ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਕਿਤਾਬਾਂ ਦਾ ਸੰਧਾਰਾ ਦਿੱਤਾ ਗਿਆ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 25 ਅਗਸਤ:
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਕੋਠੀ ਨੰਬਰ 1340 ਫੇਜ਼ 3ਬੀ-2, ਮੁਹਾਲੀ ਵਿਖੇ ਇੱਕ ਕਿਤਾਬਾਂ ਦਾ ਸੰਧਾਰਾ ਨਾਮਕ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਭੈਣ ਬੀਬੀ ਜਰਨੈਲ ਕੌਰ ਨੂੰ ਕਿਤਾਬਾਂ ਦਾ ਸੰਧਾਰਾ ਦੇਣ ਲਈ, ਉਨ੍ਹਾਂ ਦੇ ਗ੍ਰਹਿ ਵਿਖੇ ਸੰਸਥਾ ਦੇ ਮੁੱਖ ਅਹੁਦੇਦਾਰ ਪਹੁੰਚੇ। ਬੀਬੀ ਜਰਨੈਲ ਕੌਰ ਅੱਜ ਕੱਲ੍ਹ ਕੈਨੇਡਾ ਵਿਖੇ ਹੋਣ ਕਰਕੇ ਉਨ੍ਹਾਂ ਵਲੋਂ ਉਨ੍ਹਾਂ ਦੀ ਨੂੰਹ ਮੈਡਮ ਅੰਮ੍ਰਿਤਪਾਲ ਕੌਰ ਨੇ ਇਹ ਕਿਤਾਬਾਂ ਦਾ ਸੰਧਾਰਾ ਪ੍ਰਾਪਤ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਪ੍ਰਿੰ.ਬਹਾਦਰ ਸਿੰਘ ਗੋਸਲ, ਵਿਸ਼ੇਸ਼ ਸਲਾਹਕਾਰ ਅਤੇ ਪੰਜਾਬੀ ਗੀਤਕਾਰ ਰਣਜੋਧ ਸਿੰਘ ਰਾਣਾ, ਸਲਾਹਕਾਰ ਬਲਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਵੀ ਹਾਜ਼ਰ ਸਨ।

ਰਣਜੋਧ ਸਿੰਘ ਰਾਣਾ ਨੇ ਸਭਾ ਵੱਲੋਂ ਕਿਤਾਬਾਂ ਦੇ ਸਿੰਧਾਰੇ ਦੀ ਰਸਮ ਨੂੰ ਸਮਾਜ ਲਈ ਬਹੁਤ ਉਪਯੋਗੀ ਦੱਸਿਆ ਤੇ ਇਸ ਨਾਲ ਸਤਿਕਾਰਤ ਧੀਆਂ, ਭੈਣਾਂ ਪੰਜਾਬੀ ਸੱਭਿਆਚਾਰ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਨਾਲ ਵੀ ਜੁੜਨਗੀਆਂ। ਇੱਥੇ ਦੱਸਣਯੋਗ ਹੈ ਕਿ ਮੈਡਮ ਅੰਮ੍ਰਿਤਪਾਲ ਕੌਰ ਐਮ.ਏ. ਬੀ.ਐੱਡ ਹੋਣ ਕਾਰਨ ਆਪ ਵੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਲੱਗੇ ਹੋਏ ਹਨ ਅਤੇ ਕਿਤਾਬਾਂ ਦੇ ਸੰਧਾਰੇ ਲਈ ਉਨ੍ਹਾਂ ਨੇ ਸੰਸਥਾ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਿਵਾਰ ਵਲੋਂ ਆਏ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਸ ਰੀਤੀ ਰਿਵਾਜ ਨੂੰ ਹੋਰ ਪ੍ਰਚਾਰਣ ਲਈ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹਿਣਗੇ। ਪ੍ਰਿੰ. ਗੋਸਲ ਵਲੋਂ ਜਿਹੜੀਆਂ ਕਿਤਾਬਾਂ ਮੁੱਖ ਤੌਰ ਤੇ ਕਿਤਾਬਾਂ ਦੇ ਸੰਧਾਰੇ ਵਜੋਂ ਦਿੱਤੀਆਂ ਗਈਆਂ, ਉਨ੍ਹਾਂ ਵਿੱਚ ਹਲਦੀ ਦੇ ਰੰਗ ਸ਼ਗਨਾਂ ਦੇ ਸੰਗ, ਮੇਰੇ ਪੰਜਾਬੀ ਲੇਖ, ਸਿੱਖ ਇਤਿਹਾਸ ਦੇ ਅਜਬ ਪੰਨੇ, ਟੱਲਾਂ ਵਾਲਾ ਸਾਧ, ਆਓ ਲਿਖੀਏ ਤਕਦੀਰ ਦੇਸ਼ ਦੀ, ਮੇਰੀਆਂ ਸ਼੍ਰੇਸਠ ਬਾਲ ਕਹਾਣੀਆਂ, ਦਿਪੀ ਗੁੱਠਲੀ ਵਾਲਾ ਅਤੇ ਬਹੁਤ ਸਾਰੀਆਂ ਹੋਰ ਸ਼ਾਮਲ ਸਨ। ਉਨ੍ਹਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਸਾਰੀਆਂ ਪੁਸਤਕਾਂ ਬੜੇ ਪਿਆਰ ਨਾਲ ਪੜ੍ਹਣ ਲਈ ਵੀ ਕਿਹਾ। ਇਸ ਮੌਕੇ ਬੋਲਦਿਆਂ ਪਰਮਿੰਦਰ ਸਿੰਘ ਨੇ ਕਿਹਾ ਕਿ ਕਿਤਾਬਾਂ ਦੇ ਸੰਧਾਰੇ ਲਈ ਦਿੱਤੀਆਂ ਗਈਆਂ ਇਹ ਪੁਸਤਕਾਂ ਬਹੁਤ ਹੀ ਲਾਹੇਵੰਦ ਅਤੇ ਬੱਚਿਆਂ ਲਈ ਅਣਮੋਲ ਹੋਣਗੀਆਂ।