ਪਿਆਰਾ ਸਿੰਘ ਰਾਹੀ ਦਾ ਗ਼ਜ਼ਲ ਸੰਗ੍ਰਹਿ “ਚੀਸ” ਲੋਕ ਅਰਪਣ – ਜਸਵਿੰਦਰ ਸਿੰਘ ਕਾਈਨੌਰ

ਖਰੜ (ਸਹਿਜਧਾਰਾ ਬਿਊਰੋ), 29 ਸਤੰਬਰ: ਸਾਹਿਤਕ ਸੱਥ ਖਰੜ ਵੱਲੋ ਸਥਾਨਕ ਜੋਤੀ ਸਰੂਪ ਕੰਨਿਆ ਆਸਰਾ (ਰਜਿ.) ਵਿੱਚ ਆਯੋਜਿਤ ਸਾਹਿਤਕ ਪ੍ਰੋਗਰਾਮ ਵਿਚ ਪੰਜਾਬੀ ਦੇ ਨਾਮਵਰ ਸ਼ਾਇਰ ਪਿਆਰਾ ਸਿੰਘ ਰਾਹੀਂ ਦੇ ਨਵੇਂ ਛਪੇ ਗ਼ਜ਼ਲ ਸੰਗ੍ਰਹਿ “ਚੀਸ” ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਦਵਿੰਦਰ ਸਿੰਘ ਬੋਹਾ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ, ਵਿਸ਼ੇਸ਼ ਮਹਿਮਾਨ, ਡਾ. ਹਰਮਿੰਦਰ ਸਿੰਘ, ਸੰਸਥਾਪਕ ਕੰਨਿਆ ਆਸਰਾ ਅਤੇ ਸਮਾਜ ਸੇਵੀ ਇੰਜ. ਸ਼ੌਕਇੰਦਰ ਸਿੰਘ ਕੋਰਾ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਪੁਸਤਕ ਦੇ ਲੇਖਕ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਸੱਥ ਦੇ ਸਰਪ੍ਰਸਤ ਰਾਜਵਿੰਦਰ ਸਿੰਘ ਗੱਡੂ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ। ਤਰਸੇਮ ਸਿੰਘ ਕਾਲੇਵਾਲ ਵੱਲੋਂ ਧਾਰਮਿਕ ਗੀਤ ਨਾਲ ਸ਼ੁਰੂਆਤ ਕਰਨ ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਗ਼ਜ਼ਲ ਸੰਗ੍ਰਹਿ “ਚੀਸ” ਦਾ ਲੋਕ ਅਰਪਣ ਕੀਤਾ ਗਿਆ। ਜਸਵਿੰਦਰ ਸਿੰਘ ਕਾਈਨੌਰ ਵੱਲੋਂ ਵਿਸਥਾਰਪੂਰਵਕ ਪੇਪਰ ਪੜ੍ਹਿਆ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਗ਼ਜ਼ਲ ਸੰਗ੍ਰਹਿ, ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਇੱਕ ਨਵਾਂ ਸਾਰਥਕ ਅਤੇ ਪ੍ਰਗਤੀਸ਼ੀਲ ਕਦਮ ਹੈ।

ਸੁਰਜੀਤ ਸੁਮਨ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈੰਦਿਆਂ ਕਿਹਾ ਕਿ ਇਸ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਸਾਡੇ ਜੀਵਨ ਨੂੰ ਹਰ ਪੱਖ ਤੋਂ ਮਿਲਣ ਵਾਲੇ ਦੁੱਖਾਂ ਦਰਦਾਂ ਦੀ ਚੀਸ ਦਾ ਪ੍ਰਗਟਾਵਾ ਕਰਦੀਆਂ ਹਨ । ਇੰਜ. ਸ਼ੌਕਇੰਦਰ ਸਿੰਘ ਕੋਰਾ ਨੇ ਕਿਹਾ ਕਿ ਪੁਸਤਕ ਦਾ ਟਾਈਟਲ “ਚੀਸ” ਰੱਖ ਕੇ ‘ਰਾਹੀ’ ਨੇ ਠੀਕ ਕੀਤਾ ਹੈ ਅਤੇ ਉਨ੍ਹਾਂ ਪੁਸਤਕ ਵਿੱਚੋਂ ਆਪਣੀ ਮਨ ਪਸੰਦ ਇੱਕ ਗ਼ਜ਼ਲ ਵੀ ਪੇਸ਼ ਕੀਤੀ। ਪ੍ਰਸਿੱਧ ਗਾਇਕ ਕਲਾਕਾਰ ਗੁਰਵਿੰਦਰ ਸਿੰਘ ਗੁਰੀ ਨੇ ‘ਲੋਕਾਂ ਦਾ ਜਾਂ ਫਿਰ ਜੋਕਾਂ ਦਾ ਕਿਹੜੀ ਧਿਰ ਨਾ’ ਖੜ੍ਹਨਾ ਹੈ/ ਕਲਮ ਤੇਰੀ ਨੂੰ ਦੋਹਾਂ ਵਿੱਚੋਂ ਇੱਕ ਤਾਂ ਚੁਣਨਾ ਪੈਣਾ ਹੈ’ ਸੁਣਾਈ। ਇਸੇ ਤਰ੍ਹਾਂ ਕ੍ਰਿਸ਼ਨ ਰਾਹੀ ਨੇ ‘ਕਿਸ ਨੇ ਕੀ ਕੀ ਕੀਤੀ ਇਹ ਹੁਣ ਫੇਰ ਸਹੀ/ ਸਾਡੇ ‘ਤੇ ਜੋ ਬੀਤੀ ਇਹ ਹੁਣ ਫੇਰ ਸਹੀ’, ਰਤਨ ਬਾਬਕ ਵਾਲਾ ਨੇ ‘ਵਾਂਗ ਹਵਾ ਦੇ ਆ ਕੇ ਛੇਤੀ ਮੁੜ ਜਾਨੈਂ’ ਅਤੇ ਸਰਬਜੀਤ ਕੌਰ ਨੇ ‘ਰੁੱਖਾਂ ਕੋਲ਼ੋਂ ਛਾਵਾਂ ਖੋਹਣ ਨੂੰ ਫਿਰਦੇ ਨੇ/ ਸੁਪਨੇ, ਚਾਅ, ਇੱਛਾਵਾਂ ਖੋਹਣ ਨੂੰ ਫਿਰਦੇ ਨੇ’ ਪੁਸਤਕ ਵਿੱਚੋਂ ਗ਼ਜ਼ਲਾਂ ਪੇਸ਼ ਕਰ ਕੇ ਵਾਹ-ਵਾਹ ਖੱਟੀ।

ਪਿਆਰਾ ਸਿੰਘ ਰਾਹੀ ਨੇ ਆਪਣੇ ਗ਼ਜ਼ਲ ਲਿਖਣ ਦੇ ਸਫ਼ਰ ਦੀ ਗੱਲ ਸਾਂਝੀ ਕਰਦਿਆਂ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਅਤੇ ਤਰੰਨਮ ਵਿੱਚ ਇੱਕ ਗ਼ਜ਼ਲ ‘ਘਰ ਦੇ ਵਿੱਚ ਹੈ ਕੂੜਾ ਬਹੁਕਰ ਮਾਰ ਕੁੜੇ/ ਅੰਦਰ ਮੈਲ਼ਾ ਹੋਵੇ ਨਹੀਂ ਸਤਿਕਾਰ ਕੁੜੇ’ ਪੇਸ਼ ਕੀਤੀ। ਡਾ. ਦਵਿੰਦਰ ਸਿੰਘ ਬੋਹਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਇਹ ਗ਼ਜ਼ਲਾਂ ਸਾਡੇ ਪਰਿਵਾਰਕ, ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਆਦਿ ਖੇਤਰਾਂ ਦੇ ਵਰਤਾਰੇ ਵਿੱਚ ਆਏ ਨਿਘਾਰ ‘ਚੋਂ ਉਪਜੇ ਦੁੱਖਾਂ, ਦਰਦਾਂ ਦੀ ਚੀਸ ਦਾ ਪ੍ਰਗਟਾਵਾ ਕਰਦੀਆਂ ਹਨ, ਜਿਸ ਲਈ ਲੇਖਕ ਵਧਾਈ ਦਾ ਹੱਕਦਾਰ ਹੈ। ਸੱਥ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਪੁਸਤਕ ਦੇ ਲੇਖਕ ਦਾ ਯਾਦ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਕੈਨੇਡਾ ਤੋਂ ਵਿਸ਼ੇਸ਼ ਤੌਰ ‘ਤੇ ਆਏ ਪਿਆਰਾ ਸਿੰਘ ਰਾਹੀ ਦੀ ਬੇਟੀ ਰੁਪਿੰਦਰ ਕੌਰ – ਦਾਮਾਦ ਕਰਮਨਜੀਤ ਸਿੰਘ ਦਾ ਵੀ ਸੱਥ ਵੱਲੋਂ ਗ਼ਿਫਟ ਦੇ ਕੇ ਸਨਮਾਨ ਕੀਤਾ ਗਿਆ। ਚੱਲੇ ਕਵੀ ਦਰਬਾਰ ਵਿੱਚ ਦਲਬੀਰ ਸਿੰਘ ਸਰੋਆ, ਇੰਦਰਜੀਤ ਕੌਰ ਵਡਾਲਾ, ਅਮਰਜੀਤ ਕੌਰ ਮੋਰਿੰਡਾ, ਖੁਸ਼ੀ ਰਾਮ ਨਿਮਾਣਾ, ਭੁਪਿੰਦਰ ਸਿੰਘ ਭਾਗੋਮਾਜਰਾ, ਬੰਤ ਸਿੰਘ ਦੀਪ, ਗੁਰਸ਼ਰਨ ਸਿੰਘ ਕਾਕਾ, ਸੁਮਿੱਤਰ ਸਿੰਘ ਦੋਸਤ, ਰਾਜੂ ਨਾਹਰ, ਮੰਦਿਰ ਗਿੱਲ ਸਾਹਿਬਚੰਦੀਆ, ਮਨਜੀਤਪਾਲ ਸਿੰਘ, ਬਾਬੂ ਰਾਮ ਦੀਵਾਨਾ, ਹਰਜੀਤ ਕੌਰ ਮਾਵੀ, ਜਸ਼ਨਦੀਪ ਸਿੱਧੂ, ਮਹਿੰਦਰ ਸਿੰਘ ਗੋਸਲਾਂ, ਕੇਸਰ ਸਿੰਘ ਇੰਸਪੈਕਟਰ, ਹਾਕਮ ਸਿੰਘ ਨੱਤਿਆਂ, ਪ੍ਰੋ.ਕੇਵਲਜੀਤ ਸਿੰਘ ਕੰਵਲ, ਰਣਜੀਤ ਕੌਰ ਕੰਗ, ਐਡਵੋਕੇਟ ਨੀਲਮ ਨਾਰੰਗ, ਸਰਬਜੀਤ ਸਿੰਘ ਪੱਡਾ, ਅੰਮ੍ਰਿਤਜੀਤ ਕੌਰ, ਸੁਰਿੰਦਰ ਕੌਰ ਬਾੜਾ ਅਤੇ ਧਿਆਨ ਸਿੰਘ ਕਾਹਲੋਂ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ। ਸਟੇਜ ਸਕੱਤਰ ਦੇ ਫਰਜ਼ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਬਾਖੂਬੀ ਨਿਭਾਏ ਗਏ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ। ਅਖੀਰ ਵਿੱਚ ਹਾਕਮ ਸਿੰਘ ਨੱਤਿਆਂ ਨੇ ਸੱਥ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ।
ਜਸਵਿੰਦਰ ਸਿੰਘ ਕਾਈਨੌਰ – 94638-37388