ਫਤਿਹ ਬੁਰਜ, ਚੱਪੜ ਚਿੜੀ ਤੋਂ ਵਿਸ਼ਵ ਸੈਰ-ਸਪਾਟਾ ਦਿਵਸ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਸੰਜੀਵ ਕੁਮਾਰ ਤਿਵਾੜੀ ਨੇ ਕੀਤਾ ਰਵਾਨਾ
ਸੈਰ ਸਪਾਟਾ ਵਿਭਾਗ ਵੱਲੋਂ ਪੰਜਾਬ ਦੇ ਕੁਦਰਤੀ, ਵਾਤਾਵਰਣ-ਅਨੁਕੂਲ ਅਤੇ ਰੋਮਾਂਚਕ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਕੀਤੀ ਗਈ ਪਹਿਲਕਦਮੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਸਹਿਜਧਾਰਾ ਬਿਊਰੋ), 27 ਸਤੰਬਰ: ਵਿਸ਼ਵ ਸੈਰ-ਸਪਾਟਾ ਦਿਵਸ-2026 ਦੇ ਜਸ਼ਨਾਂ ਤਹਿਤ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਵੱਲੋਂ ਕਰਵਾਈ ਗਈ ਮੋਟਰਸਾਈਕਲ ਰੈਲੀ ਨੂੰ ਅੱਜ ਇਤਿਹਾਸਕ ਫਤਿਹ ਬੁਰਜ, ਚੱਪੜ ਚਿੜੀ ਤੋਂ ਡਿਪਟੀ ਕਮਿਸ਼ਨਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਕੋਮਲ ਮਿੱਤਲ, ਆਈ.ਏ.ਐਸ. ਅਤੇ ਡਾਇਰੈਕਟਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਪੰਜਾਬ, ਸੰਜੀਵ ਕੁਮਾਰ ਤਿਵਾੜੀ, ਆਈ.ਐਫ.ਐਸ. ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਮੋਟਰਸਾਈਕਲ ਰੈਲੀ ਵਿਸ਼ਵ ਸੈਰ-ਸਪਾਟਾ ਦਿਵਸ-2026 ਦੇ ਜਸ਼ਨਾਂ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਪੰਜਾਬ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ ਨੂੰ ਲੋਕਾਂ ਨਾਲ ਜੋੜਨਾ ਅਤੇ ਵਿਸ਼ੇਸ਼ ਤੌਰ ’ਤੇ ਵਾਤਾਵਰਣ-ਅਨੁਕੂਲ ਅਤੇ ਸਾਹਸੀ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਰੈਲੀ ਸਵੇਰੇ 6:30 ਵਜੇ ਚੱਪੜ ਚਿੜੀ ਤੋਂ ਸ਼ੁਰੂ ਹੋ ਕੇ ਬਲਾਚੌਰ ਰਾਹੀਂ ਨੇਚਰ ਰਿਟ੍ਰੀਟ ਚੌਹਾਲ, ਹੁਸ਼ਿਆਰਪੁਰ ਵੱਲ ਰਵਾਨਾ ਹੋਈ। ਇਸ ਦੌਰਾਨ ਰੈਲੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚੋਂ ਲੰਘਦਿਆਂ ਆਪਣਾ ਸਫ਼ਰ ਤੈਅ ਕੀਤਾ। ਇਸ ਵਿੱਚ ਲਗਭਗ 50 ਤੋਂ 60 ਮੋਟਰਸਾਈਕਲ ਸਵਾਰਾਂ ਸਮੇਤ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰ ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਕੁੱਲ ਭਾਗੀਦਾਰੀ ਲਗਭਗ 70 ਤੋਂ 75 ਵਿਅਕਤੀਆਂ ਦੀ ਰਹੀ, ਜਿਸ ਵਿੱਚ ਪਿੱਛੇ ਬੈਠਣ ਵਾਲੇ ਸਵਾਰ ਵੀ ਸ਼ਾਮਲ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਆਈ.ਏ.