ਨੈਸ਼ਨਲ ਡੈਂਟਲ ਕਮਿਸ਼ਨ ਅਤੇ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਮੋਹਾਲੀ ਵਿਖੇ ਦੰਦਾਂ ਦੀ ਸਿੱਖਿਆ ਵਿੱਚ ਸੁਧਾਰਾਂ ਸਬੰਧੀ ਦੋ ਰੋਜ਼ਾ ਪ੍ਰੋਗਰਾਮ
ਨਵ-ਨਿਯੁਕਤ ਡੈਂਟਲ ਸਿੱਖਿਆਕਾਰਾਂ ਲਈ ਸਮਰੱਥਾ ਨਿਰਮਾਣ ਵਰਕਸ਼ਾਪ 24 ਸਤੰਬਰ ਨੂੰ ਕਰਵਾਈ ਗਈ
ਦੰਦਾਂ ਦੀ ਸਿੱਖਿਆ ਵਿੱਚ ਸੁਧਾਰਾਂ ਸਬੰਧੀ ਖੇਤਰੀ ਹਿੱਤਧਾਰਕ ਸਲਾਹ-ਮਸ਼ਵਰਾ ਮੀਟਿੰਗ 25 ਸਤੰਬਰ ਨੂੰ ਹੋਈ
ਐਸ.ਏ.ਐਸ. ਨਗਰ (ਮੋਹਾਲੀ) (ਸਹਿਜਧਾਰਾ ਬਿਊਰੋ), 25 ਸਤੰਬਰ: ਪੰਜਾਬ ਸਰਕਾਰ ਦੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਨੈਸ਼ਨਲ ਡੈਂਟਲ ਕਮਿਸ਼ਨ (ਐਨ.ਡੀ.ਸੀ.) ਦੇ ਸਹਿਯੋਗ ਨਾਲ ਮੈਡੀਕਲ ਐਜੂਕੇਸ਼ਨ ਭਵਨ, ਸੈਕਟਰ-69, ਮੋਹਾਲੀ ਵਿਖੇ ਦੰਦਾਂ ਦੀ ਸਿੱਖਿਆ ਵਿੱਚ ਸਮਰੱਥਾ ਨਿਰਮਾਣ ਅਤੇ ਸੁਧਾਰਾਂ ’ਤੇ ਕੇਂਦਰਿਤ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ ਗਿਆ। ਇਸ ਤਹਿਤ 24 ਸਤੰਬਰ ਨੂੰ ਨਵ-ਨਿਯੁਕਤ ਡੈਂਟਲ ਸਿੱਖਿਆਕਾਰਾਂ ਲਈ ਸਮਰੱਥਾ ਨਿਰਮਾਣ ਵਰਕਸ਼ਾਪ ਅਤੇ 25 ਸਤੰਬਰ ਨੂੰ ਦੰਦਾਂ ਦੀ ਸਿੱਖਿਆ ਵਿੱਚ ਸੁਧਾਰਾਂ ਸਬੰਧੀ ਖੇਤਰੀ ਹਿੱਤਧਾਰਕ ਸਲਾਹ-ਮਸ਼ਵਰਾ ਮੀਟਿੰਗ ਕਰਵਾਈ ਗਈ। ਨਵ-ਨਿਯੁਕਤ ਡੈਂਟਲ ਸਿੱਖਿਆਕਾਰਾਂ ਲਈ ਸਮਰੱਥਾ ਨਿਰਮਾਣ ਵਰਕਸ਼ਾਪ ਪ੍ਰੋਗਰਾਮ ਦਾ ਪਹਿਲਾ ਦਿਨ ਪੰਜਾਬ ਦੇ ਸਰਕਾਰੀ ਡੈਂਟਲ ਕਾਲਜਾਂ ਵਿੱਚ ਨਵ-ਨਿਯੁਕਤ ਡੈਂਟਲ ਸਿੱਖਿਆਕਾਰਾਂ ਨੂੰ ਸਮਰਪਿਤ ਰਿਹਾ। ਡਾ. ਵਿਮਲ ਸਿਕਰੀ, ਸਾਬਕਾ ਪ੍ਰਿੰਸੀਪਲ, ਸਰਕਾਰੀ ਡੈਂਟਲ ਕਾਲਜ, ਅੰਮ੍ਰਿਤਸਰ ਨੇ ‘Professional Sanctity’ ਵਿਸ਼ੇ ’ਤੇ ਸੰਬੋਧਨ ਕਰਦਿਆਂ ਤਕਨੀਕੀ ਸੈਸ਼ਨਾਂ ਦੀ ਸ਼ੁਰੂਆਤ ਕੀਤੀ। ਭਾਰਤੀ ਖਿਡਾਰਨ ਅਤੇ ਪੈਰਾਲੰਪਿਕ ਕਮੇਟੀ ਆਫ਼ ਇੰਡੀਆ ਦੀ ਸਾਬਕਾ ਪ੍ਰਧਾਨ ਦੀਪਾ ਮਲਿਕ ਨੇ ਆਪਣੇ ਸੰਘਰਸ਼, ਦ੍ਰਿੜ੍ਹ ਇਰਾਦੇ ਅਤੇ ਉੱਤਮਤਾ ਦੀ ਯਾਤਰਾ ਸਾਂਝੀ ਕਰਦਿਆਂ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ।ਸ਼ੂਲਿਨੀ ਯੂਨੀਵਰਸਿਟੀ, ਸੋਲਨ ਦੇ ਪ੍ਰੋਫੈਸਰ ਆਫ਼ ਪ੍ਰੈਕਟਿਸ ਕਰਨਲ ਡੀ.ਐਸ. ਚੀਮਾ ਨੇ ‘Personal Development for Organizational Excellence’ ਵਿਸ਼ੇ ’ਤੇ, ਜਦਕਿ ਸਾਬਕਾ ਆਈ.ਏ.ਐਸ. ਅਧਿਕਾਰੀ, TEDx ਸਪੀਕਰ, ਲੇਖਕ ਅਤੇ ਮੈਂਟਰ ਵਿਵੇਕ ਅਤਰੇ ਨੇ ‘Emotional Intelligence for Professionals’ ਵਿਸ਼ੇ ’ਤੇ ਸੰਬੋਧਨ ਕੀਤਾ।

ਪਹਿਲੇ ਦਿਨ ਦੇ ਪ੍ਰੋਗਰਾਮ ਦਾ ਸਮਾਪਨ ਜੀ.ਜੀ.ਐਸ. ਇੰਦਰਪ੍ਰਸਥ ਯੂਨੀਵਰਸਿਟੀ, ਨਵੀਂ ਦਿੱਲੀ ਦੇ ਵਾਈਸ ਚਾਂਸਲਰ ਡਾ. ਮਹੇਸ਼ ਵਰਮਾ ਵੱਲੋਂ ‘Faculty 360 Degree: 10 Commandments for Excellence’ ਵਿਸ਼ੇ ’ਤੇ ਕਰਵਾਏ ਗਏ ਸੈਸ਼ਨ ਨਾਲ ਹੋਇਆ। ਦੰਦਾਂ ਦੀ ਸਿੱਖਿਆ ਵਿੱਚ ਸੁਧਾਰਾਂ ਸਬੰਧੀ ਖੇਤਰੀ ਹਿੱਤਧਾਰਕ ਸਲਾਹ-ਮਸ਼ਵਰਾ ਮੀਟਿੰਗ ਦੂਜੇ ਦਿਨ ਕਰਵਾਈ ਗਈ ਖੇਤਰੀ ਸਲਾਹ-ਮਸ਼ਵਰਾ ਮੀਟਿੰਗ ਵਿੱਚ ਨੈਸ਼ਨਲ ਡੈਂਟਲ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ, ਡੈਂਟਲ ਸਿੱਖਿਆ ਮਾਹਿਰਾਂ ਅਤੇ ਵੱਖ-ਵੱਖ ਰਾਜਾਂ ਦੇ ਹਿੱਤਧਾਰਕਾਂ ਨੇ ਭਾਗ ਲਿਆ। ਮੀਟਿੰਗ ਦਾ ਉਦਘਾਟਨ ਡਾ. ਸੰਜੇ ਤਿਵਾਰੀ, ਚੇਅਰਪਰਸਨ, ਐਨ.ਡੀ.ਸੀ.; ਡਾ. ਚੰਦਰਸ਼ੇਖਰ ਜਾਨਕੀਰਮਨ, ਪ੍ਰਧਾਨ, ਯੂ.ਜੀ.-ਪੀ.