ਨੂਰੀ ਜੋਤਾਂ ਪੁਸਤਕ ‘ਤੇ ਵਿਚਾਰ ਚਰਚਾ ‘ਤੇ ਕਵੀ ਦਰਬਾਰ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 10 ਅਗਸਤ:
ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਸੰਨੀ ਇਨਕਲੇਵ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਉਨ੍ਹਾਂ ਦੇ ਦਫ਼ਤਰ ਸੰਨੀ ਇਨਕਲੇਵ ਸੈਕਟਰ-125 ਵਿਖੇ ਨਾਮਵਰ ਸ਼ਾਇਰ ਭਗਤ ਰਾਮ ਰੰਗਾੜਾ ਦੀ ਕਾਵਿ ਪੁਸਤਕ ਨੂਰੀ ਜੋਤਾਂ ਦੇ ਦੂਜੇ ਐਡੀਸ਼ਨ ਤੇ ਵਿਚਾਰ ਚਰਚਾ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਬਾਬੂ ਰਾਮ ਦੀਵਾਨਾ, ਸਹਾਇਕ ਡਾਇਰੈਕਟਰ (ਰਿਟਾ.), ਭਾਸ਼ਾ ਵਿਭਾਗ ਪੰਜਾਬ ਨੇ ਕੀਤੀ, ਜਦਕਿ ਰਜਿੰਦਰ ਸਿੰਘ ਬੱਬੂ, ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਸੰਨੀ ਇਨਕਲੇਵ ਤੇ ਅਸ਼ੋਕ ਕੁਮਾਰ, ਜਨਰਲ ਸਕੱਤਰ ਸੰਨੀ ਇਨਕਲੇਵ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਹੁਰਾਂ ਬਤੌਰ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਭਗਤ ਰਾਮ ਰੰਗਾੜਾ ਵੀ ਪ੍ਰਧਾਨਗੀ ਮੰਡਲ ਦਾ ਹਿੱਸਾ ਬਣੇ।
ਪੁਸਤਕ ਤੇ ਪਰਚਾ ਰਾਜ ਕੁਮਾਰ ਸਾਹੋਵਾਲੀਆ ਨੇ ਵਿਸਥਾਰ ਨਾਲ ਪੜ੍ਹਿਆ ਤੇ ਰਚਨਾਵਾਂ ਨੂੰ ਮਿਆਰੀ ਦੱਸਿਆ। ਜਗਤਾਰ ਸਿੰਘ ਜੋਗ ਨੇ ਪੁਸਤਕ ਵਿੱਚੋਂ ਗੀਤ ‘ਛੱਡ ਜਾਣਾ ਸੰਸਾਰ’ ਤਰੰਨਮ ਵਿੱਚ ਪੇਸ਼ ਕੀਤਾ। ਭਗਤ ਰਾਮ ਰੰਗਾੜਾ ਨੇ ਆਪਣੇ ਸਾਹਿਤਕ ਸਫਰ ਬਾਰੇ ਜ਼ਿਕਰ ਕਰਦੇ ਹੋਏ ਬਚਪਨ, ਚਿੱਠੀ, ਭਾਖੜਾ ਅਤੇ ਬਿਆਸ ਪ੍ਰੋਜੈਕਟ ਅਤੇ ਦਸਮੇਸ਼ ਪਿਤਾ ਬਾਰੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਧਿਆਨ ਸਿੰਘ ਕਾਹਲੋਂ ਨੇ ਆਪਣੇ ਨਵੇਲੇ ਗੀਤ ਤਬੇਲੇ ਦੀ ਬਲਾ ਬਸ਼ੇਰੇ ਗਲ਼ ਪੈ ਗਈ ਤੇ ਜਿੱਥੇ ਪਤੀ ਪਤਨੀ ਦਾ ਜ਼ੋਰ ਨਹੀਂ ਸੁਣਾ ਕੇ ਵਾਹ ਵਾਹ ਖੱਟੀ। ਸਰਬਜੀਤ ਸਿੰਘ ਪੱਡਾ ਨੇ ਸਾਵਣ ਬਾਰੇ ਕਵਿਤਾ ਸੁਣਾ ਕੇ ਤਾੜੀਆਂ ਬਟੋਰੀਆਂ। ਰਾਜ ਕੁਮਾਰ ਸਾਹੋਵਾਲੀਆ ਨੇ ਬਾਬੇ ਬੁੱਲ੍ਹੇ ਸ਼ਾਹ ਦਾ ਕਲਾਮ ਉੱਠ ਜਾਗ ਘੁਰਾੜੇ ਮਾਰ ਨਹੀਂ ਅਤੇ ਸਾਵਣ ਬਾਰੇ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਰਜਿੰਦਰ ਸਿੰਘ ਬੱਬੂ ਤੇ ਅਸ਼ੋਕ ਕੁਮਾਰ ਨੇ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ ਤੇ ਅੱਗੇ ਨੂੰ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਬਾਬੂ ਰਾਮ ਦੀਵਾਨਾ ਨੇ ਤਰੰਨਮ ਵਿੱਚ ਸਾਵਣ ਦਾ ਗੀਤ ਸੁਣਾਉਣ ਉਪਰੰਤ ਪੁਸਤਕ ਦੀ ਸ਼ਲਾਘਾ ਕਰਦੇ ਹੋਏ ਰੰਗਾੜਾ ਦੇ ਸਾਹਿਤਕ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਜਿਹੀਆਂ ਪੁਸਤਕਾਂ ਲਾਇਬਰੇਰੀ ਦਾ ਸ਼ਿੰਗਾਰ ਬਣਨੀਆਂ ਚਾਹੀਦੀਆਂ ਹਨ। ਉਨ੍ਹਾਂ ਪੁਸਤਕ ਦੇ ਲੇਖਕ ਰੰਗਾੜਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਇਸ ਸਮਾਗਮ ਵਿੱਚ ਬਲਵੰਤ ਸਿੰਘ ਕਾਹਲੋਂ, ਨਾਜ਼ਰ ਸਿੰਘ, ਹਰਗੋਬਿੰਦ ਬਾਠ, ਇੰਜੀ. ਹਰਮੇਸ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ, ਹਰਜਿੰਦਰ ਗੋਇਲ, ਬਲਦੇਵ ਸਿੰਘ, ਮੋਹਨ ਲਾਲ ਰਾਹੀ, ਪ੍ਰੇਮ ਸ਼ਰਮਾ, ਗੁਰਨਾਮ ਸਿੰਘ ਅਤੇ ਇੰਜੀ. ਆਈ.ਐਸ. ਸਿੱਧੂ ਆਦਿ ਨੇ ਲੰਮਾ ਸਮਾਂ ਹਾਜ਼ਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ। ਮੰਚ ਦਾ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਨੇ ਬਾਖੂਬੀ ਨਿਭਾਇਆ।