇ ਜਿੰਮਾਂ ਵਾਲੇ ਮਿਹਨਤਕਸ਼ ਮੁੰਡਿਆਂ ਨੂੰ ਸਮਰਪਿਤ ਹੈ। ਗੀਤ ਸੁਣਦਿਆਂ ਜੈਲੀ ਦੀ ਆਵਾਜ਼ ਧੁਰ ਅੰਦਰ ਤੱਕ ਲਹਿ ਜਾਂਦੀ ਹੈ ਅਤੇ ਸਾਨੂੰ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੰਦੀ ਹੈ। ਸ਼ੇਰ ਦਾ ਲਾਇਨ ਗੀਤ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫਿਲਮਾਇਆ ਹੈ ਡਾਇਰੈਕਟਰ ਮਨੀਸ਼ ਸ਼ਰਮਾ ਨੇ। ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ, ਉੱਘੇ ਸੰਗੀਤਕਾਰ ਗੁਰਮੀਤ ਸਿੰਘ ਨੇ, ਜਿਸ ਨੂੰ ਵੱਖ-ਵੱਖ ਡਿਜੀਟਲ ਪਲੇਟਫਾਰਮਾਂ 45 ਐਮਾਜਨ, ਆਈ ਟਿਊਨ ਵਰਗੀਆਂ 30 ਤੋਂ ਉੱਪਰ ਵੱਡੀਆਂ ਸਾਈਡਾਂ ਉੱਤੇ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਨੇ ਦੱਸਿਆ ਕਿ ਯੂਟਿਊਬ ‘ਤੇ ਰਿਲੀਜ਼ ਹੋਏ ਟਰੈਕ ਨੂੰ ਦੁਨੀਆਂ ਭਰ ਵਿੱਚ ਅਥਾਹ ਪਿਆਰ ਮਿਲ ਰਿਹਾ। ਇਸੇ ਤਰਾਂ ਉਸ ਦੇ ਲਿਖੇ ਹੋਏ ਹੋਰ ਗੀਤ ਵੀ ਜਲਦ ਹੀ ਸਰੋਤਿਆਂ ਨੂੰ ਸੁਣਨ ਨੂੰ ਮਿਲਣਗੇ।
ਮਲਕੀਤ ਮਾਹੀ ਖਰੜ (ਮੋਹਾਲੀ ) – 94170 82829