ਪੰਜਾਬੀ ਗੀਤ-ਸੰਗੀਤ ਤੇ ਗਾਇਕੀ ਦੀਆਂ ਬਦਲਵੀਆਂ ਰੁੱਤਾਂ ਦੇ ਰੰਗ; ਤਵਿਆਂ ਤੇ ਸੀਡੀ ਯੁਗ ਤੋ ਸੋਸ਼ਲ ਮੀਡੀਆ ਤੱਕ – ਮਾਹੀ ਮਲਕੀਤ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 18 ਅਗਸਤ:
ਤਵਿਆਂ ਦੇ ਯੁੱਗ ਵੇਲੇ ਪੰਜਾਬੀ ਗੀਤ-ਸੰਗੀਤ ਸਾਡੇ ਪਿੰਡਾਂ ਤੇ ਕਸਬਿਆਂ ਦੇ ਮਨੋਰੰਜਨ ਦਾ ਇੱਕੋ ਇੱਕ ਸਾਧਨ ਹੁੰਦਾ ਸੀ। ਪਿੰਡਾਂ ਵਿੱਚ ਵਿਆਹ-ਸ਼ਾਦੀਆਂ ਜਾਂ ਹੋਰ ਖੁਸ਼ੀਆਂ ਮੌਕੇ ਕੱਚੇ-ਕੋਠਿਆਂ ‘ਤੇ ਦੋ ਮੰਜੇ ਜੋੜ ਕੇ ਬੰਨ੍ਹਿਆਂ ਲਾਊਡ-ਸਪੀਕਰ ਘਰ ਵਾਲਿਆਂ ਦੀ ਖੁਸ਼ੀ ਦਾ ਅਹਿਸਾਸ ਕਈ ਪਿੰਡਾਂ ਤੱਕ ਕਰਵਾਉਦਾ ਸੀ। ਕੰਨਾਂ ਵਿੱਚ ਰਸ ਘੋਲ਼ਦੇ ਗੀਤ ਤਵੇ ਦੀ ਹਿੱਕ ‘ਤੇ ਪਿਆਰ ਨਾਲ ਖੁੱਭੀ ਸੂਈ ਲੋਕ-ਗੀਤਾਂ ਰਾਹੀਂ ਲੋਕ-ਮਨਾਂ ਅੰਦਰ ਰੂਹ ਤੱਕ ਲਹਿ ਜਾਂਦੇ ਸਨ। ਸਮਾਂ ਬਦਲਿਆ। ਵਕਤ ਦੀ ਚੰਦਰੀ ਹਨੇਰੀ ਨੇ ਕੋਠਿਆਂ ‘ਤੇ ਵੱਜਦੇ ਸਪੀਕਰ ਘਰਾਂ ਅੰਦਰ ਕੈਦ ਕਰਵਾ ਦਿੱਤੇ। ਕੈੱਸਟ ਕਲਚਰ ਦੀ ਆਮਦ ਨੇ ਘਰ ਦੀ ਚਾਰਦਵਾਰੀ ਅੰਦਰ ਟੇਪਾਂ ਤੇ ਡੈਕਾਂ ਅੰਦਰ ਤਵੇ ਦੇ ਆਕਾਰ ਤੇ ਤਵੇ ਦੀ ਆਵਾਜ਼ ਦੇ ਦਾਇਰੇ ਨੂੰ ਛੋਟਿਆਂ ਕਰਕੇ ਸੀਮਤ ਕਰ ਦਿੱਤਾ। ਕੈੱਸਟ ਕਲਚਰ ਨੇ ਜਿੱਥੇ ਪੰਜਾਬੀ ਗਾਇਕੀ ਦਾ ਪਸਾਰਾ ਹੋਰ ਵਧਾਇਆ, ਉੱਥੇ ਤਵੇ ਦੇ ਮੁਕਾਬਲੇ ਕੈੱਸਟ ਖਰੀਦਣ ਦੀ ਸਮਰਥਾ ਦਾ ਘੇਰਾ ਹੋਰ ਵਿਸ਼ਾਲ ਕੀਤਾ। ਪਿੰਡਾਂ ਦੇ ਖੂਹਾਂ, ਟਰੈਕਟਰਾਂ ਤੇ ਕਾਰਾਂ ‘ਤੇ ਵੱਜਦੀਆਂ ਟੇਪਾਂ ਨੇ ਪੰਜਾਬੀ ਗੀਤਾਂ ਤੇ ਪੰਜਾਬੀ ਬੋਲੀ ਨੂੰ ਆਉਂਦੇ ਜਾਂਦੇ ਆਮ ਰਾਹੀਆਂ ਤੱਕ ਵੀ ਪਹੁੰਚਾ ਦਿੱਤਾ। ਗੱਲ ਕੀ, ਕੈੱਸਟ ਕਲਚਰ ਦੀ ਆਮਦ ਕੈੱਸਟ ਇੰਡਸਟਰੀ ਦੇ ਗਿਣਵੇਂ ਨਿਰਮਾਤਾਵਾਂ ਦੇ ਪੂਰੀ ਰਾਸ ਆਈ। ਲੱਖਾਂ-ਕਰੋੜਾਂ ਰੁਪਏ ਕੈੱਸਟ ਨਿਰਮਾਤਾਵਾਂ ਨੇ ਰੱਜ ਕੇ ਕਮਾਏ। ਸੁਰਿੰਦਰ ਕੌਰ, ਗੁਰਮੀਤ ਬਾਵਾ, ਨਰਿੰਦਰ ਬੀਬਾ, ਕੁਲਦੀਪ ਮਾਣਕ, ਮੁਹੰਮਦ ਸਦੀਕ, ਸੁਰਿੰਦਰ ਸ਼ਿੰਦਾ, ਹਾਕਮ ਸੂਫੀ, ਕਰਤਾਰ ਰਮਲਾ, ਜਸਵੰਤ ਸੰਦੀਲਾ, ਸਰਬਜੀਤ ਚੀਮਾ, ਹੰਸ ਰਾਜ ਹੰਸ, ਗੁਰਦਾਸ ਮਾਨ, ਸੁਰਜੀਤ ਬਿੰਦਰੱਖੀਆਂ, ਸਰਦੂਲ ਸਿਕੰਦਰ, ਅਮਰ ਨੂਰੀ, ਕੇ ਦੀਪ, ਜਗਮੋਹਣ ਕੌਰ, ਅਮਰ ਸਿੰਘ ਚਮਕੀਲਾ-ਅਮਰਜੋਤ ਵਰਗੇ ਪੰਜਾਬੀ ਗਾਇਕੀ ਦੇ ਥੰਮਾਂ ਦੀ ਗਾਇਕੀ ਨੂੰ ਵੀ ਐਚ. ਐਮ. ਵੀ. ਵਰਗੀਆਂ ਕੰਪਨੀਆਂ ਨੇ ਰੱਜ ਕੇ ਮਾਣਿਆ। ਪੰਜਾਬੀ ਕੈੱਸਟ ਨਿਰਮਾਤਾਵਾਂ ਅੰਦਰ ਹੋਰ ਪੈਸਾ ਕਮਾਉਣ ਦੀ ਵਗੀ ਦੌੜ ਨੇ ਸਮਾਜਿਕ ਕਦਰਾਂ-ਕੀਮਤਾਂ ਤੇ ਪੰਜਾਬੀ ਸੱਭਿਆਚਾਰ ਦੇ ਅਕਸ਼ ਨੂੰ ਛਿੱਕੇ ਟੰਗਣ ਦੀ ਨੀਅਤ ਅਧੀਨ ਅਮਰ ਸਿੰਘ ਚਮਕੀਲਾ ਵਰਗੇ ਗਲ਼ੇ ਦੇ ਪਰਪੱਕ ਤੇ ਸੁਰਾਂ ਦੇ ਪੱਕੇ ਗਾਇਕ ਦੀ ਗਾਇਕੀ ਨੂੰ ਕੁਝ ਹੱਦ ਤੱਕ ਲੱਚਰਤਾ ਤੇ ਦੋ ਅਰਥੀ ਗਾਇਕੀ ਵੱਲ ਨੂੰ ਪ੍ਰੇਰਿਤ ਕੀਤਾ।

ਸਮਾਂ ਫਿਰ ਬਦਲਿਆ। ਉਂਝ ਵੀ ਕਹਿੰਦੇ ਹਨ ਕਿ ਲੋੜ ਕਾਢ ਦੀ ਮਾਂ ਹੈ। ਇੱਥੇ ਤਾਂ ਪੰਜਾਬੀ ਕੈੱਸਟ ਇੰਡਸਟਰੀ ਦੇ ਕੁਝ ਚਾਲ-ਬਾਜ਼ ਤੇ ਪੈਸੇ ਦੇ ਪੁੱਤ ਨਿਰਮਾਤਾਵਾਂ ਦੀ ਸੋਚ ਨੇ ਕਾਢ ਕੱਢੀ ਕਿ ਗੀਤ ਤਾਂ ਕੁਝ ਹੀ ਲੋਕ ਸੁਣ ਸਕਦੇ ਹਨ, ਕਿਉਂ ਨਾ ਕੋਈ ਐਸੀ ਚੀਜ਼ ਖੋਜੀ ਜਾਵੇ ਜੋ ਹਰ ਘਰ ਅੰਦਰ ਨਾ ਚਾਹੁੰਦੇ ਹੋਏ ਵੀ ਪਰਿਵਾਰ ਦੇ ਹਰ ਮੈਂਬਰ ਨੂੰ ਸਾਡੀ ਕੈੱਸਟ ਦੇ ਗੀਤ ਫਿਲਮ ਦੇ ਰੂਪ ਵਿੱਚ ਵੇਖਣੇ ਤੇ ਸੁਣਨੇ ਹੀ ਪੈਣ। ਕੈੱਸਟ ਨਿਰਮਾਤਾਵਾਂ ਤੇ ਵਕਤ ਦੀ ਚਾਲ ਨੇ ਇਲੈਕਟਰੋਨਿਕ ਮੀਡੀਆ ਟੀ. ਵੀ. ਯੁੱਗ ਚੈਨਲ ਮੀਡੀਆ ਦਰਸ਼ਕਾਂ ਨੂੰ ਦਿੱਤਾ। ਇਸ ਯੁੱਗ ਦੇ ਆਉਣ ਨਾਲ ਪੰਜਾਬ, ਹਰਿਆਣਾ ਤੇ ਹਿੰਦੁਸਤਾਨ ਦੀਆਂ ਹੱਦਾਂ ਨੂੰ ਪਾਰ ਕਰਕੇ ਪੂਰੀ ਦੁਨੀਆਂ ਵਿੱਚ ਪੰਜਾਬੀ ਸੰਗੀਤ ਤੇ ਪੰਜਾਬੀ ਗੀਤਾਂ ਦੇ ਜ਼ਰੀਏ ਪੂਰੀ ਤਰ੍ਹਾਂ ਵਿਕਸਿਤ ਹੋਈ। ਨਤੀਜੇ ਵਜੋਂ ਕਈ ਮੁਲਕਾਂ ਅੰਦਰ ਪੰਜਾਬੀ ਮਾਂ ਬੋਲੀ ਨੂੰ ਦੂਜੀ ਭਾਸ਼ਾ ਦੇ ਰੂਪ ਵਿੱਚ ਪ੍ਰਵਾਨ ਕੀਤਾ ਗਿਆ। ਜੇ ਟੀ.ਵੀ. ਯੁੱਗ, ਚੈਨਲ ਮੀਡੀਆ ਯੁੱਗ ਇਥੋਂ ਤੱਕ ਸੀਮਤ ਰਹਿੰਦਾ ਤਾਂ ਸ਼ਾਇਦ ਅੱਜ ਪੰਜਾਬੀ ਦਾ ਮਹਾਂਦਰਾ ਕੁਝ ਹੋਰ ਹੀ ਹੁੰਦਾ, ਪਰ ਕੁਝ ਸ਼ਰਾਰਤੀ ਦਿਮਾਗਾਂ ਨੇ ਸ਼ੋਹਰਤ ਦੀਆਂ ਬੁਲੰਦੀਆਂ ਹਰ ਹੀਲੇ ਸਰ ਕਰਨ ਦੇ ਮਨਸੂਬਿਆਂ ਨਾਲ ਪੰਜਾਬੀ ਗੀਤਾਂ ਨੂੰ ਜੋ ਕਦੇ ਅਸੀਂ ਕੇਵਲ ਸੁਣ ਹੀ ਸਕਦੇ ਸਾਂ, ਸਰੋਤਿਆਂ ਨੂੰ ਟੀਵੀ ਸਾਹਮਣੇ ਬੈਠ ਕੇ ਵੇਖਣ-ਸੁਣਨ ਲਈ ਮਜਬੂਰ ਕੀਤਾ ਤੇ ਅਸ਼ਲੀਲਤਾ ਨੂੰ ਚੈਨਲ ਯੁੱਗ ਅੰਦਰ ਨਾ ਚਾਹੁੰਦੇ ਹੋਏ ਵੀ ਪੂਰੇ ਪਰਿਵਾਰ ਵਿੱਚ ਬੈਠ ਕੇ ਦੇਖਣਾ ਤੇ ਸੁਣਨਾ ਪਿਆ। ਅੱਜ ਚੈਨਲ ਯੁੱਗ ਅੰਦਰ ਜੇ ਕਿਸੇ ਗਾਇਕ ਨਾਲ ਗੱਲ ਕਰੀਏ ਤਾਂ ਪ੍ਰੋਗਰਾਮਾਂ ਦੀ ਪਿਛਲੇ ਸਮੇਂ ਨਾਲ ਘਟੀ ਗਿਣਤੀ ਉਹਦੇ ਚਿਹਰੇ ‘ਤੇ ਸਵਾਲੀਆ ਚਿੰਨ੍ਹ ਵਾਂਗ ਸਾਫ ਝਲਕਦੀ ਹੈ, ਕਿਉਂਕਿ ਡੀ.ਜੇ ਦੀ ਆਮਦ ਨੇ ਗਾਇਕਾਂ ਦੇ ਪ੍ਰੋਗਰਾਮਾਂ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਹੈ। ਜੇ ਗੱਲ ਗੀਤਾਂ ਦੀ ਵੀਡੀਓਗ੍ਰਾਫੀ ਦੀ ਕਰੀਏ ਤਾਂ ਦਿਨੋ-ਦਿਨ ਘਟ ਰਹੇ ਮਾਡਲ ਕਲਾਕਾਰਾਂ ਦੇ ਕੱਪੜੇ, ਪੰਜਾਬੀ ਸਭਿਆਚਾਰ ਦੇ ਗਿਰਦੇ ਮਿਆਰ ਦੀ ਗਵਾਹੀ ਭਰਦੇ ਹਨ। ਅੱਜ ਵੀਡੀਓ ਅੰਦਰ ਮਾਡਲ ਕੁੜੀਆਂ ਦੇ ਘੱਟ ਕੱਪੜੇ ਆਮ ਫੈਸ਼ਨ ਜਿਹਾ ਹੋ ਗਿਆ, ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰੂ ਸਾਬਤ ਹੋ ਰਿਹਾ ਹੈ। ਇੱਥੇ ਸੁਹਿਰਦ ਸੋਚ ਦੀ ਵੱਡੀ ਲੋੜ ਮਹਿਸੂਸ ਹੁੰਦੀ ਹੈ। ਉਪਰੰਤ ਆਧੁਨਿਕ ਯੁੱਗ ਦੀਆਂ ਦਿਨੋ-ਦਿਨ ਬਦਲ ਰਹੀਆਂ ਤਕਨੀਕਾਂ ਦੇ ਵੱਡੀ ਪੱਧਰ ‘ਤੇ ਬਦਲਾਓ ਨਾਲ਼ ਸੋਸ਼ਲ ਮੀਡੀਆ ਯੁੱਗ ਆਇਆ ਜੋ ਕਿ ਨਵੇਂ ਉੱਭਾਰ ਲਈ ਵਰਦਾਨ ਸਾਬਿਤ ਹੋਇਆ, ਜਿਸ ਦੀ ਦੇਣ ਅੱਜ ਦੇ ਕਈ ਉੱਚ-ਕੋਟੀ ਦੇ ਗਾਇਕ ਹਨ। ਪ੍ਰਤਿਭਾਵਾਨ ਸਿੰਗਰਾਂ ਨੂੰ ਸੋਸ਼ਲ ਮੀਡੀਆ ਦੇ ਯੂਟੀਊਬ ਚੈਨਲਾਂ ‘ਤੇ ਆਮ ਲੋਕਾਂ ਦੇ ਰੂਬਰੂ ਹੋਣ ਦਾ ਸੁਖਾਲਾ ਮੌਕਾ ਮਿਲਿਆ। ਪਹਿਲਾਂ ਗਾਇਕਾਂ ਨੂੰ ਸਟਾਰ ਬਣਨ ਲਈ ਜਿੱਥੇ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਸੀ, ਇੰਤਜ਼ਾਰ ਕਰਨਾ ਪੈਂਦਾ ਸੀ, ਹੁਣ ਉੱਥੇ ਜੇ ਗੀਤ ਚੰਗਾ ਹੋਵੇ ਤਾਂ ਇੱਕ ਦਿਨ ਵਿੱਚ ਹੀ ਕਰੋੜਾਂ ਵਿਊ ਮਿਲ਼ਣ ਲਗਦੇ ਹਨ, ਜਿਸ ਦੇ ਫ਼ਲਸਰੂਪ ਬਹੁਤ ਸਾਰੇ ਪ੍ਰਤਿਭਾਵਾਨ ਸਿੰਗਰ ਆਪਣੀ ਸੁਰ ਕਲਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਹੋਏ ਹਨ।

ਜਿਵੇਂ ਕਿ ਪਹਿਲਾਂ ਗਾਇਕ, ਕੰਪਨੀ ਦੇ ਹੱਥ ਸੀ। ਹੁਣ ਆਪਣਾ ਚੈਨਲ ਬਣਾਓ, ਆਪਣਾ ਗੀਤ ਪਾਉ, ਆਪਣੀ ਕਮਾਈ ਕਰੋ। ਗੱਲ ਇੱਥੇ ਹੀ ਨਹੀਂ ਮੁੱਕਦੀ ਸਾਡਾ ਪੰਜਾਬੀ ਸਭਿਆਚਾਰਕ ਵਿਰਸਾ ਬਹੁਤ ਅਮੀਰ ਹੈ। ਇਸ ਵਿਰਾਸਤ ਨੂੰ ਜਿਸ ਕਿਸੇ ਨੇ ਵੀ ਕਿਸੇ ਤੌਰ ਤਰੀਕੇ ਤੇ ਸਲੀਕੇ ਨਾਲ਼ ਇਸਤੇਮਾਲ ਕੀਤਾ, ਉਸਦਾ ਰੁਤਬਾ ਬੁਲੰਦੀਆਂ ਤੇ ਰਿਹਾ ਹੈ। ਗਾਇਕ ਕੋਈ ਵੀ ਕਿਉਂ ਨਾ ਰਿਹਾ ਹੋਵੇ, ਗਾਇਕੀ ਦਾ ਦੌਰ ਕੋਈ ਵੀ ਕਿਉਂ ਨਾ ਰਿਹਾ ਹੋਵੇ। ਜੇ ਕਿਸੇ ਕਲਾਕਾਰ ਦੀ ਗਾਇਕੀ ਦਮ-ਖਮ ਵਾਲ਼ੀ ਹੋਵੇਗੀ ਤਾਂ ਗਾਇਕੀ ਗੀਤਕਾਰੀ, ਸ਼ਬਦ ਸਰੋਤਿਆਂ ਦੇ ਹੂਰ ਤੱਕ ਅਸਰ ਕਰਦੇ ਹਨ। ਉਹ ਸਦਾ-ਬਹਾਰ ਬੋਲ ਅੱਜ ਵੀ ਸਰੋਤਿਆਂ ਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ। ਇਨ੍ਹਾਂ ਗੀਤਾਂ ਵਿੱਚ ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ/ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ/ ਸਾਕਾ ਸਰਹੰਦ/ ਗਗਨ ਦਮਾਮਾ ਵੱਜਿਆ/ ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ/ ਮਾਮਲਾ ਗੜਬੜ ਹੈ/ ਬਾਬੇ ਭੰਗੜਾ ਪਾਉਂਦੇ ਨੇ/ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ/ ਮਾਂ ਹੁੰਦੀ ਏ ਮਾਂ/ ਨੱਚਣ ਤੋਂ ਪਹਿਲਾਂ/ ਫੁੱਲਾਂ ਦੀਏ ਕੱਚੀਏ ਵਪਾਰਨੇ/ ਮੇਲਾ ਵੇਖਦੀਏ ਮੁਟਿਆਰੇ/ ਦੁਪੱਟਾ ਤੇਰਾ ਸੱਤ ਰੰਗ ਦਾ/ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ/ ਬਾਪੂ ਫੇਰ ਗੱਲਾਂ ਦੱਸ ਲਾਹੌਰ ਦੀਆਂ/ ਤੇਰੀ ਮੇਰੀ ਜੋੜੀ ਜਿਵੇਂ ਅਟਾਰੀ ਤੇ ਲਾਹੌਰ ਦੀ/ ਕੀਮਾ-ਮਲਕੀ/ ਡੋਲੀ ਚੜ੍ਹਦੀ ਹੀਰ ਨੂੰ/ ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਏ ਹੀਰ ਦੀ ਤੇ ਹੋਰ ਬਹੁਤ ਸਾਰੇ ਗੀਤ ਸ਼ੋਸ਼ਲ ਮੀਡੀਆ ਦੇ ਖਜ਼ਾਨੇ ਵਿੱਚ ਡਾਊਨਲੋਡ ਹੋਏ ਪਏ ਹਨ। ਇੱਕ ਕਲਿੱਕ ਵਿੱਚ ਹੀ ਇਨ੍ਹਾਂ ਦੀ ਸਦੀਵਤਾ ਤੇ ਵਿਸ਼ਾਲਤਾ ਸਾਹਮਣੇ ਆ ਜਾਂਦੀ ਹੈ।

ਜਿਸ ਤਰ੍ਹਾਂ ਅੱਜ ਸਾਡੇ ਸੀਨੀਅਰ ਕਲਾਕਾਰ ਸਿੱਧੇ ਫੇਸ-ਬੁੱਕ ‘ਤੇ ਲੋਕਾਂ ਨਾਲ ਜੁੜਦੇ ਹਨ, ਇਵੇਂ ਸੁਰਜੀਤ ਬਿੰਦਰਖੀਆ, ਚਮਕੀਲਾ-ਅਮਰਜੋਤ, ਸਦੀਕ-ਰਣਜੀਤ ਕੌਰ ਦੇ ਪੁਰਾਣੇ ਗੀਤ ਅੱਜ ਵੀ ਯੂਟੀਊਬ ‘ਤੇ ਰੀਲਾਂ ਰਾਹੀਂ ਵਾਇਰਲ ਹੋ ਕੇ ਨਵੀਂ ਪੀੜ੍ਹੀ ਤੱਕ ਪਹੁੰਚ ਰਹੇ ਹਨ। ਜੋ ਕੈੱਸਟਾਂ ਵਿੱਚ ਦੱਬੇ ਪਏ ਸਨ, ਉਹ ਫਿਰ ਜ਼ਿੰਦਾ ਹੋ ਗਏ ਹਨ। ਕਨੇਡਾ, ਅਮਰੀਕਾ, ਆਸਟਰੇਲੀਆ ਆਦਿ ਆਦਿ ਦੇਸ਼ਾਂ ਵਿੱਚ ਬੈਠਾ ਪੰਜਾਬੀ ਵੀ ਇੱਕ ਕਲਿੱਕ ‘ਤੇ ਨਵਾਂ ਗੀਤ ਸੁਣ ਲੈਂਦਾ ਹੈ। ਪੰਜਾਬੀ ਗਾਇਕੀ ਗਲੋਬਲ ਹੋ ਗਈ ਹੈ। ਮੁੰਢੀਰ ਨੂੰ ਸ਼ੋਰ ਪਸੰਦ ਆ, ਜਿਸ ਗੀਤ ਵਿੱਚ ਸ਼ੋਰ-ਸ਼ਰਾਬਾ, ਨਸ਼ਾ, ਬੰਦੂਕ, ਅਸ਼ਲੀਲਤਾ ਹੋਵੇ, ਉਹ ਚੌਵੀ ਘੰਟੇ ਵਿੱਚ ਪੰਜ ਕਰੋੜ ਵਿਊ ਲੈਂਦਾ ਹੈ ਤੇ ਜਿਸ ਵਿੱਚ ਸਮਾਜਿਕ ਸੰਸਕਾਰ, ਮਾਂ ਬਾਪ, ਆਦਰ-ਭਾਉ ਦੀ ਗੱਲ, ਕਿਸਾਨੀ ਦੀ ਗੱਲ ਹੋਵੇ, ਉਹ ਪੰਜਾਹ ਹਜ਼ਾਰ ‘ਤੇ ਹੀ ਸਿਮਟ ਕੇ ਰਹਿ ਜਾਂਦਾ ਹੈ। ਇਸੇ ਕਰਕੇ ਨਵੇਂ ਮੁੰਡੇ ਚੰਗਾ ਗਾਉਣ ਦੀ ਥਾਂ ਵਾਇਰਲ ਹੋਣ ਵਾਲਾ ਗਾਉਣ ਲੱਗ ਪਏ। ਹੁਣ 90 % ਗੀਤ ਸੋਲੋ ਤੇ ਰੈਪ ਨਾਲ਼ ਗੀਤਕਾਰੀ ਮਰ ਗਈ ਹੈ। ਬਸ ਚਾਰ ਲਾਈਨਾਂ ਦਾ ਹੁੱਕ ਬਣਾ ਕੇ ਰੀਲ ਪਾ ਦਿਓ। ਕੁਝ ਵੀਡੀਓਜ਼ ਵਿੱਚ ਪੰਜਾਬੀਆਂ ਨੂੰ ਸਿਰਫ ਗੈਂਗਸਟਰ, ਨਸ਼ੇੜੀ ਤੇ ਸ਼ਰਾਬੀ ਦਿਖਾਇਆ ਜਾਂਦਾ ਹੈ। ਬਾਹਰਲੇ ਦੇਸ਼ਾਂ ਵਿੱਚ ਲੋਕ ਸੋਚਦੇ ਨੇ ਕਿ ਪੰਜਾਬੀ ਦਾ ਮਤਲਬ ਇਹੀ ਹੈ ਕਿ ਸਾਡੀ ਅਸਲ ਪਹਿਚਾਣ ਪਿੱਛੇ ਰਹਿ ਗਈ ਹੈ। ਸੋਸ਼ਲ ਮੀਡੀਆ ਨਾ ਬੁਰਾ ਹੈ, ਨਾ ਚੰਗਾ। ਇਹ ਸ਼ੀਸ਼ਾ ਹੈ। ਜੇ ਤੁਸੀਂ ਚੰਗਾ ਦਿਖਾਓਗੇ ਤਾਂ ਚੰਗਾ ਦਿਖਾਏਗਾ ਜੇ ਮਾੜਾ ਦਿਖਾਉਗੇ ਤਾਂ ਮਾੜਾ। ਪਹਿਲਾਂ ਇਕ ਗਾਇਕ ਸਾਲ ਵਿੱਚ ਦੋ ਚਾਰ ਗੀਤ ਰਲੀਜ਼ ਕਰਦਾ ਸੀ ਤੇ ਮਿਹਨਤ ਕਰਦਾ ਸੀ, ਹੁਣ ਹਫਤੇ ਵਿੱਚ ਦੋ-ਚਾਰ ਰੀਲਾਂ ਨਾ ਪਾਵੇ ਤਾਂ ਲੋਕ ਭੁੱਲ ਜਾਂਦੇ ਹਨ। ਅੱਜ ਕਲਾਕਾਰਾਂ ਕੋਲ ਵੀ ਸੋਚਣ ਦਾ ਸਮਾਂ ਹੀ ਨਹੀਂ ਰਿਹਾ। ਇਸ ਲਈ ਲੋੜ ਹੈ ਕਿ ਸਾਡੇ ਗਾਇਕ ਕਲਾਕਾਰ ਮਾਡਰਨ ਤਕਨੀਕ ਦਾ ਫਾਇਦਾ ਲੈਣ। ਪੰਜਾਬੀਅਤ ਦੀ ਰੂਹ ਨਾ ਵੇਚਣ, ਕਿਉਂਕਿ ਵਿਊਜ਼ ਤਾਂ ਆਉਂਦੇ-ਜਾਂਦੇ ਰਹਿੰਦੇ ਹਨ। ਨਾਂ ਉਹੀ ਰਹਿੰਦਾ ਹੈ, ਜੋ ਦਿਲਾਂ ਵਿੱਚ ਵਸ ਜਾਵੇ।

ਮਾਹੀ ਮਲਕੀਤ – 94170 82829