ਸਿਰਮੌਰ ਪੱਤਰਕਾਰ ਜਤਿੰਦਰ ਪੰਨੂੰ ਦੀ ਖੋਜ ਆਧਾਰਿਤ ਵੱਡ ਆਕਾਰੀ ਪੁਸਤਕ ‘ਪੰਜਾਬ ਦੇ ਲੋਕ ਤੰਤਰੀ ਇਤਿਹਾਸ ਦਾ ਸੰਖੇਪ ਸਾਰ’ ਲੋਕ ਅਰਪਣ

ਲੁਧਿਆਣਾ (ਸਹਿਜਧਾਰਾ ਬਿਊਰੋ), 01 ਅਕਤੂਬਰ: ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਜਤਿੰਦਰ ਪੰਨੂੰ ਦੀ ਵੱਡ ਆਕਾਰੀ ਖੋਜ ਪੁਸਤਕ ਕਿਤਾਬ ‘ਪੰਜਾਬ ਦੇ ਲੋਕਤੰਤਰੀ ਇਤਿਹਾਸ ਦਾ ਸੰਖੇਪ ਸਾਰ’ ਡਾ. ਸ ਸ ਜੌਹਲ ਤੇ ਹੋਰ ਸਿਰਕੱਢ ਹਸਤੀਆਂ ਵੱਲੋਂ ਵੱਲੋਂ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਪਦਮ ਭੂਸ਼ਨ ਡਾ. ਸ.ਸ. ਜੌਹਲ ਨੇ ਕੀਤੀ। ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਤਾਬ ਲੋਕ ਅਰਪਣ ਕਰਨ ਤੋਂ ਪਹਿਲਾਂ ਕਿਤਾਬ ਪੜ੍ਹੀ ਹੋਈ ਜਾਂ ਲੇਖਕ ਪੜ੍ਹਿਆ ਹੋਇਆ ਹੋਣਾ ਚਾਹੀਦਾ ਹੈ। ਅਸੀਂ ਲੇਖਕ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਹਾਂ ਤੇ ਪੜ੍ਹਿਆ ਹੋਇਆ ਵੀ ਹੈ। ਸੰਘ ਦੇ ਜਨਰਲ ਸਕੱਤਰ ਜਸਵੀਰ ਝੱਜ ਨੇ ਕਿਹਾ ਜਤਿੰਦਰ ਪੰਨੂੰ ਉੱਘੇ ਪੱਤਰਕਾਰ ਹੀ ਨਹੀਂ ਖੋਜੀ ਲੇਖਕ ਵੀ ਹਨ। ਕਿਤਾਬ ਦੀ ਜਾਣ ਪਛਾਣ ਕਰਵਾਉਂਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਤਿੰਦਰ ਪੰਨੂੰ ਅਤੇ ਕਿਤਾਬ ਬਾਰੇ ਕਿਹਾ ਇਹ ਵੱਡ ਆਕਾਰੀ ਕਿਤਾਬ ਹੀ ਨਹੀਂ ਸਗੋਂ ਇਕ ਵਡਮੁੱਲਾ ਹਵਾਲਾ-ਦਸਤਾਵੇਜ਼ ਹੈ, ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟ ਚੁੱਕੇ ਜਾਂ ਆਪਣਾ ਯੋਗਦਾਨ ਪਾਉਣ ਵਾਲੀਆਂ ਲੋਕਤੰਤਰੀ ਨਿਜ਼ਾਮ ਦੀਆਂ ਉੱਚ ਸ਼ਖ਼ਸੀਅਤਾਂ ਦਾ ਇਤਿਹਾਸ ਦਰਜ ਹੈ।