ਜੀ. ਡੈਂਟਲ ਐਜੂਕੇਸ਼ਨ ਬੋਰਡ; ਲੈਫਟੀਨੈਂਟ ਜਨਰਲ (ਸੇਵਾਮੁਕਤ) ਡਾ. ਨੰਦਾ ਕਿਸ਼ੋਰ ਸਾਹੂ, ਪ੍ਰਧਾਨ, ਡੈਂਟਲ ਅਸੈਸਮੈਂਟ ਐਂਡ ਰੇਟਿੰਗ ਬੋਰਡ; ਅਤੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਡਾ. ਤਪਸ ਕੁਮਾਰ ਬੰਦੋਪਾਧਿਆਏ, ਵ੍ਹੋਲ ਟਾਈਮ ਮੈਂਬਰ, ਐਥਿਕਸ ਐਂਡ ਡੈਂਟਲ ਰਜਿਸਟ੍ਰੇਸ਼ਨ ਬੋਰਡ, ਵੱਲੋਂ ਡਾ. ਅਵਨੀਸ਼ ਕੁਮਾਰ, ਡਾਇਰੈਕਟਰ, ਰਿਸਰਚ ਐਂਡ ਮੈਡੀਕਲ ਐਜੂਕੇਸ਼ਨ, ਪੰਜਾਬ ਦੀ ਮੌਜੂਦਗੀ ਵਿੱਚ ਕੀਤਾ ਗਿਆ।

ਇਸ ਮੌਕੇ ਪੰਜਾਬ ਡੈਂਟਲ ਕੌਂਸਲ ਦੇ ਕਾਗਜ਼-ਰਹਿਤ ਰਜਿਸਟ੍ਰੇਸ਼ਨ ਅਤੇ ਰੀਨਿਊਅਲ ਲਈ ਆਨਲਾਈਨ ਪੋਰਟਲ ਵੀ ਲਾਂਚ ਕੀਤਾ ਗਿਆ। ਇਸ ਪੋਰਟਲ ਰਾਹੀਂ ਡੈਂਟਲ ਪੇਸ਼ੇਵਰ ਆਪਣੀ ਰਜਿਸਟ੍ਰੇਸ਼ਨ ਅਤੇ ਇਸ ਦੇ ਨਵੀਨੀਕਰਨ ਲਈ ਆਨਲਾਈਨ ਅਰਜ਼ੀ ਦੇ ਸਕਣਗੇ, ਜਿਸ ਨਾਲ ਕਾਗਜ਼ੀ ਕਾਰਵਾਈ ਅਤੇ ਕੌਂਸਲ ਦੇ ਦਫ਼ਤਰ ਵਿੱਚ ਨਿੱਜੀ ਤੌਰ ’ਤੇ ਜਾਣ ਦੀ ਲੋੜ ਘਟੇਗੀ। ਪ੍ਰੋਗਰਾਮ ਦੌਰਾਨ ਪੰਜਾਬ ਦੇ ਸਰਕਾਰੀ ਡੈਂਟਲ ਕਾਲਜਾਂ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਪੇਸ਼ਕਾਰੀ ਵੀ ਦਿੱਤੀ ਗਈ ਅਤੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਮੀਟਿੰਗ ਵਿੱਚ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਉੱਤਰਾਖੰਡ ਦੇ ਲਗਭਗ 40 ਡੈਂਟਲ ਸੰਸਥਾਵਾਂ ਦੇ ਪ੍ਰਿੰਸੀਪਲਾਂ ਤੋਂ ਇਲਾਵਾ ਸਰਕਾਰੀ ਡੈਂਟਲ ਕਾਲਜ, ਅੰਮ੍ਰਿਤਸਰ ਅਤੇ ਪਟਿਆਲਾ ਦੇ ਲਗਭਗ 50 ਪ੍ਰੋਫੈਸਰਾਂ, ਐਸੋਸੀਏਟ ਪ੍ਰੋਫੈਸਰਾਂ ਅਤੇ ਅਸਿਸਟੈਂਟ ਪ੍ਰੋਫੈਸਰਾਂ ਨੇ ਭਾਗ ਲਿਆ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੰਜੇ ਤਿਵਾਰੀ ਨੇ ਦੇਸ਼ ਵਿੱਚ ਡੈਂਟਲ ਸਿੱਖਿਆ ਨੂੰ ਹੋਰ ਮਜ਼ਬੂਤ ਅਤੇ ਸੁਧਾਰਨ ਪ੍ਰਤੀ ਨੈਸ਼ਨਲ ਡੈਂਟਲ ਕਮਿਸ਼ਨ ਦੀ ਵਚਨਬੱਧਤਾ ਬਾਰੇ ਜਾਣਕਾਰੀ ਦਿੱਤੀ। ਡਾ. ਚੰਦਰਸ਼ੇਖਰ ਜਾਨਕੀਰਮਨ ਨੇ ‘NDC Act, 2023 – Vision, Structure and Roadmap for Reforms’ ਵਿਸ਼ੇ ’ਤੇ ਪੇਸ਼ਕਾਰੀ ਦਿੱਤੀ। ਲੈਫਟੀਨੈਂਟ ਜਨਰਲ (ਸੇਵਾਮੁਕਤ) ਡਾ. ਨੰਦਾ ਕਿਸ਼ੋਰ ਸਾਹੂ ਅਤੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਡਾ. ਤਪਸ ਕੁਮਾਰ ਬੰਦੋਪਾਧਿਆਏ ਨੇ ਕ੍ਰਮਵਾਰ ਸੰਸਥਾਗਤ ਮੁਲਾਂਕਣ ਤੇ ਰੇਟਿੰਗ ਅਤੇ ਪੇਸ਼ੇਵਰ ਨੈਤਿਕਤਾ ਤੇ ਡੈਂਟਲ ਰਜਿਸਟ੍ਰੇਸ਼ਨ ਸਬੰਧੀ ਸੰਬੋਧਨ ਕੀਤਾ। ਇਸ ਤੋਂ ਬਾਅਦ ਹੋਈ ਓਪਨ ਹਾਊਸ ਵਿਚਾਰ-ਚਰਚਾ ਦੌਰਾਨ ਪ੍ਰਿੰਸੀਪਲਾਂ ਅਤੇ ਹੋਰ ਹਿੱਤਧਾਰਕਾਂ ਨੇ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਡੈਂਟਲ ਸਿੱਖਿਆ, ਪੇਸ਼ੇਵਰ ਨੈਤਿਕਤਾ ਅਤੇ ਰਜਿਸਟ੍ਰੇਸ਼ਨ, ਸੰਸਥਾਗਤ ਮੁਲਾਂਕਣ ਤੇ ਰੇਟਿੰਗ, ਰੈਗੂਲੇਟਰੀ ਸੁਧਾਰਾਂ, ਮੈਨਪਾਵਰ ਯੋਜਨਾਬੰਦੀ ਅਤੇ ਓਰਲ ਹੈਲਥਕੇਅਰ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਸੁਝਾਅ ਸਾਂਝੇ ਕੀਤੇ। ਖੇਤਰੀ ਸਲਾਹ-ਮਸ਼ਵਰੇ ਤੋਂ ਪ੍ਰਾਪਤ ਸਿਫ਼ਾਰਸ਼ਾਂ ਨੂੰ ਇਕੱਠਾ ਕਰਕੇ ਭਵਿੱਖ ਦੀ ਨੀਤੀ ਬਣਾਉਣ, ਪਾਠਕ੍ਰਮ ਸੁਧਾਰਾਂ ਅਤੇ ਡੈਂਟਲ ਸਿੱਖਿਆ ਤੇ ਓਰਲ ਹੈਲਥਕੇਅਰ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਰਣਨੀਤਕ ਪਹਿਲਕਦਮੀਆਂ ਵਾਸਤੇ ਨੈਸ਼ਨਲ ਡੈਂਟਲ ਕਮਿਸ਼ਨ ਅੱਗੇ ਵਿਚਾਰ ਲਈ ਰੱਖਿਆ ਜਾਵੇਗਾ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਪੁਨੀਤ ਗਿਰਧਰ, ਜੁਆਇੰਟ ਡਾਇਰੈਕਟਰ, ਮੈਡੀਕਲ ਐਜੂਕੇਸ਼ਨ, ਪੰਜਾਬ ਅਤੇ ਰਜਿਸਟਰਾਰ, ਪੰਜਾਬ ਡੈਂਟਲ ਕੌਂਸਲ ਵੱਲੋਂ ਧੰਨਵਾਦੀ ਮਤਾ ਪੇਸ਼ ਕੀਤਾ ਗਿਆ ਅਤੇ ਸਮਾਪਤੀ ਟਿੱਪਣੀਆਂ ਕੀਤੀਆਂ ਗਈਆਂ।