ਐਸ. ਨੇ ਕਿਹਾ ਕਿ ਪੰਜਾਬ ਦਾ ਸੈਰ-ਸਪਾਟਾ ਖੇਤਰ ਸਿਰਫ਼ ਪ੍ਰਸਿੱਧ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਤੱਕ ਸੀਮਤ ਨਹੀਂ, ਸਗੋਂ ਸੂਬੇ ਦੀ ਕੁਦਰਤੀ ਸੁੰਦਰਤਾ, ਸੱਭਿਆਚਾਰਕ ਵਿਰਾਸਤ ਅਤੇ ਵਿਲੱਖਣ ਸੈਰ-ਸਪਾਟਾ ਅਨੁਭਵ ਵੀ ਇਸ ਦੀ ਅਹਿਮ ਪਛਾਣ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਸਥਾਨਕ ਵਾਸੀਆਂ ਅਤੇ ਸੈਲਾਨੀਆਂ ਨੂੰ ਪੰਜਾਬ ਦੇ ਕੁਦਰਤੀ, ਸੱਭਿਆਚਾਰਕ ਅਤੇ ਹੋਰ ਸੈਰ-ਸਪਾਟਾ ਸਥਾਨਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜ਼ਿੰਮੇਵਾਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੰਜਾਬ ਦੀਆਂ ਸੈਰ-ਸਪਾਟਾ ਸੰਭਾਵਨਾਵਾਂ ਬਾਰੇ ਜਾਗਰੂਕਤਾ ਵਧਾਉਣ ਵਿੱਚ ਵੀ ਸਹਾਈ ਹੁੰਦੀਆਂ ਹਨ। ਡਾਇਰੈਕਟਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਪੰਜਾਬ, ਸੰਜੀਵ ਕੁਮਾਰ ਤਿਵਾੜੀ, ਆਈ.ਐਫ.ਐਸ. ਨੇ ਕਿਹਾ ਕਿ ਵਿਸ਼ਵ ਸੈਰ-ਸਪਾਟਾ ਦਿਵਸ ਮੋਟਰਸਾਈਕਲ ਸਵਾਰੀ ਦਾ ਉਦੇਸ਼ ਸੈਲਾਨੀਆਂ ਨੂੰ ਪੰਜਾਬ ਦੇ ਵੱਖ-ਵੱਖ ਸਥਾਨਾਂ ਨਾਲ ਦਿਲਚਸਪ ਅਤੇ ਅਮਲੀ ਢੰਗ ਨਾਲ ਜੋੜਨਾ ਹੈ।

ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਅਜਿਹੇ ਸੈਰ-ਸਪਾਟਾ ਅਨੁਭਵਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜੋ ਲੋਕਾਂ ਨੂੰ ਸੂਬੇ ਦੇ ਕੁਦਰਤੀ ਅਤੇ ਸੱਭਿਆਚਾਰਕ ਸਰਮਾਏ ਨੂੰ ਨੇੜਿਓਂ ਜਾਣਨ ਅਤੇ ਇਨ੍ਹਾਂ ਸਥਾਨਾਂ ਬਾਰੇ ਵਿਆਪਕ ਪੱਧਰ ’ਤੇ ਜਾਣਕਾਰੀ ਸਾਂਝੀ ਕਰਨ ਲਈ ਪ੍ਰੇਰਿਤ ਕਰਨ। ਰੈਲੀ ਦੀ ਰਵਾਨਗੀ ਤੋਂ ਪਹਿਲਾਂ ਸਾਰੇ ਭਾਗੀਦਾਰਾਂ ਨੂੰ ਆਵਾਜਾਈ ਨਿਯਮਾਂ, ਸੜਕ ਸੁਰੱਖਿਆ, ਅਨੁਸ਼ਾਸਿਤ ਢੰਗ ਨਾਲ ਮੋਟਰਸਾਈਕਲ ਚਲਾਉਣ ਅਤੇ ਲੋੜੀਂਦੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸ਼ੁਰੂਆਤੀ ਸਥਾਨ ’ਤੇ ਰਜਿਸਟ੍ਰੇਸ਼ਨ, ਜਾਣ-ਪਛਾਣ ਅਤੇ ਹਲਕੇ ਨਾਸ਼ਤੇ ਦਾ ਵੀ ਪ੍ਰਬੰਧ ਕੀਤਾ ਗਿਆ। ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਸਬੰਧਤ ਜ਼ਿਲ੍ਹਾ ਪ੍ਰਸ਼ਾਸਨਾਂ, ਆਵਾਜਾਈ ਪੁਲਿਸ ਅਤੇ ਹੋਰ ਵਿਭਾਗਾਂ ਨਾਲ ਲੋੜੀਂਦਾ ਤਾਲਮੇਲ ਕੀਤਾ ਗਿਆ ਤਾਂ ਜੋ ਰੈਲੀ ਦੀ ਸੁਰੱਖਿਅਤ ਅਤੇ ਸੁਚੱਜੀ ਆਵਾਜਾਈ ਯਕੀਨੀ ਬਣਾਈ ਜਾ ਸਕੇ। ਰਸਤੇ ਵਿੱਚ ਲੋੜ ਅਨੁਸਾਰ ਆਵਾਜਾਈ ਪ੍ਰਬੰਧ ਅਤੇ ਸੜਕ ਸੁਰੱਖਿਆ ਸਬੰਧੀ ਪ੍ਰਬੰਧ ਕੀਤੇ ਗਏ, ਜਦਕਿ ਆਮ ਆਵਾਜਾਈ ਨੂੰ ਬੇਲੋੜੀ ਪ੍ਰਭਾਵਿਤ ਹੋਣ ਤੋਂ ਬਚਾਇਆ ਗਿਆ। ਨੇਚਰ ਰਿਟ੍ਰੀਟ ਚੌਹਾਲ, ਹੁਸ਼ਿਆਰਪੁਰ ਵੱਲ ਰਵਾਨਾ ਹੋਈ ਇਸ ਮੋਟਰਸਾਈਕਲ ਰੈਲੀ ਨੇ ਵਿਸ਼ਵ ਸੈਰ-ਸਪਾਟਾ ਦਿਵਸ ਨੂੰ ਵਿਲੱਖਣ ਅਨੁਭਵ ਨਾਲ ਜੋੜਦਿਆਂ ਪੰਜਾਬ ਦੇ ਕੁਦਰਤੀ, ਵਾਤਾਵਰਣ-ਅਨੁਕੂਲ ਅਤੇ ਸਾਹਸੀ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ।