ਵਿਧਾਇਕ ਕੁਲਵੰਤ ਸਿੰਘ ਵੱਲੋਂ ਲੋਕਾਂ ਨੂੰ ਸ਼ਹਿਰ ਦੀ ਸਫ਼ਾਈ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ

ਸਵੱਛਤਾ ਹੀ ਸੇਵਾ-2026 ਤਹਿਤ ਮੋਹਾਲੀ ਵਿੱਚ ਵਿਸ਼ਾਲ ਸਵੱਛਤਾ ਰੈਲੀ
ਕਿਹਾ, ਲੋਕਾਂ ਦੇ ਸਹਿਯੋਗ ਨਾਲ ਹੀ ਸਵੱਛ, ਸੁੰਦਰ ਅਤੇ ਹਰਿਆ ਭਰਿਆ ਮੋਹਾਲੀ ਬਣਾਉਣ ਦਾ ਟੀਚਾ ਹੋਵੇਗਾ ਸਾਕਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਸਹਿਜਧਾਰਾ ਬਿਊਰੋ), 30 ਸਤੰਬਰ: ਨਗਰ ਨਿਗਮ ਮੋਹਾਲੀ ਵੱਲੋਂ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਤਹਿਤ ‘ਸਾਫ਼ ਸ਼ਹਿਰ–ਹਰਿਆ-ਭਰਿਆ ਸ਼ਹਿਰ’ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਅੱਜ ਸੈਕਟਰ-69 ਵਿੱਚ ਵਿਸ਼ਾਲ ਸਵੱਛਤਾ ਰੈਲੀ ਕਰਵਾਈ ਗਈ। ਰੈਲੀ ਨੂੰ ਵਿਧਾਇਕ ਮੋਹਾਲੀ ਸ. ਕੁਲਵੰਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸ਼ਹਿਰ ਦੀ ਸਫ਼ਾਈ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਨਿਰਧਾਰਤ ਥਾਵਾਂ ’ਤੇ ਹੀ ਕੂੜਾ ਸੁੱਟਿਆ ਜਾਵੇ ਅਤੇ ਕੂੜੇ ਦੀ ਸਹੀ ਢੰਗ ਨਾਲ ਛਾਂਟੀ ਤੇ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ। ਵਿਧਾਇਕ ਨੇ ਕਿਹਾ ਕਿ ਕਿਸੇ ਵੀ ਸਫ਼ਾਈ ਮੁਹਿੰਮ ਦੀ ਸਫ਼ਲਤਾ ਲੋਕਾਂ ਦੇ ਸਹਿਯੋਗ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਮੋਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਹਰਾ-ਭਰਾ ਬਣਾਉਣ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਖੁਦ ਪਹਿਲ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ, ਪਰ ਮੁੱਖ ਮਕਸਦ ਲੋਕਾਂ ਨੂੰ ਜਾਗਰੂਕ ਕਰਕੇ ਸਵੈ-ਇੱਛਾ ਨਾਲ ਸਫ਼ਾਈ ਪ੍ਰਤੀ ਜ਼ਿੰਮੇਵਾਰ ਬਣਾਉਣਾ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਮੋਹਾਲੀ ਵਿੱਚ ਲਗਭਗ 8,000 ਪਰਿਵਾਰ ਕੂੜੇ ਨੂੰ ਘਰ ਵਿੱਚ ਹੀ ਖਾਦ ਆਦਿ ਦੇ ਰੂਪ ਵਿੱਚ ਵਰਤ ਕੇ ਇਸ ਦਾ ਸਹੀ ਪ੍ਰਬੰਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਹੋਰ ਲੋਕ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਘਰ ਪੱਧਰ ’ਤੇ ਕੂੜੇ ਦੇ ਢੁਕਵੇਂ ਪ੍ਰਬੰਧਨ ਨੂੰ ਅਪਣਾਉਣ।

ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ‘ਸਵੱਛਤਾ ਹੀ ਸੇਵਾ-2026’ ਤਹਿਤ ਲੋਕਾਂ ਨੂੰ ਸਫ਼ਾਈ, ਕੂੜੇ ਦੀ ਛਾਂਟੀ, ਜ਼ਿੰਮੇਵਾਰ ਕੂੜਾ ਪ੍ਰਬੰਧਨ ਅਤੇ ਜਨਤਕ ਥਾਵਾਂ ਦੀ ਸਾਂਭ-ਸੰਭਾਲ ਬਾਰੇ ਜਾਗਰੂਕ ਕਰਨ ਲਈ ਅਜਿਹੇ ਪ੍ਰੋਗਰਾਮ ਲਗਾਤਾਰ ਕਰਵਾਏ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਹ ਉਪਰਾਲੇ ਜਾਰੀ ਰਹਿਣਗੇ। ਸੈਕਟਰ-69 ਦੀ ਮੁੱਖ ਮਾਰਕੀਟ ਤੋਂ ਸਵੇਰੇ 8:30 ਵਜੇ ਸ਼ੁਰੂ ਹੋਈ ਸਵੱਛਤਾ ਰੈਲੀ ਸੈਕਟਰ-69 ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦੀ ਹੋਈ ਕਮਿਊਨਿਟੀ ਸੈਂਟਰ-69 ਵਿਖੇ ਪਹੁੰਚੀ, ਜਿੱਥੇ ਮੁੱਖ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਉਦੇਸ਼ ਸ਼ਹਿਰ ਵਾਸੀਆਂ ਨੂੰ ਸਰੋਤ ਪੱਧਰ ’ਤੇ ਕੂੜੇ ਦੀ ਛਾਂਟੀ, ਜ਼ਿੰਮੇਵਾਰ ਕੂੜਾ ਪ੍ਰਬੰਧਨ, ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਅਤੇ ਸਾਫ਼-ਸੁਥਰੇ ਤੇ ਹਰੇ-ਭਰੇ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ। ਸਵੱਛਤਾ ਰੈਲੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਸਫ਼ਾਈ ਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਵਿੱਚ ਯੋਗਦਾਨ ਪਾਇਆ। ਇਸ ਮੌਕੇ ‘ਸਵੱਛਤਾ ਪ੍ਰਦਰਸ਼ਨੀ’ ਵੀ ਲਗਾਈ ਗਈ, ਜਿਸ ਵਿੱਚ ਸਫ਼ਾਈ ਅਤੇ ਕੂੜਾ ਪ੍ਰਬੰਧਨ ਨਾਲ ਸਬੰਧਤ ਪ੍ਰਦਰਸ਼ਨੀਆਂ ਦੇ ਨਾਲ ਵਿਸ਼ੇਸ਼ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਨਗਰ ਨਿਗਮ ਵੱਲੋਂ ਸਫ਼ਾਈ ਸੇਵਾਵਾਂ ਵਿੱਚ ਯੋਗਦਾਨ ਪਾਉਣ ਵਾਲੇ ਸਫ਼ਾਈ ਸੈਨਾਨੀਆਂ ਨੂੰ ਦਰਸਾਉਂਦੀਆਂ ਤਖ਼ਤੀਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ, ਸੀਨੀਅਰ ਡਿਪਟੀ ਮੇਅਰ ਰਜਿੰਦਰ ਪ੍ਰਸਾਦ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਐਸ.ਈ. ਕਮਲਦੀਪ ਸਿੰਘ ਤੋਂ ਇਲਾਵਾ ਅਰੁਣਾ ਸ਼ਰਮਾ, ਰਾਜੀਵ ਵਸ਼ਿਸ਼ਟ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਮਾਣਾ, ਜਸਪਾਲ ਸਿੰਘ ਮਟੌਰ, ਦਰਸ਼ਨ ਸਿੰਘ ਮਟੌਰ ਅਤੇ ਅਮਰਜੀਤ ਸਿੰਘ ਸਿੱਧੂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।