ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਬਾਲ ਪੁਸਤਕਾਂ ਲੋਕ ਅਰਪਣ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 16 ਅਗਸਤ:
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੰਵਾਦ ਸਾਹਿਤਕ ਮੰਚ ਚੰਡੀਗੜ੍ਹ ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਬਾਲ ਪੁਸਤਕਾਂ ਆਓ ਲਿਖੀਏ ਤਕਦੀਰ ਦੇਸ਼ ਦੀ (ਪੰਜਾਬੀ) ਅਤੇ ਨੰਨ੍ਹੇ ਮਨ ਦੀ ਬੜੀ ਸੀਖ (ਹਿੰਦੀ ਬਾਲ ਕਹਾਣੀਆਂ) ਲੋਕ ਅਰਪਣ ਕੀਤੀਆਂ ਗਈਆਂ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ ਕੇ.ਕੇ.ਸ਼ਾਰਦਾ, ਪ੍ਰਧਾਨ ਫਰੀਡਮ ਫਾਈਟਰ ਐਸੋਸੀਏਸ਼ਨ ਚੰਡੀਗੜ੍ਹ ਵਲੋਂ ਅਤੇ ਪ੍ਰੇਮ ਵਿੱਜ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ, ਰਾਜ ਕੁਮਾਰ ਸਾਹੋਵਾਲੀਆ, ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ, ਡਾ. ਵਿਨੋਦ ਸ਼ਰਮਾ ਪ੍ਰਸਿੱਧ ਪੱਤਰਕਾਰ ਤੇ ਸਾਹਿਤਕਾਰ ਦੀ ਸ਼ਾਮਲ ਸਨ।
ਪ੍ਰਧਾਨਗੀ ਮੰਡਲ ਵਲੋਂ ਲੇਖਕ ਦੀਆਂ ਦੋਵੇਂ ਬਾਲ-ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਰਾਜ ਕੁਮਾਰ ਸਾਹੋਵਾਲੀਆ ਅਤੇ ਡਾ. ਵਿਨੋਦ ਕੁਮਾਰ ਨੇ ਦੋਵਾਂ ਪੁਸਤਕਾਂ ‘ਤੇ ਪਰਚਾ ਪੇਸ਼ ਕੀਤਾ ਅਤੇ ਪੁਸਤਕਾਂ ਨੂੰ ਲਾਇਬ੍ਰੇਰੀਆਂ ਵਿੱਚ ਪਹੁੰਚਾਉਣ ਅਤੇ ਸਾਂਭਣ ਲਈ ਜ਼ੋਰ ਦਿੱਤਾ। ਟ੍ਰਾਈਸਿਟੀ ਦੇ ਨਾਮਵਰ ਕਵੀਆਂ ਅਤੇ ਸਾਹਿਤਕਾਰਾਂ ਦਰਸ਼ਨ ਤਿਊਣਾ, ਜਗਤਾਰ ਸਿੰਘ ਜੋਗ, ਬਲਵਿੰਦਰ ਸਿੰਘ ਢਿੱਲੋਂ, ਡਾ. ਪੰਨਾ ਲਾਲ ਮੁਸਤਫਾਬਾਦੀ, ਭੁਪਿੰਦਰ ਸਿੰਘ ਭਾਗੋਮਾਜਰੀਆ, ਰਤਨ ਬਾਬਕ ਵਾਲਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਮਨਦੀਪ ਕੌਰ ਸੋਹਲ, ਸਤਨਾਮ ਸਿੰਘ ਪ੍ਰੀਤ, ਪ੍ਰੇਮ ਵਿਜ, ਨੀਲਮ ਬਚਨ, ਤੇਜਾ ਸਿੰਘ ਥੂਹਾ, ਮਨਦੀਪ ਨੰਦਪੁਰੀ, ਕੇ.ਕੇ. ਸ਼ਾਰਦਾ, ਡਾ. ਸੰਗੀਤਾ ਸ਼ਰਮਾ ਕੁੰਦਰਾ ਗੀਤ, ਪ੍ਰੋ. ਕੇਵਲਜੀਤ ਕੰਵਲ, ਅਜਾਇਬ ਸਿੰਘ ਔਜਲਾ, ਤਰਲੋਚਨ ਪਬਲਿਸ਼ਰਜ਼, ਬਲਵਿੰਦਰ ਸਿੰਘ, ਰਾਜੇਸ਼ ਕੁਮਾਰ ਆਦਿ ਸ਼ਾਮਲ ਸਨ। ਮੰਚ ਸੰਚਾਲਨ ਦੀ ਕਾਰਵਾਈ ਡਾ. ਸੰਗੀਤਾ ਸ਼ਰਮਾ ਕੁੰਦਰਾ ਗੀਤ ਵਲੋਂ ਬਾਖੂਬੀ ਨਿਭਾਈ ਗਈ। ਸੁਭਾਸ਼ ਭਾਸਕਰ, ਕੇ.ਕੇ. ਸ਼ਾਰਦਾ ਪ੍ਰੇਮ ਵਿਜ ਨੇ ਪ੍ਰਿੰ. ਗੋਸਲ ਨੂੰ ਵਧਾਈ ਦਿੰਦੇ ਹੋਏ ਦੋਹਾਂ ਬਾਲ ਪੁਸਤਕਾਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਲਈ ਵਰਦਾਨ ਆਖਿਆ। ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਵਲੋਂ ਆਏ ਹੋਏ ਸਾਰੇ ਮਹਿਮਾਨਾਂ, ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।