ਪੰਜਾਬੀ ਗਾਇਕੀ ਦੀ ਰੂਹ-ਏ-ਰਵਾਂ ਆਵਾਜ਼: ਅਮਰ ਵਿਰਦੀ/ ਮਾਹੀ ਮਲਕੀਤ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 11 ਅਗਸਤ:
ਕੁਝ ਆਵਾਜ਼ਾਂ ਅਜਿਹੀਆਂ ਮਾਖਿਓ ਮਿੱਠੀਆਂ ਤੇ ਸੁਰੀਲੀਆਂ ਹੁੰਦੀਆਂ ਨੇ, ਜੋ ਕੰਨਾਂ ਤੱਕ ਨਹੀਂ ਸਿੱਧੀਆਂ ਰੂਹ ਤੱਕ ਲਹਿ ਜਾਦੀਆਂ ਹਨ। ਇਹਨਾਂ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਤੇ ਲੋਕ ਰੰਗ ਦੀਆਂ ਪਰਤਾਂ ਦੀ ਰੰਗਤ ਇੱਕਠੀ ਵਸਦੀ ਹੋਵੇ, ਉਹਨਾਂ ਵਿੱਚੋਂ ਇੱਕ ਅਮਰ ਵਿਰਦੀ ਦੀ ਆਵਾਜ਼ ਬਿਲਕੁਲ ਇੰਝ ਦੀ ਹੈ ਜੋ ਸਾਫ਼ ਸੁੱਥਰੇ ਸੱਭਿਆਚਾਰ ਦੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ। ਇਹ ਆਵਾਜ਼ ਸਿਰਫ ਸੰਗੀਤ ਨਹੀਂ, ਇਹ ਪੰਜਾਬ ਦੀ ਰੂਹ ਦਾ ਪਹਿਰਾਵਾ ਹੈ। ਇਹ ਉਸ ਮਾਂ ਦੀ ਲੋਰੀ ਵਰਗੀ ਹੈ, ਜੋ ਥੱਕੇ ਹਾਰੇ ਦਿਲਾਂ ਨੂੰ ਕੇਰਾਂ ਸਕੂਨ ਦਾ ਅਹਿਸਾਸ ਦਿੰਦੀ, ਦਿਲ ਦੀਆਂ ਗਹਿਰਾਈਆਂ ਤੱਕ ਉੱਤਰ ਜਾਂਦੀ ਹੈ। ਅੰਬਾਂ ਦੀ ਵਜੋਂ-ਵਹਿਸ਼ਤ ਵਜੋਂ ਜਾਣੀ ਜਾਂਦੀ ਦੁਆਬੇ ਦੀ ਧਰਤੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਉਂਦੇ ਲਲਵਾਨ ਪਿੰਡ ਦੇ ਵਾਸੀ ਪਿਤਾ ਦਾਸ ਰਾਮ ਤੇ ਮਾਤਾ ਕਰਮੀ ਦੇਵੀ ਦੀ ਪਰਿਵਾਰਿਕ ਫੁੱਲਵਾੜੀ ਵਿੱਚ 21 ਮਈ 1956 ਨੂੰ ਪੈਦਾ ਹੋਏ ਅਮਰ ਵਿਰਦੀ ਨੂੰ ਛੋਟੇ ਹੁੰਦੇ ਹੀ ਸੁਰ-ਕਲਾ ਨਾਲ ਗੂੜ੍ਹਾ ਮੋਹ ਸੀ ਜੋ ਕਿ ਸ਼ੌਂਕੀਆ ਤੌਰ ‘ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਗੁਰਬਾਣੀ ਸ਼ਬਦ ਗਾਇਆ ਕਰਦਾ ਸੀ। ਸਹਿਜੇ ਸਹਿਜੇ ਉਸ ਦੀ ਸੁਰ ਮੰਡਲ ਵਿੱਚ ਪ੍ਰਪੱਕਤਾ ਆਉਂਦੀ ਗਈ ਤੇ ਵਿਦਿਅਕ ਤਾਲੀਮ ਦੌਰਾਨ ਸਕੂਲ ਅਤੇ ਕਾਲਜਾਂ ਦੇ ਰੰਗਾਰੰਗ ਪ੍ਰੋਗਰਾਮਾਂ ਦੌਰਾਨ ਉਹ ਅਕਸਰ ਹੀ ਉਹਨਾਂ ਵੇਲਿਆਂ ਦੇ ਚਰਚਿਤ ਗੀਤਾਂ ਚੋਂ ‘ਦਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਮੇਰੀ ਐਸੀ ਝਾਂਜਰ ਛਣਕੇ, ਗਿੱਧਿਆਂ ਦੀ ਰਾਣੀਏ ਤੂੰ ਗਿੱਧੇ ਵਿੱਚ ਆ, ਜੱਟੀਆਂ ਪੰਜਾਬ ਦੀਆਂ ਤੇ ਪੀੜ ਤੇਰੇ ਜਾਣ ਦੀ ਆਦਿ ਗੀਤ ਰੰਗਰੰਗ ਪ੍ਰੋਗਰਾਮਾਂ ਦੀਆਂ ਸਟੇਜਾਂ ਤੋਂ ਗਾ ਕੇ ਚੰਗੀ ਵਾਹਵਾ ਖੱਟਦਾ ਰਿਹਾ, ਗਾਇਕੀ ਦੇ ਉਸਦੇ ਅਵੱਲੜੇ ਸ਼ੌਂਕ ਨੂੰ ਦੇਖਦਿਆ ਯਾਰਾਂ ਦੋਸਤਾਂ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਜੇ ਤੂੰ ਆਪਣੇ ਗੀਤ ਤਿਆਰ ਕਰੇਂ ਤਾਂ ਤੇਰਾ ਵੀ ਗਾਇਕੀ ਵਿੱਚ ਵੱਖਰਾ ਨਾਂ ਬਣੇਗਾ। ਫਿਰ ਕੀ ਸੀ ਅਮਰ ਵਿਰਦੀ ਦੇ ਮਨ ਨੂੰ ਇਹ ਸੁਝਾਅ ਜੱਚ ਗਏ ਤੇ ਉਸਨੇ ਇੱਕ ਚਿੱਤ ਹੋ ਕੇ ਗਾਇਕੀ ਵਿੱਚ ਪੱਕੇ ਪੈਰੀਂ ਹੋਣ ਲਈ ਦਿਲੋਂ ਮਿਹਨਤ ਕੀਤੀ, ਜਿਸ ਦੇ ਫਲਸਰੂਪ ਪਹਿਲੀ ਵਾਰ ਉਸ ਨੂੰ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਐਮ.ਐਮ. ਸਭਰਵਾਲ ਹੋਰਾਂ ਦੇ ਬਹੁਮੁੱਲੇ ਸਹਿਯੋਗ ਸਦਕਾ ਉਸਦੇ ਸਿਦਕ ਤੇ ਮਿਹਨਤ ਨੇ ਐਸੇ ਰੰਗ ਦਿਖਾਏ ਕਿ ਹਾਲ ਵਿੱਚ ਬੈਠੇ ਦਰਸ਼ਕਾਂ ਦੀਆਂ ਤਾੜੀਆਂ ਨੇ ਉਸਦੇ ਹੌਸਲਿਆਂ ਨੂੰ ਖੁੱਲ੍ਹੀ- ਡੁੱਲ੍ਹੀ ਪ੍ਰਵਾਜ਼ ਭਰਨ ਦੀ ਹਿੰਮਤ ਦਿੱਤੀ। ਜਿਵੇਂ ਸਿਆਣੇ ਕਹਿੰਦੇ ਨੇ ਕਿ ਜਿੱਥੇ ਚਾਹ ਉਥੇ ਰਾਹ।

ਉੱਘੇ ਗੀਤਕਾਰ ਰਣਜੋਧ ਰਾਣਾ ਤੇ ਉਸਦੀ ਸਰੀਕ-ਏ-ਹਯਾਤ ਸੁਨੀਤਾ ਹੋਰਾਂ ਦੇ ਵੱਡਮੁੱਲੇ ਸਹਿਯੋਗ ਸਦਕਾ ਅਮਰ ਵਿਰਦੀ ਨੂੰ ਪਲੇਠੀ ਕੈਸਟ “ਬੰਮ ਬੰਮ ਵੇ ਰੇਲ ਗੱਡੀ ਆਈ ਆ” ਮਿਊਜਿਕ ਡਾਇਰੈਕਟਰ ਸੁਰਿੰਦਰ ਬੱਚਨ ਦੇ ਸੰਗੀਤ ਵਿੱਚ ਸ਼ਿੰਗਾਰੀ ਬੈਸਟਰਨ ਮਿਊਜਿਕ ਕੰਪਨੀ ਤੋਂ ਰਿਲੀਜ਼ ਕਰਾਉਣ ਦਾ ਮੌਕਾ ਮਿਲਿਆ, ਜਿਸ ਦਾ ਕਹਿਣਾ ਕਿ ਰੱਬ ਨੇ ਇੰਝ ਦੀ ਨੇੜੇ ਹੋ ਕੇ ਸੁਣੀ ਕਿ ਉਮੀਦ ਤੋਂ ਕਿਤੇ ਵੱਧ ਕੈਸਟ ਦੇ ਸਾਰੇ ਗੀਤਾਂ ਨੂੰ ਰੱਜਵਾਂ ਹੁੰਗਾਰਾ ਮਿਲਿਆ, ਜਿਸ ਦੇ ਫਲਸਰੂਪ ਉਸਦਾ ਸਿਰ-ਕੱਢਵੇਂ ਗਾਇਕਾਂ ਵਿੱਚ ਨਾਂ ਸ਼ੁਮਾਰ ਹੋ ਗਿਆ। ਫਿਰ ਤੇ ਗੱਡੀ ਇੰਝ ਲੀਹ ‘ਤੇ ਚੜ੍ਹੀ ਕਿ ਦੂਜੀ ਧਾਰਮਿਕ ਕੈੱਸਟ “ਗੋਬਿੰਦ ਦੇ ਚੋਜ ਨਿਆਰੇ” ਵੀ ਧਾਰਮਿਕ ਹਲਕਿਆਂ ਵਿੱਚ ਖੂਬ ਪਸੰਦ ਕੀਤੀ ਗਈ। ਇਸੇ ਤਰ੍ਹਾਂ ਫਿਰ ਪ੍ਰਸਿੱਧ ਗਾਇਕਾ ਸੁਚੇਤ ਵਾਲਾ ਨਾਲ ਡਿਊਟ ਗੀਤਾਂ ਦੀ ਕੈਸਟ “ਝੱਟ ਮੰਗਣੀ ਪਟਕ ਸ਼ਾਦੀ” ਜਿਸ ਦੇ ਗੀਤ ਵੀ ਸਰੋਤਿਆਂ ਦੀ ਪਸੰਦ ਦੀ ਕਸੌਟੀ ‘ਤੇ ਸੋਨੇ ਵਾਂਗ ਖਰੇ ਉਤਰੇ। ਸੋਲੋ ਕੈੱਸਟ “ਪ੍ਰੀਤਾਂ ਦਾ ਵਣਜਾਰਾ” ਦੇ ਗੀਤਾਂ ਨੇ ਵੀ ਉਸ ਦੀ ਗਾਇਕੀ ਦਾ ਚੰਗਾ ਲੋਹਾ ਮਨਵਾਇਆ ਪ੍ਰਸਿੱਧ ਕੰਪਨੀ ਐਚ. ਐਮ. ਵੀ. ਤੋਂ “ਤੇਰੇ ਨਾਲ ਨੱਚਣਾ” ਉੱਘੇ ਸੰਗੀਤਕਾਰ ਕੰਵਰ ਇਕਵਾਲ ਦੇ ਮਿਊਜ਼ਿਕ ਵਿੱਚ ਪਰੋਈ, ਜਿਸ ਦੇ ਗੀਤਾਂ ਨੇ ਉਸਦੀ ਗਾਇਕੀ ਨੂੰ ਹਰਮਨ ਪਿਆਰਾ ਬਣਾ ਦਿੱਤਾ। ਅਮਰ ਵਿਰਦੀ ਨੇ ਗੱਲਾਂ- ਬਾਤਾਂ ਦੇ ਜ਼ਿਕਰ ਵਿੱਚ ਅੱਗੇ ਗੱਲ ਤੋਰਦਿਆਂ ਦੱਸਿਆ ਕਿ ਉਸ ਨੇ ਫਿਰ ਕਦੇ ਪਿਛਾਂਹ ਮੁੜ ਕੇ ਨਹੀਂ ਦੇਖਿਆ। ਜਲੰਧਰ ਦੂਰਦਰਸ਼ਨ ਕੇਂਦਰ ‘ਤੇ ਸਾਲ 1989 ਤੋਂ ਲਗਾਤਾਰ ਉਨਾਂ ਦੇ ਰੰਗਾਰੰਗ ਪ੍ਰੋਗਰਾਮਾਂ ਵਿੱਚ ਜਿਵੇਂ ਕਿ ”ਰੌਣਕ ਮੇਲਾ, ਇੱਕ ਲੱਪ ਸੁਰਮੇ ਦੀ, ਲਿਸ਼ਕਾਰਾ ਤੇ ਹੁੱਲੇ ਹੁਲਾਰੇ ਆਦਿ ਪ੍ਰੋਗਰਾਮਾਂ ਵਿੱਚ ਖੁੱਲ੍ਹ ਕੇ ਸ਼ਿਰਕਤ ਕੀਤੀ ਤੇ ਇਹਨਾਂ ਪ੍ਰੋਗਰਾਮਾਂ ਦਾ ਉਹ ਚਰਚਿਤ ਗਾਇਕ ਬਣ ਗਿਆ। ਗਾਇਕੀ ਵਿੱਚ ਸਮੇਂ ਸਮੇਂ ਸਿਰ ਉਹ ਪੰਜਾਬ ਤੋਂ ਇਲਾਵਾ ਨਹਿਰੂ ਯੁਵਕ ਕੇਂਦਰ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਰਾਹੀਂ ਦੇਸ਼ ਵਿਦੇਸ਼ ਦੇ ਕਈ ਸ਼ਹਿਰਾਂ ਵਿੱਚ ਪ੍ਰੋਗਰਾਮ ਕਰ ਚੁੱਕਾ ਹੈ ਅਤੇ ਵਿਦੇਸ਼ਾਂ ਵਿੱਚੋਂ ਇੰਗਲੈਂਡ, ਫਰਾਂਸ, ਅਮਰੀਕਾ ਦੇ ਵਿੱਚ ਡਾਂਸ ਡਾਰੈਕਟਰ ਕਾਨੂੰ ਮੁਖਰਜੀ ਅਤੇ ਰਮੇਸ਼ ਢੋਲੀ ਹੋਰਾਂ ਦੇ ਗਰੁੱਪ ਨਾਲ ਪੂਰੀ ਸਫਲਤਾ ਨਾਲ਼ ਸ਼ੋਅ ਕਰ ਚੁੱਕਿਆ ਹੈ।
ਪਲੇਅ ਬੈਕ ਸਿੰਗਿੰਗ ਬਾਰੇ ਉਸ ਦਾ ਕਹਿਣਾ ਹੈ ਕਿ ਪ੍ਰੋਡਿਊਸਰ ਅਤੇ ਡਾਇਰੈਕਟਰ ਜਸਪਾਲ ਢਿੱਲੋ ਦੀ ਫਿਲਮ ਪਰਦੇਸਣ, ਜਰਨੈਲ ਬਸਰਾ ਦ ਜਾਗੀਰਦਾਰ ਤੇ ਜਰਨੈਲ ਹੁਸ਼ਿਆਰਪੁਰੀ ਦੀ ਵੀਡੀਓ ਫਿਲਮ ਲੱਗ ਚਰਨੀ ਸਤਿਗੁਰਾਂ ਦੇ ਆਦਿ ਵਿੱਚ ਆਪਣੀ ਦਿਲਕਸ਼ ਆਵਾਜ਼ ਦੇ ਸੁਰੀਲੇ ਰੰਗ ਦਿਖਾ ਚੁੱਕਿਆ ਹੈ। ਗਾਇਕੀ ਦੇ ਇਸ ਮੰਜ਼ਿਲ-ਏ ਮੁਕਾਮ ਤੱਕ ਪੁੱਜਣ ਲਈ ਪਤਨੀ ਸੁਨੀਤਾ ਵਿਰਦੀ ਅਤੇ ਗੀਤਕਾਰ ਰਣਜੋਧ ਰਾਣਾ ਹੋਰਾਂ ਦੀ ਸਹੀ ਅਗਵਾਈ ਤੇ ਅਣਮੁੱਲੇ ਸਹਿਯੋਗ ਸਦਕਾ ਉਸ ਨੂੰ ਗਾਇਕੀ ਖੇਤਰ ਵਿੱਚ ਨਿਰੋਏ ਕਦਮੀਂ ਹੋਣ ਵਿੱਚ ਸਹਾਈ ਸਾਬਤ ਹੋਇਆ, ਜਿਸ ਦਾ ਇਹ ਵੀ ਕਹਿਣਾ ਹੈ ਕਿ ਉਸਦੇ ਇਸ ਸਾਫ ਸੁਥਰੇ ਗਾਇਕੀ ਅੰਦਾਜ਼ ਨੂੰ ਨਿਖਾਰਨ ਵਿੱਚ ਖਾਸ ਕਰਕੇ ਗੀਤਕਾਰਾਂ ਵਿੱਚੋਂ ਰਣਜੋਧ ਰਾਣਾ, ਭੁਪਿੰਦਰ ਮਟੌਰ ਵਾਲਾ, ਜਰਨੈਲ ਹੁਸ਼ਿਆਰਪੁਰੀ, ਬਲਵੀਰ ਲਹਿਰਾ, ਮੋਹਨ ਪ੍ਰੀਤ, ਮਾਹੀ ਮਲਕੀਤ, ਹਰਬੰਸ ਪ੍ਰੀਤ, ਰਾਜ ਜ਼ਖਮੀ, ਜੈਪਾਲ ਬਲੌਂਗੀ, ਕੇਵਲ ਮਾਣਕਪੁਰੀ ਆਦਿ ਦੇ ਲਿਖੇ ਸਭਿਅਕ ਗੀਤਾਂ ਦੇ ਬੋਲਾਂ ਨੇ ਉਸਦੀ ਗਾਇਕੀ ਨੂੰ ਚਾਰ ਚੰਨ ਲਾਏ ਹਨ, ਜਿਸ ਨੇ ਆਪਣੀ ਅਜੋਕੀ ਗਾਇਕੀ ਦੌਰ ਦੀਆਂ ਤਾਜ਼ਾ ਸਰਗਰਮੀਆਂ ਦੇ ਜ਼ਿਕਰ ਵਿੱਚ ਦੱਸਿਆ ਕਿ ਉਸਦੇ ਚਲ ਦੇ ਸਿੰਗਲ ਟਰੈਕ ਗੀਤਾਂ ਦੇ ਵਿੱਚ ਮਿਲਦੇ ਗਿਲਦੇ ਰਿਹਾ ਕਰੋ, ਤਸਵੀਰਾਂ ਬੋਲਦੀਆਂ, ਮਾਪਿਆਂ ਦਾ ਸਤਿਕਾਰ ਕਰੋ, ਚੰਗਿਆਈਆ ਬੁਰਿਆਈਆਂ, ਪੀੜ ਤੇਰੇ ਜਾਣ ਦੀ, ਧਾਰਮਿਕ ਜੈ ਮਾਤਾ ਦੀ ਬੋਲ ਭਗਤਾ, ਮਾਂ ਤੇਰੇ ਮੰਦਰਾਂ ਤੇ ਨੰਗੇ ਪੈਰੀ ਆਵਾਂ, ਸ੍ਰੀ ਗੁਰੂ ਰਵਿਦਾਸ ਮਹਿਮਾ, ਹਰਿ ਨਾਮ ਦਾ ਸਿਮਰਨ ਕਰ ਬੰਦਿਆਂ, ਸਰਹੰਦ ਦਾ ਖੂਨੀ ਸਾਕਾ, ਸ਼ਹੀਦਾਂ ਦੀ ਕੁਰਬਾਨੀ ਆਦਿ ਉਸ ਦੇ ਯੂਟੀਊਬ ਚੈਨਲ ‘ਤੇ ਲਾਈਕ, ਕਾਮੈਂਟਾਂ ਵਿੱਚ ਵੱਡੀ ਤਦਾਦ ਵਿੱਚ ਪਸੰਦ ਕੀਤੇ ਜਾ ਰਹੇ ਹਨ।

ਪੰਜਾਬ ਸਿਵਲ ਸਕੱਤਰੇਤ ਵਿੱਚੋਂ ਬਤੌਰ ਸੁਪਰਡੈਂਟ ਗਜ਼ਟਿਡ ਅਫਸਰ ਸੇਵਾ ਮੁਕਤ ਹੋਣ ਉਪਰੰਤ ਪਰਿਵਾਰਿਕ ਆਨੰਦ ਮਾਣ ਰਹੇ ਹਨ। ਜੇਕਰ ਉਸ ਦੀ ਗਾਇਕੀ ‘ਤੇ ਪੰਛੀ ਝਾਤ ਮਾਰੀ ਜਾਵੇ ਤਾਂ ਫ਼ਿਰ ਅਜੋਕੀ ਗਾਇਕੀ ਬੇ-ਅਰਥੇ, ਸ਼ੋਰ-ਸ਼ਰਾਬੇ ਤੇ ਫ਼ੋਕੀ ਚਮਕ-ਦਮਕ ਦੀ ਭੀੜ ਵਿੱਚ ਜਿਵੇਂ ਗੁਆਚਦੀ ਜਾ ਰਹੀ ਹੈ, ਉਦੋਂ ਅਮਰ ਵਿਰਦੀ ਵਰਗੇ ਕਲਾਕਾਰ ਦੀਵੇ ਵਾਂਗ ਰਾਹ ਦਸੇਰਾ ਬਣਦੇ ਨਜ਼ਰ ਆਉਂਦੇ ਹਨ। ਸਾਢੇ ਤਿੰਨ ਚਾਰ ਦਹਾਕੇ ਤੋਂ ਬਿਨਾਂ ਕਿਸੇ ਵਿਵਾਦ, ਬਿਨਾਂ ਕਿਸੇ ਸ਼ੋਅ ਆਫ ਦੇ ਸਿਰਫ ਸੱਭਿਆਚਾਰਕ ਤੇ ਵਿਰਸੇ ਦੇ ਸੰਸਕਾਰਾਂ ਨਾਲ ਜੁੜੇ ਰਹਿਣਾ ਕੋਈ ਸੌਖਾ ਕੰਮ ਨਹੀਂ। ਸਰਕਾਰੀ ਸੇਵਾ ਤੋਂ ਰਿਟਾਇਰ ਹੋ ਕੇ ਵੀ ਜੋ ਕਲਾਕਾਰ ਅੱਜ ਵੀ ਮਾਪਿਆਂ ਦਾ ਸਤਿਕਾਰ ਕਰੋ ਤੇ ਹਰਿ ਨਾਮ ਦਾ ਸਿਮਰਨ ਕਰ ਬੰਦਿਆਂ ਵਰਗੇ ਗੀਤ ਗਾ ਰਿਹਾ ਹੈ, ਉਹ ਸਿਰਫ ਗਾਇਕ ਨਹੀਂ, ਨਵੀਆਂ ਪੀੜ੍ਹੀਆਂ ਦੀ ਗਾਇਕੀ ਲਈ ਮਿਸਾਲ ਹੈ। ਰੱਬ ਕਰੇ ! ਉਸਦੀ ਆਵਾਜ਼ ਇੰਝ ਹੀ ਸੱਭਿਆਚਾਰਕ ਫਿਜ਼ਾਵਾਂ ਵਿੱਚ ਗੂੰਜਦੀ ਰਹੇ। ਕਿਉਂਕਿ ਜਦ ਤੱਕ ਅਮਰ ਵਿਰਦੀ ਵਰਗੇ ਗਾਇਕ, ਗਾਉਂਦੇ ਰਹਿਣਗੇ, ਮਿੱਟੀ ਦੀ ਖੁਸ਼ਬੂ ਇੰਝ ਹੀ ਜ਼ਿੰਦਾ ਰਹੇਗੀ।
ਮਲਕੀਤ ਮਾਹੀ ਖਰੜ (ਮੋਹਾਲੀ ) – 94170 82829